
ਅੰਮ੍ਰਿਤਸਰ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਘਟਨਾਂ ਅੱਜ ਕੋਟਕਪੁਰਾ ਚੌਂਕ ਅਤੇ ਹੋਰ ਥਾਵਾਂ ‘ਤੇ ਵਾਪਰੀ ਹੈ, ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ।ਇਸ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸਿੱਖ ਸੰਗਤਾਂ ਦੇ ਹਿਰਦੇ ਵੰਲੂਧਰੇ ਗਏ ਹਨ।ਪੁਲਿਸ ਪ੍ਰਸ਼ਾਸ਼ਨ ਨੇ ਆਪਣੀ ਜਿੰਮੇਵਾਰੀ ਠੀਕ ਢੰਗ ਨਾਲ ਨਹੀਂ ਨਿਭਾਈ, ਸਗੋਂ ਆਪਣੀ ਮਨਮਰਜ਼ੀ ਕੀਤੀ ਹੈ, ਜਿਸ ਕਾਰਨ ਹਲਾਤਾਂ ਵਿਚ ਤਨਾਅ ਪੈਦਾ ਹੋਇਆ ਹੈ।
ਗਿਆਨੀ ਗੁਰਬਚਨ ਸਿੰਘ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਬੁਰਜ ਜਵਾਹਰ ਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਣ ਬਾਰੇ ਸੰਗਤਾਂ ਵੱਲੋਂ ਸੂਚਨਾ ਦਿੱਤੀ ਗਈ ਸੀ, ਜੇਕਰ ਪ੍ਰਸ਼ਾਸ਼ਨ ਇਸ ਘਟਨਾ ਨੂੰ ਗੰਭੀਰਤਾ ਨਾਲ ਲੈ ਕੇ ਤਫਤੀਸ਼ ਕਰਦਾ ਤਾਂ ਅੱਜ ਇਹ ਘਟਨਾ ਨਹੀਂ ਸੀ ਵਾਪਰਨੀ।ਉਨਾਂ ਕਿਹਾ ਕਿ ਜਿੰਨੀ ਦੇਰ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਦੇ ਕਟਿਹਰੇ ਵਿਚ ਖੜਾ ਨਹੀਂ ਕੀਤਾ ਜਾਂਦਾ, ਓਨੀ ਦੇਰ ਤੱਕ ਸਿੱਖ ਸੰਗਤਾਂ ਦੇ ਹਿਰਦੇ ਸ਼ਾਂਤ ਨਹੀਂ ਹੋਣਗੇ।ਸਮੁੱਚੀਆਂ ਸਿੱਖ ਸੰਗਤਾਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਨਾਜ਼ੁਕ ਸਮੇਂ ਵਿਚ ਅਮਨ ਸ਼ਾਂਤੀ ਬਣਾਈ ਰੱਖਣ, ਪ੍ਰਸ਼ਾਸ਼ਨ ਵੀ ਇਸ ਮੌਕੇ ਸੰਜ਼ਮ ਤੋਂ ਕੰਮ ਲਵੇ ਅਤੇ ਸਰਕਾਰ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਸ਼ਾਸ਼ਨ ਨੂੰ ਤਾੜਨਾ ਕਰੇ ਕਿ ਇਸ ਘਟਨਾ ਦੇ ਦੋਸ਼ੀ ਜਲਦ ਤੋਂ ਜਲਦ ਪਕੜੇ। ਜਥੇਦਾਰ ਸ੍ਰੀ ਅਕਾਲ ਤਖਤ ਨੇ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਸਰਕਾਰ ਕਾਨੂੰਨ ਦੀ ਧਾਰਾ ਨੂੰ ਤਬਦੀਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਉਪਰ ਸਖ਼ਤ ਕਾਰਵਾਈ ਕਰਨ ਨੂੰ ਯਕੀਨੀ ਬਣਾਵੇ, ਕਿਉਂਕਿ ਸੰਗਤਾਂ ਆਪਣੇ ਗੁਰੂ ਦੀ ਬੇਅਦਬੀ ਹੋਣ ਕਾਰਨ ਸ਼ਾਂਤਮਈ ਸੰਘਰਸ਼ ਕਰ ਰਹੀਆਂ ਸਨ।ਪ੍ਰਸ਼ਾਸ਼ਨ ਵੱਲੋਂ ਸਿੱਖ ਸੰਗਤਾਂ ਉਪਰ ਲਾਠੀਚਾਰਜ ਕਰਕੇ, ਗੋਲੀ ਚਲਾ ਕੇ ਆਪਣੇ ਗੁਰੂ ਸਬੰਧੀ ਸੰਘਰਸ਼ ਕਰਨ ਤੋਂ ਰੋਕ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media