ਕੀਰਤਨ ਸਾਡੀ ਆਤਮਿਕ ਖੁਰਾਕ ਹੈ -ਭਾਈ ਗੁਰਇਕਬਾਲ ਸਿੰਘ

ਅੰਮ੍ਰਿਤਸਰ, 15 ਅਕਤੂਬਰ (ਜਗਦੀਪ ਸਿੰਘ ਸੱਗੁ) ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਦੇ ਮੁੱਖੀ ਅਤੇ ਪ੍ਰਸਿੱਧ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਵੱਲੋਂ ਹਰ ਹਫਤੇ ਸਿਵਲ ਲਾਈਨ ਏਰੀਆ ਵਿੱਚ 1990 ਤੋਂ ਜੋ ਨਿਰੰਤਰ ਹਫਤਾਵਾਰੀ ਕੀਰਤਨ ਦੇ ਦੀਵਾਨ ਸਜਾਏ ਜਾਂਦੇ ਹਨ, ਉਹਨਾਂ ਸਮਾਗਮਾਂ ਦੇ 25 ਸਾਲ ਪੁਰੇ ਹੋਣ ‘ਤੇ ਸ਼ੁਕਰਾਨੇ ਵਜੋ ਗਰੀਨ ਐਵੀਨਿਉ ਡਾ. ਬਲਦੇਵ ਪ੍ਰਕਾਸ਼ ਪਾਰਕ ਵਿੱਚ ਸੰਗਤ ਰੂਪੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ।ਸਮਾਗਮ ਵਿੱਚ ਅੰਮ੍ਰਿਤਸਰ ਤੇ ਆਸ-ਪਾਸ ਦੇ ਪਿੰਡਾਂ ਤੋਂ ਇਲਾਵਾ ਯੂ.ਪੀ, ਮਹਾਂਰਾਸ਼ਟਰ, ਮੱਧ ਪ੍ਰਦੇਸ਼ ਤੇ ਅਮਰੀਕਾ ਤੋਂ ਵੀ ਸੰਗਤਾਂ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ।ਪਾਠ ਦੀ ਸਮਾਪਤੀ ‘ਤੇ ਭਾਈ ਗੁਰਇਕਬਾਲ ਸਿੰਘ ਨੇ ਕੀਰਤਨ ਦੀ ਝੜੀ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸਾਹਿਬ ਨੇ ਪ੍ਰੇਰਨਾ ਦਿੱਤੀ ਕਿ ਸਮਾਂ ਬੜੀ ਜਲਦੀ ਨਾਲ ਬਤੀਤ ਹੋ ਰਿਹਾ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਨਿਤਨੇਮ, ਸੇਵਾ ਸਿਮਰਨ ਅਤੇ ਨਾਮ ਬਾਣੀ ਨਾਲ ਜੁੜਨਾ ਚਾਹੀਦਾ ਹੈ। ਉਨਾਂ ਦੱਸਿਆ ਕਿ 25 ਸਾਲ ਤੋਂ ਸਮਾਗਮਾਂ ਦੀ ਦੇਖ-ਰੇਖ ਤੇ ਸਟੇਜ ਦੀ ਸੇਵਾ ਭਾਈ ਜਸਵਿੰਦਰ ਸਿੰਘ ਜੀ ਬਾਖੂਬੀ ਨਿਭਾਅ ਰਹੇ ਹਨ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗਰੀਨ ਐਵੀਨਿਉ, ਸੰਗਤ ਭਾਈ ਵੀਰ ਸਿੰਘ ਜੀ ਨਿਵਾਸ ਅਸਥਾਨ ਅਤੇ ਗਰੀਨ ਐਵੀਨਿਉ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਭਰਪੂਰ ਸਹਿਯੋਗ ਰਿਹਾ।ਇਸ ਮੌਕੇ ਭਾਈ ਸਾਹਿਬ ਵੱਲੋ ਬਾਹਰੋਂ ਆਈਆਂ ਸੰਗਤਾਂ ਨੂੰ ਸਿਰਪਾਓੁ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਭਲਾਈ ਕੇਂਦਰ ਦੇ ਸਮੂੰਹ ਕੀਰਤਨੀ ਜੱਥਿਆਂ ਤੋਂ ਇਲਾਵਾ ਸ੍ਰ. ਕੁਲਬੀਰ ਸਿੰਘ, ਸੁਖਰਾਜ ਕੌਰ, ਤਜਿੰਦਰ ਸਿੰਘ ਬੱਬੂ, ਹਰਵਿੰਦਰ ਸਿੰਘ ਸੰਧੂ, ਭਜਨ ਕੌਰ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ।
Punjab Post Daily Online Newspaper & Print Media