
ਪੱਟੀ, 18 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਬੀਤੇ ਦਿਨਾਂ ਤੋਂ ਸਮੁਚੇ ਪੰਜਾਬ ਵਿੱਚ ਸਿੱਖ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਜੋਂ ਪੱਟੀ ਸ਼ਹਿਰ ਅੱਜ ਤੀਸਰੇ ਦਿਨ ਵੀ ਬੰਦ ਰਿਹਾ।ਅਜ ਸਵੇਰ ਸਮੇਂ ਕੁਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਖੋਲੀਆਂ ਹੀ ਗਈਆਂ ਸਨ ਤਾਂ ਕੁੱਝ ਸਿਖ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਇਕਤਰ ਹੋ ਕੇ ਸ਼ਹਿਰਵਾਸੀਆਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕਰਦਿਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ। ਅੱਜ ਵੀ ਕਈ ਵਾਰ ਦੁਕਾਨਦਾਰ ਦੁਕਾਨਾਂ ਖੋਲ ਲੈਂਦੇ ਤਾਂ ਪ੍ਰਦਰਸ਼ਨਕਾਰੀ ਜੋ ਨੰਗੀਆਂ ਤਲਵਾਰਾਂ ਆਦਿ ਲੈ ਕੇ ਆਉਂਦੇ ਤਾਂ ਦੁਕਾਨਾਂ ਫਿਰ ਬੰਦ ਕਰਵਾ ਜਾਂਦੇ। ਕਈ ਬਜਾਰਾਂ ਵਿੱਚ ਤਾਂ ਦੁਕਾਨਦਾਰਾਂ ਤੇ ਦੁਕਾਨਾਂ ਬੰਦ ਕਰਵਾਉਣ ਵਾਲਿਆਂ ਵਿੱਚ ਤਕਰਾਰ ਵੀ ਹੋਈ।ਇਸ ਮੌਕੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਪੱਟੀ ਸ਼ਹਿਰ ਵਿੱਚ ਪੁਲੀਸ ਨਜਰ ਨਹੀਂ ਆ ਰਹੀ ਜੋ ਸ਼ਹਿਰ ਵਿੱਚ ਅਮਨ-ਕਾਨੂੰਨ ਬਣਾਏ ਰਖਣ ਲਈ ਜਿੰਮੇਵਾਰ ਹੈ। ਇਸ ਸਬੰਧੀ ਐਸ.ਐਚ.ਓ ਪੱਟੀ ਰਾਜਵਿੰਦਰ ਕੌਰ ਬਾਜਵਾ ਨਾਲ ਸਪੰਰਕ ਕੀਤਾ ਤਾਂ ਉਨਾਂ ਕਿਹਾ ਕਿ ਪੁਲੀਸ ਥਾਣਾ ਪੱਟੀ ਦੀ ਪੁਲੀਸ ਇਲਾਕੇ ਦੀ ਹਰ ਸਥਿਤੀ ‘ਤੇ ਨਜਰ ਰੱਖ ਰਹੀ ਹੈ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਿਬਟਣ ਲਈ ਤਿਆਰ ਹੈ। ਸ਼ਹਿਰ ਵਿੱਚ ਉਹ ਖੁਦ ਗਸ਼ਤ ਲਗਾ ਰਹੇ ਹਨ।ਇਸ ਮੌਕੇ ਉਨਾਂ ਇਲਾਕਾ ਵਾਸੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ।
Punjab Post Daily Online Newspaper & Print Media