Thursday, October 29, 2026

ਮੁਅੱਤਲਸ਼ੁਦਾ ਮੁਲਾਜ਼ਮਾਂ ਵਲੋਂ ਆਦੇਸ਼, ਸੰਦੇਸ਼, ਹੁਕਮਨਾਮਾ ਜਾਰੀ ਕਰਨ ਦੀ ਕੋਈ ਵਿਵਸਥਾ ਨਹੀਂ ਜਥੇ: ਅਵਤਾਰ ਸਿੰਘ

ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ 26 ਅਕਤੂਬਰ ਨੂੰ ਸੱਦੀ

PPN2310201518

ਅੰਮ੍ਰਿਤਸਰ, 23 ਅਕਤੂਬਰ ( ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਅੱਤਲਸ਼ੁਦਾ ਪੰਜ ਪਿਆਰਿਆਂ ਵੱਲੋਂ ਸ਼ੋ੍ਰਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਤਖ਼ਤ ਸਾਹਿਬਾਨ ਦੇ ਸਿੰਘ ਸਾਹਿਬਾਨ ਦੀਆਂ ਸੇਵਾਵਾਂ ਨੂੰ ਖਤਮ ਕਰਨ ਦੇ ਦਿੱਤੇ ਆਦੇਸ਼ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।ਉਨ੍ਹਾਂ ਸ਼ੋ੍ਰਮਣੀ ਕਮੇਟੀ ਦੇ ਇਕੱਤਰਤਾ ਘਰ ਵਿੱਚ ਚੌਣਵੇਂ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਪੰਜ ਪਿਆਰਿਆਂ ਦੇ ਅਧਿਕਾਰ ਵਿੱਚ ਕੋਈ ਵੀ ਹੁਕਮਨਾਮਾ, ਆਦੇਸ਼, ਸੰਦੇਸ਼ ਜਾਂ ਫੁਰਮਾਨ ਕਰਨ ਦੀ ਵਿਵਸਥਾ ਨਹੀਂ ਹੈ।ਇਸ ਲਈ ਸ਼ੋ੍ਰਮਣੀ ਕਮੇਟੀ ਉਨ੍ਹਾਂ ਦੇ ਫੈਸਲੇ ਨੂੰ ਮੂਲ ਰੂਪ ਵਿੱਚ ਰੱਦ ਕਰਦੀ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਹੁਕਮਨਾਮਾ ਜਾਰੀ ਕਰਨ ਦੇ ਅਧਿਕਾਰ ਕੇਵਲ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਪਾਸ ਹੀ ਹਨ ਅਤੇ ਉਹ ਹੀ ਕੌਮ ਦੇ ਨਾਂਅ ਤੇ ਕੋਈ ਵੀ ਆਦੇਸ਼, ਸੰਦੇਸ਼, ਹੁਕਮਨਾਮਾ ਜਾਂ ਫੁਰਮਾਨ ਜਾਰੀ ਕਰ ਸਕਦੇ ਹਨ।ਪਰ ਪੰਜ ਪਿਆਰਿਆਂ ਨੇ ਸਿੱਖ ਪੰਥ ਦੀਆਂ ਇਨ੍ਹਾਂ ਪ੍ਰੰਪਰਾਵਾਂ ਨੂੰ ਅੱਖੋਂ-ਪਰੋਖੇ ਕਰਦੇ ਹੋਏ ਮਨਮੱਤੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਇਨ੍ਹਾਂ ਪੰਜ ਪਿਆਰਿਆਂ ਨੇ ਜਦੋਂ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਤਲਬ ਕਰਨ ਦੀ ਆਪਹੁਦਰੀ ਕਾਰਵਾਈ ਕੀਤੀ ਸੀ।ਇਸ ਤੇ ਚੱਲਦਿਆਂ ਸ਼ੋ੍ਰਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਕੋਲ ਮੁਅੱਤਲ ਕਰਨ ਬਾਅਦ ਕੋਈ ਅਹੁੱਦਾ ਨਹੀਂ ਰਿਹਾ ਤੇ ਹੁਣ ਉਹ ਮੁਅੱਤਲਸ਼ੁਦਾ ਕਰਮਚਾਰੀ ਹੀ ਮੰਨੇ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਮੁਅੱਤਲਸ਼ੁਦਾ ਕਰਮਚਾਰੀ ਕੋਲ ਕੋਈ ਵੀ ਕੰਮ ਕਰਨ ਦਾ ਅਧਿਕਾਰ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਮੌਜੂਦਾ ਪੰਥਕ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਸ਼ੋ੍ਰਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ 26 ਅਕਤੂਬਰ 2015 ਨੂੰ ਸਬ-ਆਫਿਸ ਚੰਡੀਗੜ੍ਹ ਵਿਖੇ ਦੁਪਹਿਰ ਇਕ ਵਜੇ ਬੁਲਾ ਲਈ ਗਈ ਹੈ ਤੇ ਇਸ ਇਕੱਤਰਤਾ ਵਿੱਚ ਮੁਅੱਤਲਸ਼ੁਦਾ ਪੰਜ ਪਿਆਰਿਆਂ ਵੱਲੋਂ ਪੈਦਾ ਕੀਤੇ ਗਏ ਮੌਜੂਦਾ ਪੰਥਕ ਹਾਲਾਤਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ।ਇਸ ਮੌਕੇ ਸ: ਦਿਆਲ ਸਿੰਘ ਕੋਲਿਆਂਵਾਲੀ ਮੈਂਬਰ ਅੰਤ੍ਰਿੰਗ ਕਮੇਟੀ, ਸ: ਹਰਚਰਨ ਸਿੰਘ ਮੁੱਖ ਸਕੱਤਰ ਮੌਜੂਦ ਸਨ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …

Leave a Reply