ਅੰਮ੍ਰਿਤਸਰ, 31 ਅਕਤੂਬਰ (ਗੁਰਚਰਨ ਸਿੰਘ) – ਪੰਜਾਬ ਸਰਕਾਰ ਵੱਲੋਂ ਹਾੜੀ 2015-16 ਦੌਰਾਨ ਕਣਕ ਦੇ ਤਸਦੀਕਸ਼ੁਦਾ ਬੀਜ ਦੀ ਵੰਡ ਪ੍ਰਣਾਲੀ ਵਿਚ ਪਾਰਦਰਸ਼ਤਾ ਲਿਆਉਣ ਦੇ ਮਕਸਦ ਨਾਲ ਖੇਤੀਬਾੜੀ ਵਿਭਾਗ ਵੱਲੋਂ ਸਥਾਨਕ ਖੇਤੀ ਭਵਨ ਵਿਖੇ ਅੱਜ ਬੀਜ ਮੇਲਾ ਲਗਾਇਆ ਗਿਆ, ਜਿਸ ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਵਾਰ ਕਣਕ ਦੇ ਬੀਜ ਦੀ ਬਣਦੀ ਸਬਸਿਡੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਸਿੱਧੀ ਜਮ੍ਹਾਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੀਜ ਦੀ ਵੰਡ ਲਈ ਬਲਾਕ ਵੇਰਕਾ ਅਤੇ ਮਜੀਠਾ ਵਿਖੇ ਵੀ ਅੱਜ ਸਬੰਧਤ ਐਸ. ਡੀ. ਐਮਜ਼ ਦੀ ਨਿਗਰਾਨੀ ਹੇਠ ਕਿਸਾਨ ਮੇਲੇ ਲਗਾਏ ਗਏ ਹਨ ਜਿਥੇ 5 ਨਵੰਬਰ ਤੇ 10 ਨਵੰਬਰ ਨੂੰ ਵੀ ਬੀਜ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜੰਡਿਆਲਾ ਗੁਰੂ ਅਤੇ ਅਟਾਰੀ ਵਿਖੇ 1 ਅਤੇ 13 ਨਵੰਬਰ, ਬਲਾਕ ਅਜਨਾਲਾ ਅਤੇ ਚੋਗਾਵਾਂ ਵਿਖੇ 2, 7 ਅਤੇ 14 ਨਵੰਬਰ, ਬਲਾਕ ਹਰਸ਼ਾ ਛੀਨਾ ਅਤੇ ਤਰਸਿੱਕਾ ਵਿਖੇ 3, 8 ਅਤੇ 14 ਨਵੰਬਰ, ਬਲਾਕ ਰਈਆ ਵਿਖੇ 4, 9, ਅਤੇ 16 ਨਵੰਬਰ ਨੂੰ ਕਿਸਾਨ ਮੇਲੇ ਲਗਾ ਕੇ ਬੀਜ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਹ ਖੁੱਲ੍ਹ ਹੋਵੇਗੀ ਕਿ ਉਹ ਬੀਜ ਉਤਪਾਦਕਾਂ ਦੇ ਸਟਾਲਾਂ ਤੋਂ ਆਪਣੀ ਮਰਜ਼ੀ ਅਨੁਸਾਰ ਤਸਦੀਕਸ਼ੁਦਾ ਕਣਕ ਦਾ ਬੀਜ ਲੈ ਸਕਣ।
ਸ੍ਰੀ ਭਗਤ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਵਿਚ 32000 ਕੁਇੰਟਲ ਬੀਜ ਸਬਸਿਡੀ ‘ਤੇ ਦੇਣ ਦਾ ਟੀਚਾ ਹੈ ਅਤੇ ਹੁਣ ਤੱਕ 22846 ਕੁਇੰਟਲ ਬੀਜ ਲਈ 16562 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਮੌਕੇ ਉਨ੍ਹਾਂ ਬੀਜਾਂ ਦੀ ਕੁਆਲਿਟੀ ਚੈਕ ਕੀਤੀ ਅਤੇ ਬੀਜ ਲੈਣ ਲਈ ਆਏ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਬੀਜ ਉਤਪਾਦਕ 3 ਪਰਤਾਂ ਵਿਚ ਬਿੱਲ ਜਾਰੀ ਕਰਨਗੇ, ਜਿਸ ਦੀਆਂ 2 ਪਰਤਾਂ ਕਿਸਾਨਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਕਿਸਾਨ ਇਨ੍ਹਾਂ ਵਿਚੋਂ ਇਕ ਪਰਤ ਸਬੰਧਤ ਖੇਤੀਬਾੜੀ ਦਫ਼ਤਰ ਵਿਖੇ ਜਮ੍ਹਾਂ ਕਰਵਾਏਗਾ। ਖੇਤੀਬਾੜੀ ਅਫ਼ਸਰ ਬਿੱਲ ਨੂੰ ਤਸਦੀਕ ਕਰਨ ਉਪਰੰਤ ਕਿਸਾਨਾਂ ਨੂੰ ਉਸ ਦੀ ਬਣਦੀ ਸਬਸਿਡੀ 15 ਦਿਨਾਂ ਦੇ ਅੰਦਰ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾਉਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦਾ ਬੀਜ, ਬੀਜ ਸੋਧ ਦਵਾਈ ਨਾਲ ਸੋਧਣ ਤੋਂ ਬਾਅਦ ਹੀ ਬੀਜਣ ਤਾਂ ਜੋ ਬਿਮਾਰੀਆਂ ਦੇ ਹਮਲੇ ਤੋਂ ਬਚਿਆ ਜਾ ਸਕੇ।
ਇਸ ਦੌਰਾਨ ਪਨਸੀਡ, ਐਲ. ਐਸ. ਸੀ, ਪੰਜਾਬ ਖੇਤੀਬਾੜੀ ਯੂੁਨੀਵਰਸਿਟੀ ਲੁਧਿਆਣਾ ਅਤੇ ਵੱਖ-ਵੱਖ ਰਜਿਸਟਰਡ ਬੀਜ ਉਤਪਾਦਕਾਂ ਵੱਲੋਂ ਬੀਜਾਂ ਦੇ ਸਟਾਲ ਲਗਾਏ ਗਏ। ਖੇਤੀਬਾੜੀ ਵਿਭਾਗ ਵੇਰਕਾ ਬਲਾਕ ਵੱਲੋਂ ਜਾਰੀ ਕੀਤੇ ਗਏ ਪਰਮਿਟਾਂ ‘ਤੇ ਕਿਸਾਨਾਂ ਵੱਲੋਂ ਬੀਜ ਪ੍ਰਾਪਤ ਕੀਤਾ ਗਿਆ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਿੰਦਰ ਸਿੰਘ ਮੋਮੀ, ਜ਼ਿਲ੍ਹਾ ਪਸਾਰ ਮਾਹਿਰ ਡਾ ਪਰਮਜੀਤ ਸਿੰਘ, ਸਹਾਹਿਕ ਪ੍ਰੋਫੈਸਰ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਰਮਿੰਦਰ ਕੌਰ, ਡਾ. ਰਨਜੋਧ ਸਿੰਘ, ਡਾ. ਕਸ਼ਮੀਰ ਸਿੰਘ ਬਹੋੜੂ, ਡਾ. ਗਰੁਦੇਵ ਸਿੰਘ, ਇੰਜ: ਰਣਬੀਰ ਸਿੰਘ ਰੰਧਾਵਾ, ਡਾ. ਗੁਰਦੀਪ ਸਿੰਘ, ਡਾ. ਸਤਵਿੰਦਰ ਸਿੰਘ, ਡਾ. ਸੁਖਚੈਨ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਸੁਖਰਾਜ ਬੀਰ ਸਿੰਘ, ਏ. ਈ. ਓ ਪ੍ਰਦੀਪ ਸਿੰਘ ਗਿੱਲ, ਏ. ਐਸ. ਆਈ ਵਿਕਰਮ, ਹਰਦਿਆਲ ਸਿੰਘ ਅਤੇ ਹੋਰ ਹਾਜ਼ਰ ਸਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media