Friday, April 17, 2026

ਕਾਲੀਆਂ ਝੰਡੀਆਂ ਤੇ ਮਾਟੋ ਫੜ ਕੇ ਸ਼ਾਂਤਮਈ ਰੋਸ ਮੁਜਾਹਰਾ 3 ਨਵੰਬਰ ਨੂੰ – ਭਾਈ ਪੰਥਪ੍ਰੀਤ ਸਿੰਘ

Panthpreet Singh

ਬਠਿੰਡਾ, 2 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਿੰਡ ਜਵਾਹਰਕਾ ਵਿੱਚੋਂ ਪਹਿਲੀ ਜੂਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਣ ਅਤੇ 11-12 ਅਕਤੂਬਰ ਦੀ ਰਾਤ ਨੂੰ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਹੋਈ ਬੇਅਦਬੀ ਤੋਂ ਲੈ ਕੇ ਹੁਣ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਪੰਜਾਬ ਪੁਲਿਸ ਦੀ ਅਸਲਫਤਾ ਤੇ ਪੰਜਾਬ ਸਰਕਾਰ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਵਿਰੁੱਧ ਰੋਸ ਪ੍ਰਗਟ ਕਰ ਰਹੀਆਂ ਸਮੁਚੀਆਂ ਸਿੱਖ ਜਥੇਬੰਦੀਆਂ ਵੱਲੋਂ ਐਲਾਨੇ ਗਏ ਪ੍ਰੋਗਰਾਮ ਮੁਤਾਬਿਕ 3 ਨਵੰਬਰ ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਪੰਜਾਬ ਦੀਆਂ ਸਮੂਹ ਸੰਗਤਾਂ ਕਾਲੀਆਂ ਝੰਡੀਆਂ ਅਤੇ ਮਾਟੋ ਫੜ ਕੇ ਸ਼ਾਂਤਮਈ ਮੌਨ ਰੋਸ ਮੁਜਾਹਰੇ ਵਿੱਚ ਸ਼ਾਮਲ ਹੋਣਗੀਆਂ। ਇਹ ਸ਼ਬਦ ਭਾਈ ਪੰਥਪ੍ਰੀਤ ਸਿੰਘ ਨੇ ਪ੍ਰੈੱਸ ਨੂੰ ਜਾਰੀ ਕੀਤੇ ਇੱਕ ਪ੍ਰੈੱਸ ਨੋਟ ਵਿੱਚ ਕਹੇ। ਉਨ੍ਹਾਂ ਆਮ ਲੋਕਾਂ ਨੂੰ ਸੰਬੋਧਨ ਹੁੰਦੇ ਕਿਹਾ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਹੈ ਉਹ ਸਾਰੇ ਹੀ ਇਸ ਸ਼ਾਂਤਮਈ ਰੋਸ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਰੋਸ ਮੁਜਾਹਰੇ ਦੌਰਾਨ ਨਾ ਹੀ ਆਵਾਜਾਈ ਵਿੱਚ ਕੋਈ ਵਿਘਨ ਪਾਇਆ ਜਾਵੇ ਅਤੇ ਨਾ ਹੀ ਕਿਸੇ ਕਿਸਮ ਦੇ ਨਾਹਰੇ ਲਾਏ ਜਾਣ। ਪੰਜਾਬ ਦੇ ਸਮੂਹ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀਆਂ ਸੰਗਤਾਂ ਮੁੱਖ ਸੜਕਾਂ ‘ਤੇ ਆਪਣਾ ਰੋਸ ਕੇਵਲ ਕਾਲੀਆਂ ਦਸਤਾਰਾਂ ਬੰਨ੍ਹ ਕੇ, ਬੀਬੀਆਂ ਸਿਰਾਂ ‘ਤੇ ਕਾਲੀਆਂ ਚੁੰਨੀਆਂ ਲੈ ਕੇ ਅਤੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ ਕੇ ਸੜਕ ਦੇ ਦੋਵੇਂ ਕਿਨਾਰਿਆਂ ਜਾਂ ਸੜਕ ਵਿਚਕਾਰ ਬਣੇ ਡਿਵਾਇਡਰਾਂ ‘ਤੇ ਖੜ੍ਹ ਕੇ ਕਰਨਗੀਆਂ।
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਮੁੱਖ ਮੰਗਾਂ ਜਿਵੇਂ ਕਿ ਸਾਂਝੀਵਾਲਤਾ ਅਤੇ ਸੰਪ੍ਰਦਾਇਕ ਏਕਤਾ ਦੇ ਮਹਾਨ ਉਪਦੇਸ਼ਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਧਰਮ ਵਿਰੋਧੀ ਅਸਲ ਮੁਜਰਿਮਾਂ ਦੀ ਗ੍ਰਿਫ਼ਤਾਰੀ; ਅਸਲ ਮੁਜਰਿਮਾਂ ਦੀ ਬਜਾਏ ਸਿੱਖਾਂ ਨੂੰ ਹੀ ਬਦਨਾਮ ਕਰਨ ਲਈ ਫੜੇ ਗਏ ਭਾਈ ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਵਿਰੁਧ ਦਰਜ ਕੀਤੇ ਝੂਠੇ ਕੇਸ ਰੱਦ ਕਰਕੇ ਰਿਹਾਅ ਕਰਨ, ਸ਼ਾਂਤਮਈ ਰੋਸ ਮੁਜਾਹਰਾਕਾਰੀਆਂ ‘ਤੇ ਗੋਲੀ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸੀਆਂ ‘ਤੇ ਬਾਈਨੇਮ 302 ਦਾ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ; ਕੁਰਸੀ ਦੀ ਖਾਤਰ ਧਰਮ ਵਿੱਚ ਵਧ ਰਹੀ ਸਿਆਸੀ ਦਖ਼ਲ ਅੰਦਾਜ਼ੀ ਰੋਕਣ ਅਤੇ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਨੂੰ ਸੁਆਰਥੀ ਸਿਆਸੀ ਪ੍ਰਵਾਰ ਦੇ ਪੰਜੇ ਵਿੱਚੋਂ ਮੁਕਤ ਕਰਾਉਣ ਆਦਿਕ ਮੰਗਾਂ ਸਬੰਧੀ ਤਖਤੀਆਂ ‘ਤੇ ਲਿਖ ਕੇ ਲੋਕਾਂ ਸਾਹਮਣੇ ਰੱਖਿਆ ਜਾਵੇਗਾ; ਨਾਹਰੇ ਲਾ ਕੇ ਨਹੀਂ।  ਭਾਈ ਕਿਰਪਾਲ ਸਿੰਘ ਅਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਵਿਖੇ ਫੌਜੀ ਨੰਦ ਸਿੰਘ ਚੌਕ ਤੋਂ ਬੱਸ ਸਟੈਂਡ ਤੱਕ ਮਨੁਖੀ ਚੇਨ ਬਣਾ ਕੇ 12 ਵਜੇ ਦੁਪਿਰ ਰੋਸ ਮੁਜਾਹਰਾ ਸ਼ੁਰੂ ਕੀਤਾ ਜਾਵੇਗਾ ਅਤੇ ਜਿਉਂ ਜਿਉਂ ਸੰਗਤ ਵਧਦੀ ਗਈ ਦੋਵੇਂ ਤਰਫ ਮਨੁੱਖੀ ਚੇਨ ਦੀ ਲੰਬਾਈ ਤਿੰਨ ਵਜੇ ਤੱਕ ਵਧਾਉਣੀ ਜਾਰੀ ਰੱਖੀ ਜਾਵੇਗੀ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply