Thursday, October 29, 2026

ਖ਼ੂਨ ਦੇ ਰਿਸ਼ਤਿਆਂ ਵਿੱਚ ਜਾਇਦਾਦ ਦੇ ਤਬਾਦਲੇ ‘ਤੇ ਰਜਿਸਟਰੀ ਫ਼ੀਸ ਮੁਆਫ਼ੀ ਦੀ ਅਧਿਸੂਚਨਾ ਜਾਰੀ

ਪਤੀ-ਪਤਨੀ, ਮਾਂ-ਬਾਪ, ਭਰਾ-ਭੈਣ, ਪੁੱਤਰ-ਧੀ ਅਤੇ ਪੋਤਾ-ਪੋਤਰੀ ਨੂੰ ਮਿਲੇਗਾ ਲਾਭ

DC New Photo

ਅੰਮ੍ਰਿਤਸਰ, 5 ਨਵੰਬਰ (ਗੁਰਚਰਨ ਸਿੰਘ – ਜਗਦੀਪ ਸਿੰਘ)- ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿਚ ਲਏ ਗਏ ਇਕ ਅਹਿਮ ਫੈਸਲੇ ਤਹਿਤ ਪਤੀ-ਪਤਨੀ ਅਤੇ ਖ਼ੂਨ ਦੇ ਰਿਸ਼ਤਿਆਂ ਦਰਮਿਆਨ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਜਾਇਦਾਦ ਦੇ ਤਬਾਦਲੇ ‘ਤੇ ਲੱਗਣ ਵਾਲੀ ਰਜਿਸਟਰੀ ਫੀਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਸਾਰੀਆਂ ਰਸਮੀ ਕਾਰਵਾਈਆਂ ਮੁਕੰਮਲ ਕਰਨ ਬਾਅਦ ਇਸ ਨੂੰ ਸਰਕਾਰੀ ਗਜ਼ਟ ਵਿਚ ਵੀ ਅਧਿਸੂਚਿਤ ਕੀਤਾ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਮਾਲ ਤੇ ਮੁੜ ਵਸੇਬਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਪਹਿਲ ਕਦਮੀ ‘ਤੇ ਰਾਜ ਸਰਕਾਰ ਵੱਲੋਂ ਇਹ ਫ਼ੈਸਲਾ ਲੈਣ ਦਾ ਮੰਤਵ ਲੋਕਾਂ ਨੂੰ ਆਪਣੀਆਂ ਜਾਇਦਾਦਾਂ ਦੀ ਕਾਨੂੰਨੀ ਢੰਗ ਨਾਲ ਰਜਿਸਟ੍ਰੇਸ਼ਨ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਉਹ ਕੋਈ ਅਜਿਹਾ ਢੰਗ-ਤਰੀਕਾ ਨਾ ਅਪਨਾਉਣ ਜਿਸ ਨਾਲ ਅੱਗੇ ਪਰਿਵਾਰਾਂ ਅੰਦਰ ਜਾਇਦਾਦ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਵਿਵਾਦ ਹੋਣ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਤਹਿਤ ਰਸਿਜਟ੍ਰੇਸ਼ਨ ਫ਼ੀਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਫੰਡ ਅਤੇ ਬੁਨਿਆਦੀ ਢਾਂਚਾ ਸੈੱਸ ਵੀ ਨਹੀਂ ਵਸੂਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਤੀ-ਪਤਨੀ ਅਤੇ ਖੂਨ ਦੇ ਰਿਸ਼ਤਿਆਂ ਦਰਮਿਆਨ ਜਾਇਦਾਦ ਵਟਾਂਦਰੇ ‘ਤੇ ਰਜਿਸਟਰੀ ਫ਼ੀਸ ਦੀ ਛੋਟ ਦੇ ਇਸ ਨਿਰਣੇ ਦਾ ਪਤੀ-ਪਤਨੀ ਤੋਂ ਇਲਾਵਾ ਮਾਤਾ-ਪਿਤਾ, ਭਰਾ-ਭੈਣ, ਪੁੱਤਰ-ਧੀ ਅਤੇ ਪੋਤੇ-ਪੋਤੀਆਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ਰਾਜ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਜਾਇਦਾਦ ਦੀ ਵਿਕਰੀ ਅਤੇ ਕਬਜ਼ੇ ਦੇ ਤਬਾਦਲੇ ਦੇ ਮੰਤਵ ਲਈ ਦਿੱਤੇ ਜਾਂਦੇ ਮੁਖਤਿਆਰਨਾਮੇ ਨੂੰ ਦਰਜ ਕਰਵਾਉਣ ‘ਤੇ ਲਗਦੀ ਅਸ਼ਟਾਮ ਡਿਊਟੀ ਨੂੰ ਵੀ ਸਹੀ ਮਾਅਨਿਆਂ ਵਿਚ ਲਗਪਗ ਸਿਫ਼ਰ ‘ਤੇ ਲਿਆ ਦਿੱਤਾ ਗਿਆ ਹੈ, ਕਿਉਂਜੋ ਜਿੱਥੇ ਮੌਜੂਦਾ 2 ਫੀਸਦੀ ਦਰ ਨੂੰ ਘਟਾ ਕੇ 0.5 ਫੀਸਦੀ ਕਰ ਦਿੱਤਾ ਗਿਆ ਹੈ ਉਥੇ ਉਕਤ ਰਕਮ ਵੀ ਅੱਗੇ ਸਬੰਧਿਤ ਜਾਇਦਾਦ ਦੀ ਵਿਕਰੀ-ਡੀਡ ਮੌਕੇ ਅਦਾ ਕੀਤੀ ਜਾਣ ਵਾਲੀ ਅਸ਼ਟਾਮ ਡਿਊਟੀ ਵਿਚ ‘ਐਡਜਸਟ’ ਕੀਤੀ ਜਾਵੇਗੀ।ਇਸ ਤੋਂ ਇਲਾਵਾ ਬਾਕੀ ਮੁਖਤਿਆਰਨਾਮਿਆਂ ‘ਤੇ ਅਸ਼ਟਾਮ ਡਿਊਟੀ 2000 ਰੁਪਏ ਨਿਰਧਾਰਿਤ ਕੀਤੀ ਗਈ ਹੈ।ਉਨ੍ਹਾਂ ਨੇ ਜ਼ਿਲ੍ਹਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਰਿਵਾਰਕ ਜਾਇਦਾਦ ਨੂੰ ਇਸ ਛੋਟ ਦਾ ਲਾਭ ਲੈ ਕੇ ਕਾਨੂੰਨੀ ਤਰੀਕੇ ਨਾਲ ਵੰਡ ਸਕਦੇ ਹਨ। ਇਸ ਤਰਾਂ ਕਰਨ ਨਾਲ ਪਰਿਵਾਰ ਬਾਅਦ ਵਿਚ ਪੈਦਾ ਹੋਣ ਵਾਲੀਆਂ ਅਨੇਕਾਂ ਉਲਝਣਾਂ ਤੋਂ ਵੀ ਬਚ ਸਕਦਾ ਹੈ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …

Leave a Reply