Friday, April 10, 2026

ਸ਼ਰਾਬ ਦੇ ਠੇਕਿਆਂ ਵਿੱਚ ਸੀ. ਸੀ. ਟੀ ਵੀ ਕੈਮਰੇ ਲਾਉਣ ਦੇ ਹੁਕਮ ਜਾਰੀ

ਅੰਮ੍ਰਿਤਸਰ, 6 ਨਵੰਬਰ (ਗੁਰਚਰਨ ਸਿੰਘ)- ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ੍ਰੀ ਜਤਿੰਦਰ ਸਿੰਘ ਔਲਖ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਮਿਸ਼ਨਰੇਟ ਅੰਮ੍ਰਿਤਸਰ ਦੀ ਹਦੂਦ ਅੰਦਰ ਆਉਂਦੇ ਇਲਾਕੇ ਵਿਚ ਪੈਂਦੇ ਸ਼ਰਾਬ ਦੇ ਠੇਕਿਆਂ ਦੇ ਬਾਹਰ 50 ਮੀਟਰ ਦੇ ਘੇਰੇ ਨੂੰ ਕਵਰ ਕਰਦੇ ਸੀ. ਸੀ. ਟੀ. ਵੀ ਕੈਮਰੇ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਠੇਕਿਆਂ ਦੇ ਬਾਹਰ ਕੈਮਰੇ ਜਾਰੀ ਹੁਕਮਾਂ ਦੀ ਮਿਤੀ ਤੋਂ 45 ਦਿਨਾਂ ਦੇ ਅੰਦਰ-ਅੰਦਰ ਲਾਉਣ ਲਾਜ਼ਮੀ ਹਨ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸੀ. ਸੀ. ਟੀ. ਵੀ ਕੈਮਰਿਆਂ ਵਿਚ ਘੱਟੋ-ਘੱਟ ਪਿਛਲੇ 10 ਦਿਨਾਂ ਦੀ ਰਿਕਾਰਡਿੰਗ ਦਾ ਡਿਜ਼ੀਟਲ ਰਿਕਾਰਡ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਠੇਕਿਆਂ ਦੇ ਮਾਲਕ ਜਾਂ ਉਨ੍ਹਾਂ ਦੇ ਮੁਲਾਜ਼ਮ ਰੋਜ਼ਾਨਾ ਰਿਕਾਰਡਿੰਗ ਦੀ ਇਕ ਸੀ. ਡੀ ਤਿਆਰ ਕਰਕੇ ਆਪਣੇ ਖੇਤਰ ਦੇ ਬੀਟ ਕਾਂਸਟੇਬਲ ਨੂੰ ਸੌਂਪਣਗੇ ਅਤੇ ਇਸ ਸਬੰਧੀ ਪੂਰਾ ਰਿਕਾਰਡ ਇਕ ਰਜਿਸਟਰ ਵਿਚ ਦਰਜ ਕਰਨਗੇ, ਜੋ ਕਿ ਠੇਕੇ ‘ਤੇ ਹਰ ਵੇਲੇ ਮੌਜੂਦ ਰਹੇਗਾ। ਇਸ ਤੋਂ ਇਲਾਵਾ ਉਹ ਠੇਕਾ ਖੁੱਲ੍ਹਣ ਵੇਲੇ ਇਹ ਯਕੀਨੀ ਬਣਾਉਣਗੇ ਕਿ ਕੈਮਰਾ ਠੀਕ ਹਾਲਤ ਵਿਚ ਚੱਲ ਰਿਹਾ ਹੈ ਜਾਂ ਨਹੀਂ ਅਤੇ ਜੇਕਰ ਕੋਈ ਨੁਕਸ ਹੈ ਤਾਂ ਉਸ ਨੂੰ ਤੁਰੰਤ ਠੀਕ ਕਰਵਾਇਆ ਜਾਵੇ। ਇਸ ਸਬੰਧੀ ਲੋੜੀਂਦੀ ਸੂਚਨਾ ਸਬੰਧਤ ਥਾਣੇ ਨੂੰ ਵੀ ਦਿੱਤੀ ਜਾਣ ਲਈ ਕਿਹਾ ਗਿਆ ਹੈ। ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਠੇਕੇ ਦੇ ਮਾਲਕ ਅਤੇ ਮੁਲਾਜ਼ਮ ਠੇਕੇ ‘ਤੇ ਦੋ ਭਾਸ਼ਾਵਾਂ ਵਿੱਚ ਲਿਖੇ ਹੋਏ ਸਾਈਨ ਬੋਰਡ ਲਗਾਉਣੇ ਯਕੀਨੀ ਬਣਾਉਣਗੇ, ਜਿਨ੍ਹਾਂ ‘ਤੇ ਲਿਖਿਆ ਹੋਵੇ ਕਿ ਖੁੱਲ੍ਹੇ ਵਿਚ ਸ਼ਰਾਬ ਪੀਣੀ ਕਾਨੂੰਨੀ ਜ਼ੁਰਮ ਹੈ। ਉਹ ਠੇਕਿਆਂ ਅੱਗੇ ਨਾਜਾਇਜ਼ ਖੜ੍ਹਦੀਆਂ ਰੇਹੜੀਆਂ ਨੂੰ ਵੀ ਹਟਾਉਣਗੇ। ਸਾਈਨ ਬੋਰਡਾਂ ‘ਤੇ ਸਬੰਧਤ ਜਾਂ ਨੇੜਲੇ ਪੁਲਿਸ ਥਾਣੇ ਦਾ ਟੈਲੀਫੋਨ ਨੰਬਰ ਵੀ ਦਿੱਤਾ ਜਾਣਾ ਜ਼ਰੂਰੀ ਹੈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply