Thursday, March 5, 2026

 ਅਕਾਲੀ ਦਲ ਨੇ ਸਰਬੱਤ ਖਾਲਸੇ ਨੂੰ ਮੂਲੋਂ ਰੱਦ ਕੀਤਾ- ਲੋਪੋਕੇ ਦੀ ਅਗਵਾਈ ਵਿੱਚ ਹੋਈ ਮੀਟਿੰਗ

(
(

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ ਬਿਊਰੋ)- ਕੁੱਝ ਜਥੇਬੰਦੀਆਂ ਦੇ 10 ਨਵੰਬਰ ਦੇ ਸਰਬੱਤ ਖਾਲਸਾ ਨੂੰ ਗੈਰ ਸਿਧਾਂਤਕ ਕਰਾਰ ਦੇਣ ਦੇ ਬਾਅਦ ਅੱਜ ਸ੍ਰੋਮਣੀ ਅਕਾਲੀ ਦਲ ਵੀ ਨਿੱਤਰ ਕੇ ਉਕਤ ਸਰਬੱਤ ਖਾਲਸਾ ਵਿਰੁੱਧ ਸਾਹਮਣੇ ਆ ਗਿਆ ਹੈ। ਜ਼ਿਲਾ ਅਕਾਲੀ ਜਥਾ ਸ਼ਹਿਰੀ ਅਤੇ ਜ਼ਿਲਾ ਅਕਾਲੀ ਜਥਾ ਦਿਹਾਤੀ ਦੀ ਸਮੁੱਚੀ ਲੀਡਰਸ਼ਿਪ ਵਲੋਂ ਮੌਜੂਦਾ ਪੰਥਕ ਪ੍ਰਸਥਿਤੀਆਂ ਦਾ ਹਵਾਲਾ ਦੇ ਕੇ ਭਾਈ ਗੁਰਦਾਸ ਹਾਲ ਵਿੱਚ ਜੈਕਾਰਿਆਂ ਦੀ ਗੂੰਜ ਨਾਲ ਆਖੋਤੀ ਸਰਬੱਤ ਖਾਲਸੇ ਨੂੰ ਮੂਲੋਂ ਰੱਦ ਕਰ ਦਿੱਤਾ ਗਿਆ ਅਤੇ ਸਮੂਹ ਪੰਥ ਖਾਲਸਾ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਵਉੱਚਤਾ ਅਤੇ ਮਾਣ ਮਰਿਆਦਾ ਬਣਾਈ ਰੱਖਣ ਦੇ ਲਈ ਡੱਟ ਕੇ ਸਿਧਾਂਤਾਂ ‘ਤੇ ਪਹਿਰਾ ਦਿੱਤਾ ਜਾਵੇ।
ਸ: ਵੀਰ ਸਿੰਘ ਲੋਪੋਕੇ ਵਲੋਂ ਪੇਸ਼ ਮਤੇ ਵਿਚ ਕਿਹਾ ਗਿਆ ਕਿ ਕੁਝ ਜਥੇਬੰਦੀਆਂ ਜੋ ਪੰਜਾਬ ਦੇ ਸਾਂਤਮਈ ਮਾਹੋਲ ਨੂੰ ਸਰਬੱਤ ਖਾਲਸੇ ਦੇ ਨਾਂ ‘ਤੇ ਖ਼ਰਾਬ ਕਰਨ ‘ਤੇ ਤੁਲੀਆਂ ਹੋਈਆਂ ਹਨ, ਤੋਂ ਕੌਮ ਨੂੰ ਗੁੰਮਰਾਹ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸ੍ਰੋਮਣੀ ਅਕਾਲੀ ਦਲ ਭਾਈਚਾਰਕ ਸਾਂਝ, ਸੱਦਭਾਵਨਾ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਦੇ ਲਈ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਨੂੰ ਇਸ ਹਾਲਾਤ ਵਿਚੋਂ ਕੱਢ ਕੇ ਬਾਹਰ ਲੈ ਆਵੇਗਾ ਅਤੇ ਸ਼ਰਾਰਤੀ ਲੋਕਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਮਤੇ ਤੋਂ ਪਹਿਲਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਗੁਲਜਾਰ ਸਿੰਘ ਰਣੀਕੇ ਅਤੇ ਸ: ਵੀਰ ਸਿੰਘ ਲੋਪੋਕੇ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਅਤੇ ਪੰਥ ਦੇ ਵਡੇਰੇ ਹਿੱਤਾਂ ਵਿੱਚ ਮੋਹਰੀ ਰੋਲ ਅਦਾ ਕਰਦਾ ਰਿਹਾ ਹੈ ਅਤੇ ਹੁਣ ਵੀ ਪੰਥ ਨੂੰ ਜਿਸ ਮੁਸ਼ਕਲ ਵਿਚੋਂ ਨਿਕਲਣਾ ਪੈ ਰਿਹਾ ਹੈ, ਦੇ ਲਈ ਵੀ ਸ੍ਰੋਮਣੀ ਅਕਾਲੀ ਦਲ,ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਕੌਮ ਨੂੰ ਮੌਜੂਦਾ ਸਮੱਸਿਆਵਾਂ ਤੋਂ ਬਾਹਰ ਕੱਢ ਲਿਆਵੇਗੀ, ਪਰ ਇਸ ਜਿਹੜੀਆਂ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰੀ ਹੋ ਕੇ ਸਰਬੱਤ ਖਾਲਸੇ ਦੇ ਨਾਂ ‘ਤੇ ਕੌਮ ਵਿਚ ਦੁਫੇੜ ਪਾਉਣਾ ਚਾਹੁੰਦੀਆਂ ਹਨ, ਤੋਂ ਕੌਮ ਨੂੰ ਸੁਚੇਤ ਕੀਤਾ ਜਾਵੇਗਾ। ਪਾਸ ਕੀਤੇ ਗਏ ਮਤੇ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਦਾ ਮਤਾ ਪਾਸ ਕਰਕੇ ਇਸ ਨੂੰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਖਿਲਾਫ ਇਕ ਵੱਡੀ ਸਾਜਿਸ ਕਰਾਰ ਦਿੱਤਾ ਗਿਆ ਅਤੇ ਇਹ ਵੀ ਕਿਹਾ ਕਿ ਜੋ ਇਸ ਦੁੱਖਦਾਈ ਘਟਨਾਕ੍ਰਮ ਦਾ ਲਾਭ ਲੈਣ ਦੀ ਸਾਜਿਸ਼ ਰਚ ਰਹੀਆਂ ਹਨ, ਉਨ੍ਹਾਂ ਦਾ ਅਸਲ ਮਕਸਦ ਸਿੱਖ ਕੌਮ ਦੀ ਸਿਰਮੋਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਹਸਤੀ ਅਤੇ ਹੋਂਦ ਨੂੰ ਹਮੇਸ਼ਾ ਲਈ ਮਿਟਾ ਕੇ ਦਿਸ਼ਾਹੀਣ ਕਰਨਾ ਚਾਹੁੰਦੀਆਂ ਹਨ। ਮਤੇ ਵਿਚ ਦੱਸਿਆ ਗਿਆ ਕਿ ਸਰਬੱਤ ਖਾਲਸਾ ਸੱਦ ਰਹੀਆਂ ਧਿਰਾਂ ਅਤਿ ਗੈਰ ਸਿਧਾਂਤਕ, ਗੈਰ ਪੰਥਕ, ਗੈਰ ਵਿਧਾਨਿਕ ਕਾਰੇ ਕਰਕੇ ਉਹ ਕਰਨਾ ਚਾਹੁੰਦੀਆਂ ਹਨ ਜੋ ਕਿਸੇ ਸਮੇਂ ਕਾਂਗਰਸੀ ਸਰਕਾਰਾਂ ਨੂੰ ਟੈਂਕਾਂ ਅਤੇ ਟੋਪਾਂ ਨਾਲ ਹਮਲਾ ਕਰਕੇ ਕਰਨਾ ਚਾਹੁੰਦੀਆਂ ਸਨ। ਪੰਥਕ ਦੋਖੀਆਂ ਵੱਲੋਂ ਸੱਦੇ ਗਏ ਇਸ ਸਰਬੱਤ ਖਾਲਸਾ ਨੂੰ ਆਖੋਤੀ ਕਰਾਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਸਰਬੱਤ ਖਾਲਸਾ ਸੱਦਣ ਦਾ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਹੀ ਹੈ।
ਇਸ ਸਮੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ, ਅਕਾਲੀ ਕੌਂਸਲਰ, ਅਤੇ ਹੋਰ ਵੱਖ ਵੱਖ ਅਹੁਦੇਦਾਰ ਵੀ ਹਾਜ਼ਰ ਸਨ। ਜਿਨ੍ਹਾਂ ਵਿੱਚ ਜ਼ਿਲਾ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਅਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਵੀਰ ਸਿੰਘ ਲੋਪੋਕੇ, ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, ਸੰਸਦੀ ਸਕੱਤਰ ਅਮਰਪਾਲ ਸਿੰਘ ਬੋਨੀ, ਵਿਧਾਇਕ ਮਨਜੀਤ ਸਿੰੰਘ ਮੰਨਾ, ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਭਾਈ ਰਜਿੰਦਰ ਸਿੰਘ ਮਹਿਤਾ, ਰਾਣਾ ਰਣਬੀਰ ਸਿੰਘ ਲੋਪੋਕੇ,ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਦਿਲਬਾਗ ਸਿੰਘ ਵਡਾਲੀ, ਸ੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ, ਸੁਰਜੀਤ ਸਿੰਘ ਭਿੱਟੇਵੱਢ, ਭਾਈ ਰਾਮ ਸਿੰਘ, ਮਗਵਿੰਦਰ ਸਿੰਘ ਖਾਪੜਖੇੜੀ, ਬਾਵਾ ਸਿੰਘ ਗੁੰਮਾਨਪੁਰਾ, ਹਰਜਾਪ ਸਿੰਘ ਸੁਲਤਾਨਵਿੰਡ, ਨਵਦੀਪ ਸਿੰਘ ਗੋਲਡੀ, ਗੁਰਪ੍ਰਤਾਪ ਸਿੰਘ ਟਿੱਕਾ ਅਮਰਪ੍ਰੀਤ ਸਿੰਘ ਅੰਮੂ ਗੁੰਮਟਾਲਾ, ਅਵਤਾਰ ਸਿੰਘ ਟਰੱਕਾਂਵਾਲਾ, ਰਜਿੰਦਰ ਸਿੰਘ, ਕੌਂਸਲਰ ਸ਼ਮਸ਼ੇਰ ਸਿੰਘ ਸ਼ੇਰਾ, ਅਵਿਨਾਸ਼ ਜੋਲੀ, ਰਾਣਾ ਪਲਵਿੰਦਰ ਸਿੰਘ, ਕੌਂਸਲਰ ਦਿਲਬਾਗ ਸਿੰਘ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply