
ਅਲਗੋਂ, ਭਿਖੀਵਿੰਡ (ਹਰਦਿਆਲ ਸਿੰਘ ਭੈਣੀ, ਕੁਲਵਿੰਦਰ ਸਿੰਘ) – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੂੰ ਪੰਜਾਬ ਦੀਆਂ ਤਿੰਨ ਜੰਗੀ ਯਾਦਗਾਰਾਂ ਦਾ ਦੌਰਾ ਕੀਤਾ। ਇਹ ਯਾਦਗਾਰਾਂ 1965 ਦੀ ਜੰਗ ਵਿੱਚ ਭਾਰਤ ਦੇ ਹਥਿਆਰਬੰਦ ਫ਼ੌਜੀ ਜਵਾਨਾਂ ਵੱਲੋਂ ਬਹਾਦਰੀ ਭਰੇ ਕਾਰਨਾਮਿਆਂ ਰਾਹੀਂ ਹਾਸਲ ਕੀਤੀਆਂ ਕੁੱਝ ਜਿੱਤਾਂ ਦੀ ਯਾਦ ਦਿਵਾਉਂਦੀਆਂ ਹਨ।
ਪ੍ਰਧਾਨ ਮੰਤਰੀ ਡੋਗਰਾਈ ਜੰਗੀ ਯਾਦਗਾਰ ਅਤੇ ਬਾਰਕੀ ਜੰਗੀ ਯਾਦਗਾਰ ਉਤੇ ਗਏ। 1965 ਦੀ ਜੰਗ ਦੌਰਾਨ ਭਾਰਤੀ ਥਲ ਸੈਨਾ ਵੱਲੋਂ ਡੋਗਰਾਈ ਤੇ ਬਾਰਕੀ ਦੀਆਂ ਲੜਾਈਆਂ ਵਿੱਚ ਫ਼ੈਸਲਕੁੰਨ ਜਿੱਤਾਂ ਹਾਸਲ ਕੀਤੀਆਂ ਸਨ।ਪ੍ਰਧਾਨ ਮੰਤਰੀ ‘ਆਸਲ ਉਤਾੜ’ ਵੀ ਗਏ।ਇਹ ਉਨ੍ਹਾ ਸਥਾਨਾਂ ਵਿਚੋਂ ਇੱਕ ਹੈ, ਜਿੱਥੇ ਟੈਂਕਾਂ ਨਾਲ ਸਭ ਤੋਂ ਵੱਡੀ ਜੰਗ ਲੜੀ ਗਈ ਸੀ ਅਤੇ ਭਾਰਤ ਦੇ ਹਥਿਆਰਬੰਦ ਬਲਾਂ ਨੇ ਵੱਡੀ ਜਿੱਤ ਹਾਸਲ ਕੀਤੀ ਸੀ। ਆਸਲ ਉਤਾੜ ਦੀ ਜੰਗ ਵੀਰ ਅਬਦੁਲ ਹਮੀਦ ਦੀ ਬਹਾਦਰੀ ਦਾ ਚੇਤਾ ਕਰਵਾਉਂਦੀ ਹੈ, ਜਿਨ੍ਹਾਂ ਨੂੰ ਮਰਨ-ਉਪਰੰਤ ਪਰਮ ਵੀਰ ਚੱਕਰ ਪ੍ਰਦਾਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਅਬਦੁਲ ਹਮੀਦ ਦੀ ਯਾਦਗਾਰ ਉਤੇ ਸ਼ਰਧਾ ਦੇ ਫੁੱਲ ਭੇਟ ਕੀਤੇ।ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਡੋਗਰਾਈ ਜੰਗੀ ਯਾਦਗਾਰ, ਬਾਰਕੀ ਜੰਗੀ ਯਾਦਗਾਰ ਅਤੇ ਹਵਾਈ ਫ਼ੌਜ ਦੇ ਸਟੇਸ਼ਨ-ਹਲਵਾਰਾ ਵਿੱਚ ਭਾਰਤੀ ਥਲ ਸੈਨਾ ਅਤੇ ਹਵਾਈ ਫ਼ੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ।
ਇੱਥੇ ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਵੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੀਵਾਲੀ ਦਾ ਤਿਉਹਾਰ ਸਿਆਚਿਨ ਗਲੇਸ਼ੀਅਰ ਉਤੇ ਹਥਿਆਰਬੰਦ ਫ਼ੌਜੀ ਜਵਾਨਾਂ ਨਾਲ ਮਿਲ ਕੇ ਮਨਾਇਆ ਸੀ ਤੇ ਇਸ ਵਾਰ ਵੀ ਉਨ੍ਹਾਂ ਇੰਝ ਹੀ ਕੀਤਾ। ਪ੍ਰਧਾਨ ਮੰਤਰੀ ਨੇ ਕੱਲ੍ਹ ਦੀਵਾਲੀ ਮੌਕੇ ਫ਼ੌਜੀ ਅਧਿਕਾਰੀਆਂ ਅਤੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਦੀਵਾਲੀ ਦਾ ਤਿਉਹਾਰ ਆਪਣੇ ਪਰਿਵਾਰ ਨਾਲ ਹੀ ਮਨਾਉਣਾ ਚਾਹੁੰਦਾ/ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਰ੍ਹੇ 1965 ਦੀ ਜੰਗ ਦੀ 50ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ, ਇਸੇ ਲਈ ਉਨ੍ਹਾਂ ਨੇ ਦੀਵਾਲੀ ਦਾ ਦਿਹਾੜਾ ਉਨ੍ਹਾਂ ਹੀ ਸਥਾਨਾਂ ਉਤੇ ਬਿਤਾਉਣ ਦਾ ਫ਼ੈਸਲਾ ਕੀਤਾ ਸੀ, ਜਿੱਥੇ ਭਾਰਤੀ ਹਥਿਆਰਬੰਦ ਬਲਾਂ ਦੇ ਬਹਾਦਰ ਜਵਾਨਾਂ ਨੇ ਜੰਗ ਦੌਰਾਨ ਆਪਣਾ ਖ਼ੂਨ ਵਹਾਇਆ ਸੀ ਤੇ ਮਹਾਨ ਕੁਰਬਾਨੀਆਂ ਦਿੱਤੀਆਂ ਸਨ।ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਮੇ ਸਮੇਂ ਤੋਂ ਮੁਲਤਵੀ ਪਿਆ ‘ਵਨ-ਰੈਂਕ, ਇੱਕ ਪੈਨਸ਼ਨ’ ਦਾ ਮੁੱਦਾ ਹੁਣ ਹੱਲ ਹੋ ਚੁੱਕਾ ਹੈ ਤੇ ਇਹ ਮਨਜ਼ੂਰ ਵੀ ਹੋ ਚੁੱਕਾ ਹੈ।
Punjab Post Daily Online Newspaper & Print Media