
ਫਾਜ਼ਿਲਕਾ, 13 ਨਵੰਬਰ (ਪ.ਪ)- ਜ਼ਿਲ੍ਹੇ ਵਿਚ 92 ਹਜ਼ਾਰ ਪਰਿਵਾਰਾਂ ਦੇ ਭਗਤ ਪੂਰਨ ਸਿੰਘ ਬੀਮਾ ਯੋਜਨਾ ਸਕੀਮ ਤਹਿਤ ਸਮਾਰਟ ਕਾਰਡ ਬਣਾਏ ਜਾਣਗੇ। ਇਕ ਪਰਿਵਾਰ ਦਾ ਇਕ ਹੀ ਕਾਰਡ ਬਣੇਗਾ।ਇਸ ਕਾਰਡ ਵਿਚ ਉਸ ਪਰਿਵਾਰ ਦੇ 5 ਮੈਂਬਰਾਂ ਤੱਕ ਦੇ ਨਾਮ ਦਰਜ਼ ਹੋਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ. ਨੇ ਅੱਜ ਇੱਥੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾਂ ਨੂੰ ਪੰਜਾਬ ਸਰਕਾਰ ਵੱਲੋਂ ਇਕ ਫਲੈਗਸ਼ਿਪ ਸਕੀਮ ਦੇ ਤੌਰ ਤੇ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਸ ਸਕੀਮ ਵਿਚ ਆਉਣ ਵਾਲੇ ਸੂਚੀਬੱਧ ਪਰਿਵਾਰਾਂ ( ਨੀਲੇ ਕਾਰਡ ਧਾਰਕਾਂ ) ਦੇ ਸਮਾਰਟ ਕਾਰਡ ਬੀਮਾ ਕੰਪਨੀ / ਟੀ.ਪੀ.ਏ. ਵੱਲੋਂ ਬਣਾਏ ਜਾ ਰਹੇ ਹਨ। ਜਿਸ ਦੇ ਆਧਾਰ ਤੇ ਯੋਜਨਾਂ ਅਧੀਨ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ ਭਰਤੀ ਹੋਣ ਤੇ ਹਰ ਸਾਲ 30 ਹਜ਼ਾਰ ਰੁਪਏ ਤੱਕ ਦਾ ਇਲਾਜ਼ ਮੁਫ਼ਤ ਮਿਲੇਗਾ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਵਿਚ ਹੁਣ ਤੱਕ 5852 ਕਾਰਡ ਬਣਾਏ ਜਾ ਚੁੱਕੇ ਹਨ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜ਼ਿਲ੍ਹੇ ਵਿਚ ਸਮਾਰਟ ਕਾਰਡ ਬਣਾਉਣ ਦੇ ਕੰਮ ਨੂੰ ਆਪਸੀ ਤਾਲਮੇਲ ਨਾਲ ਨੇਪਰੇ ਚੜਾਇਆ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਨੂੰ ਸਾਂਝੀਆਂ ਥਾਵਾਂ ਤੇ ਇੱਕਠੇ ਕਰਕੇ ਕਾਰਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਇਸ ਕੰਮ ਦੀ ਸਮੇਂ ਸਮੇਂ ਤੇ ਮੋਨੀਟੀਰਿੰਗ ਕਰਦੇ ਰਹਿਣ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਇਸ ਕੰਮ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਸਹਾਇਕ ਸਿਵਲ ਸਰਜਨ ਡਾ. ਰਾਜੇਸ਼ ਸ਼ਰਮਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹੰਸ ਰਾਜ ਮਲੇਠੀਆ, ਐਸ.ਐਮ.ਓ ਡਾ. ਦਵਿੰਦਰ ਭੁੱਕਲ, ਐਸ.ਐਮ.ਓ ਡਾ. ਬਬੀਤਾ ਜੰਡਵਾਲਾ ਭੀਮੇਸ਼ਾਹ, ਐਸ.ਐਮ.ਓ ਡਾ. ਸੁਮਨਦੀਪ ਜਲਾਲਾਬਾਦ, ਬੀ.ਡੀ.ਪੀ.ਓ ਅਤੇ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰ, ਸਮੂਹ ਬਲਾਕਾਂ ਦੇ ਬੀ.ਈ.ਈ. ਆਦਿ ਹਾਜਰ ਸਨ।
Punjab Post Daily Online Newspaper & Print Media