ਸ਼੍ਰੋਮਣੀ ਕਮੇਟੀ ਪ੍ਰਚਾਰਕਾਂ ਤੇ ਸਤਿਕਾਰ ਕਮੇਟੀ ਦੇ ਦਖਲ ਨਾਲ ਗੁ: ਰਾਮ ਸਰ ਸਾਹਿਬ ਪਹੁੰਚਾਇਆ ਪਾਵਨ ਸਰੂਪ
ਅੰਮ੍ਰਿਤਸਰ, 17 ਨਵੰਬਰ (ਜਗਦੀਪ ਸਿੰਘ ਸੱਗੂ) ਸਥਾਨਕ ਪਿੰਡ ਸੁਲਤਾਨਵਿੰਡ ਵਿਖੇ ਉਸ ਵੇਲੇ ਹਾਲਾਤ ਤਨਾਅਪੁਰਨ ਹੋੋ ਗਈ ਜਦ ਪੱਤੀ ਸਾਹੂ ਕੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਸਬੰਧੀ ਹੋ ਰਹੀ ਅਣਗਹਿਲੀ ਦੇ ਖਿਲਾਫ ਪਿੰਡ ਵਾਸੀ ਇਕੱਤਰ ਹੋ ਗਏ ਅਤੇ ਗੁਰਦੁਆਰਾ ਸਾਹਿਬ ਦੇ ਦਰਵਾਜੇ ਨੂੰ ਤਾਲਾ ਲਗਾ ਕੇ ਗ੍ਰੰਥੀ ਜੋਗਿੰਦਰ ਸਿੰਘ ਰਫੂਚੱਕਰ ਹੋ ਗਿਆ।

ਇਕੱਤਰ ਹੋਏ ਪਿੰਡ ਵਾਸੀਆਂ ਨੇ ਰੋਸ ਵਜੋਂ ਸੜਕ ‘ਤੇ ਧਰਨਾ ਲਾ ਦਿੱਤਾ ਤਾਂ ਮੌਕੇ ‘ਤੇ ਪੁੱਜੇ ਥਾਣਾ ਸੁਲਤਾਨਵਿੰਡ ਦੇ ਮੁਖੀ ਸਰਬਜੀਤ ਸਿੰਘ ਨੇ ਆ ਕੇ ਗ੍ਰੰਥੀ ਦੇ ਆਉਣ ‘ਤੇ ਉਸ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ।ਇਸੇ ਦੋਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਪੰਜਾਬ ਸਿੰਘ, ਪਰਮਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ, ਦਿਲਬਾਗ ਸਿੰਘ ਸੁਲਤਾਨਵਿੰਡ, ਚਰਨਜੀਤ ਸਿੰਘ ਰਾਣਾ, ਹਰਜੀਤ ਸਿੰਘ ਝੀਤਾ ਆਦਿ ਪਹੁੰਚ ਗਏ ਅਤੇ ਉਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਦੀ ਅਣਗਹਿਲੀ ‘ਤੇ ਰੋਸ ਪ੍ਰਗਟ ਕਰਦਿਆਂ ਥਾਣਾ ਮੁਖੀ ਨਾਲ ਗੱਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਥੋਂ ਕਿਸੇ ਹੋਰ ਜਗ੍ਹਾ ਤਬਦੀਲ ਕਰਨ ਲਈ ਕਿਹਾ।ਲੇਕਿਨ ਤਸੱਲੀਜਨਕ ਜਵਾਬ ਨਾ ਮਿਲਣ ‘ਤੇ ਉਨਾਂ ਨੇ ਪਿੰਡ ਵਾਸੀ ਸੰਗਤਾਂ ਸੜਕ ‘ਤੇ ਧਰਨਾ ਲਾ ਕੇ ਬੈਠ ਗਏ ਅਤੇ ਗ੍ਰੰਥੀ ਨੂੰ ਤੁਰੰਤ ਲੱਭਣ ਦੀ ਮੰਗ ਕੀਤੀ।ਇਸ ਸਮੇਂ ਸੁਲਤਾਨਵਿੰਡ ਥਾਣਾ ਇੰਚਾਰਜ਼ ਇੰਸਪੈਕਟਰ ਸਰਬਜੀਤ ਸਿੰਘ ਮੌਕੇ ‘ਤੇ ਪੁੱਜੇ ਅਤੇ ਉਨਾਂ ਨੇ ਸਤਿਕਾਰ ਕਮੇਟੀ ਮੈਂਬਰਾਂ ਤੇ ਪਿੰਡ ਵਾਸੀਆਂ ਨਾਲ ਗ੍ਰੰਥੀ ਦੇ ਆਉਣ ‘ਤੇ ਗੱਲ ਕਰਨ ਦਾ ਕਿਹਾ।ਪ੍ਰੰਤੂ ਸੰਗਤਾਂ ਦੇ ਨਾ ਮੰਨਣ ‘ਤੇ ਹਾਲਾਤ ਦੀ ਨਜ਼ਾਕਤ ਨੂੰ ਦੇਖਦਿਆਂ ਏਸੀਪੀ ਦੱਖਣੀ ਪ੍ਰਭਜੋਤ ਸਿੰਘ ਵਿਰਕ ਵੀ ਪਹੁੰਚ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨੂੰ ਮੁੱਖ ਰੱਖਦਿਆਂ ਤਾਲਾ ਤੋੜਣ ਦਾ ਫੈਸਲਾ ਕੀਤਾ ਗਿਆ।ਇਸੇ ਦੌਰਾਨ ਉਥੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਦੀ ਟੀਮ ਹੈਡ ਪ੍ਰਚਾਰਕ ਜਗਜੇਵ ਸਿੰਘ, ਬਲਵਿੰਦਰ ਸਿੰਘ ਇੰਚਾਰਜ ਧਰਮ ਪ੍ਰਚਾਰ, ਰੇਸਮ ਸਿੰਘ ਪਚ੍ਰਾਰਕ, ਪ੍ਰਗਟ ਸਿੰਘ ਪ੍ਰਚਾਰਕ ਅਤੇ ਪੂਰਨ ਸਿੰਘ ਅਰਸ਼ੀ ਪ੍ਰਚਾਰਕਾਂ ਨੇ ਪੁਲਿਸ ਦੀ ਹਾਜਰੀ ‘ਚ ਤਾਲਾ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦਾ ਸਰੂਪ ਸਤਿਕਾਰ ਸਹਿਤ ਗੁ: ਰਾਮਸਰ ਸਾਹਿਬ ਭਿਜਵਾ ਦਿੱਤਾ।ਇਸ ਮੌਕੇ ਬਾਬਾ ਸੰਤੋਖ ਸਿੰਘ, ਬਲਕਾਰ ਸਿੰਘ, ਸੁਖਵਿੰਦਰ ਸਿੰਘ, ਲਖਬੀਰ ਸਿੰਘ ਲੱਖਾ, ਬੀਬੀ ਚਰਨ ਕੌਰ, ਰਾਜ ਕੌਰ, ਬੀਬੀ ਹਰਦੀਪ ਕੌਰ, ਕੁਲਦੀਪ ਕੌਰ, ਗੁਰਜੀਤ ਕੌਰ ਤੇ ਇਲਾਕਾ ਵਾਸੀ ਮੌਜੂਦ ਸਨ। ਇਸੇ ਸਮੇਂ ਭਾਈ ਜਗਦੇਵ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਵਨ ਸਰੁਪ ਬਿਰਧ ਅਵੱਸਥਾ ਵਿੱਚ ਹੋਣ ਕਰਕੇ ਗੁਰਦੁਆਰਾ ਰਾਮਸਰ ਸਾਹਿਬ ਭਿਜਵਾ ਦਿੱਤਾ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਪੱਤੀ ਸਾਹੂ ਦੇ ਇਸ ਛੋਟੇ ਜਿਹੇ ਇਕ ਕਮਰੇ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜੋਗਿੰਦਰ ਸਿੰਘ ਖਿਲਾਫ ਐਡੀਸ਼ਨਲ ਜਿਲ੍ਹਾ ਸ਼ੈਸ਼ਨ ਜੱਜ ਦੀ ਅਦਾਲਤ ਵਿੱਚ ਪਿੰਡ ਦੇ ਹੀ ਬਾਬਾ ਸੰਤੋਖ ਸਿੰਘ, ਲਖਬੀਰ ਸਿੰਘ, ਬਲਕਾਰ ਸਿੰਘ ਅਤੇ ਬੀਬੀ ਪਰਮਜੀਤ ਕੋਰ ਵਲੋਂ ਗੁਰਦੁਆਰਾ ਸਾਹਿਬ ਨਾਲ ਸਬੰਧਤ ਇਮਾਰਤ ਖਾਲੀ ਕਰਾਉਣ ਦਾ ਕੇਸ ਦਾਇਰ ਕੀਤਾ ਹੋਇਆ ਸੀ।ਜਿਸ ਦੀ ਸੁਣਵਾਈ ਕਰਦਿਆਂ ਮਾਣਯੋਗ ਅਦਾਲਤ ਨੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਦੇ ਰਹਿਣ ਲਈ ਸਿਰਫ ਇੱਕ ਕਮਰਾ ਦੇਣ ਦਾ ਹੁਕਮ ਕੀਤਾ ਸੀ ।ਅਦਾਲਤ ਨੇ ਇਹ ਵੀ ਕਿਹਾ ਸੀ ਕਿ ਗ੍ਰੰਥੀ ਦਾ ਗੁਰਦੁਆਰਾ ਸਾਹਿਬ ਵਿੱਚ ਕੋਈ ਵਾਸਤਾ ਨਹੀ ਰਹੇਗਾ।
Punjab Post Daily Online Newspaper & Print Media

