
ਅੰਮ੍ਰਿਤਸਰ, 19 ਨਵੰਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ) – ਪੰਜਾਬ ਕੈਬਨਿਟ ਵੱਲੋਂ ਅੱਜ ਰਾਜ ਦੇ ਹਰੇਕ ਵਰਗ ਦੇ ਹਿਤਾਂ ਤੇ ਜ਼ਰੂਰਤਾਂ ਨੂੰ ਮੁੱਖ ਰਖ ਕੇ ਕੀਤੇ ਗਏ ਐਲਾਨ ਦਾ ਭਰਪੂਰ ਸਵਾਗਤ ਕਰਦਿਆਂ ਅਕਾਲੀ ਆਗੂਆਂ ਨੇ ਉਕਤ ਫੈਸਲੇ ਨੂੰ ਰਾਜ ਦੀ ਤਕਦੀਰ ਸੰਵਾਰਨ ਵਲ ਚੁੱਕਿਆ ਗਿਆ ਇੱਕ ਵੱਡਾ ਕਦਮ ਕਰਾਰ ਦਿੱਤਾ ਹੈ।
ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਸ: ਤਲਬੀਰ ਸਿੰਘ ਗਿੱਲ ਅਤੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਸਾਹਿਬ ਵਿਖੇ 20 ਦਸੰਬਰ ਨੂੰ ਕੀਤੀ ਜਾ ਰਹੀ ਸਦਭਾਵਨਾ ਰੈਲੀ ਨੂੰ ਕਾਮਯਾਬ ਕਰਨ ਲਈ ਕੀਤੀ ਗਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਮੇਤ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਗਹਿਰੀ ਸਾਜ਼ਿਸ਼ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਤਾਕ ਵਿੱਚ ਹਨ, ਪਰ ਸੂਬਾ ਸਰਕਾਰ ਨੌਜਵਾਨ ਸ਼ਕਤੀ ਨੂੰ ਸਹੀ ਸੇਧ ਦੇਣ ਲਈ ਕੁੱਝ ਦਿਨਾਂ ਵਿੱਚ 1 ਲੱਖ 14 ਹਜ਼ਾਰ ਨਵੀਆਂ ਨੌਕਰੀਆਂ ‘ਤੇ ਭਰਤੀ ਕਰਨ ਜਾ ਰਹੀ ਹੈ।ਜਿਸ ਨਾਲ ਬੇਰੁਜ਼ਗਾਰੀ ਦੂਰ ਹੋਵੇਗੀ ਅਤੇ ਪੰਜਾਬ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਛੂਹੇਗਾ।ਉਹਨਾਂ ਦੱਸਿਆ ਕਿ ਸਦਭਾਵਨਾ ਰੈਲੀ ਵਿੱਚ ਜਨਤਾ ਸਾਹਮਣੇ ਪੰਜਾਬ ਵਿੱਚ ਅਮਨ, ਸ਼ਾਂਤੀ, ਭਾਈਚਾਰਕ ਸਾਂਝ, ਅਤੇ ਸਦਭਾਵਨਾ ਨੂੰ ਸੱਟ ਮਾਰਨ ਵਾਲੀਆਂ ਤਾਕਤਾਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਾਂਗਰਸ ਅਤੇ ਹਮਖ਼ਿਆਲੀ ਗਰਮਦਲੀਆ ਦੇ ਕੋਝੇ ਹੱਥਕੰਡਿਆਂ ਨੂੰ ਸਿਰੇ ਤੋਂ ਨਕਾਰਨ ਅਤੇ ਉਹਨਾਂ ਦੇ ਮਨਸੂਬਿਆਂ ਨੂੰ ਅਸਫਲ ਕਰਨ ਲਈ ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਪੰਜਾਬ ਦਾ ਅਕਸ ਅਤੇ ਮਾਹੌਲ ਖਰਾਬ ਕਰਨ ਦੀਆਂ ਗਤੀਵਿਧੀਆਂ ਵਿੱਚ ਪੂਰੀ ਜ਼ੋਰ-ਸ਼ੋਰ ਨਾਲ ਲੱਗੇ ਹੋਏ ਹਨ।ਪਰ ਹਿੰਸਾ ਭੜਕਾਉਣ ਵਾਲਿਆਂ ਅਤੇ ਭਾਈਚਾਰਕ ਮਾਹੌਲ ਖਰਾਬ ਕਰਨ ਵਾਲਿਆਂ ਨਾਲ ਪੰਜਾਬ ਸਰਕਾਰ ਸਖ਼ਤੀ ਨਾਲ ਨਜਿੱਠੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਵੱਲੋਂ ਖੇਡੀ ਜਾ ਰਹੀ ਮੌਕਾਪ੍ਰਸਤ ਰਾਜਨੀਤੀ ਨੂੰ ਸਫਲ ਨਹੀਂ ਹੋਣ ਦੇਵੇਗੀ ਅਤੇ ਪੰਜਾਬ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਮਾਹੌਲ ਨੂੰ ਹਰ ਹਾਲ ਵਿੱਚ ਕਾਇਮ ਰੱਖਿਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਜਗਰੂਪ ਸਿੰਘ ਚੰਦੀ, ਪਰਮਜੀਤ ਸਿੰਘ ਜੈਂਤੀਪੁਰ, ਜਸਬੀਰ ਸਿੰਘ ਹਦਾਇਤ ਪੁਰਾ, ਬਾਬਾ ਚਰਨ ਸਿੰਘ, ਅਨੂਪ ਸਿੰਘ, ਜਸਵੰਤ ਸਿੰਘ ਮੁਗੋਸੋਹੀ, ਸਾਹਿਬ ਸਿੰਘ ਰੰਗੀਲਪੁਰਾ, ਦਿਲਬਾਗ ਸਿੰਘ ਲਹਿਰਕਾ, ਬਲਦੇਵ ਸਿੰਘ ਹੰਸ, ਗੁਰਮੀਤ ਸਿੰਘ ਸਹਿਣੇਵਾਲੀ, ਰਾਜਾ ਪੰਧੇਰ, ਬਲਦੇਵ ਸਿੰਘ ਮੀਆਂਪੰਧੇਰ, ਜਤਿੰਦਰ ਸਿੰਘ ਤਲਵੰਡੀ, ਗੁਰਵਿੰਦਰ ਸਿੰਘ ਖਿਦੋਵਾਲੀ, ਗੁਰਵਿੰਦਰ ਸਿੰਘ ਚਵਿੰਡਾ , ਬਿਲਾ ਪਹਿਲਵਾਨ, ਰਾਜੂ ਪਹਿਲਵਾਨ, ਸੁਖਮਿੰਦਰ ਸਿੰਘ , ਅਤੇ ਗੁਰਵਿੰਦਰ ਸਿੰਘ ੳਦੋਕੇ ਆਦਿ ਮੌਜੂਦ ਸਨ ।
Punjab Post Daily Online Newspaper & Print Media