
ਅੰਮ੍ਰਿਤਸਰ, 21 ਨਵੰਬਰ (ਗੁਰਚਰਨ ਸਿੰਘ) – ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਅਹਿਮ ਬੈਠਕ ਵੱਖ ਵੱਖ ਭੱਖਦੇ ਮੱਸਲਿਆਂ ਤੇ ਕਰਨ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਹਲਾਤ ਖਰਾਬ ਕਾਂਗਰਸ ਨੇ ਨਹੀਂ ਸz ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਨੇ ਕੀਤੇ ਹਨ ਤਾਂ ਜੋ ਹੁਕਮਰਾਨਾ ਖਿਲਾਫ ਵੱਧ ਰਹੇ ਜਨਤਕ ਰੋਹ ਦਾ ਧਿਆਨ ਦੂਸਰੇ ਪਾਸੇ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਇਕ ਸਾਜਿਸ਼ ਤਹਿਤ ਫੜੇ ਨਹੀਂ ਗਏ।ਪੁਲਿਸ ਨੇ ਦੋ ਸਿੱਖਾਂ ਨੂੰ ਗੋਲੀ ਮਾਰ ਕੇ ਭੁੰਨ ਦਿੱਤਾ ਜੋ ਗੁਰੂ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਸਨ।ਔਜਲਾ ਨੇ ਕਿਹਾ ਕਿ ਡੇਰਾ ਸਿਰਸਾ ਦੇ ਮੁੱਖੀ ਨੂਮ ਮੁਆਫੀ ਬਾਦਲ ਪਰਿਵਾਰ ਨੇ ਧਰਮ ਵਿੱਚ ਦਖਲ ਅੰਦਾਜੀ ਕਰਕੇ ਤਖ਼ਤਾਂ ਦੇ ਜੱਥੇਦਾਰਾਂ ਤੋਂ ਦਿਵਾਈ। ਜਦ ਲੋਕ ਰੋਹ ਭੜਕ ਗਿਆ ਤਾਂ ਫਿਰ ਤਖ਼ਤਾਂ ਦੇ ਜੱਥੇਦਾਰਾਂ ਤੋਂ ਸਜ਼ਾ ਰੱਦ ਕਰਵਾਈ। ਸੜਕਾਂ ਤੇ ਰੇਲਾਂ ਦੀਆਂ ਪਟੜੀਆਂ ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸਰਕਾਰ ਨੇ ਰੋਲਿਆ ਤਾਂ ਜੋ 1509 ਤੇ 1121 ਬਾਸਮਤੀ ਦੀ ਲੁੱਟ ਆਪਣੇ ਚਹੇਤਿਆਂ ਰਾਹੀ ਕਰਵਾਈ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀਆਂ ਕਰੋੜਾਂ ਰੁਪਇਆਂ ਦੀ ਜਖੀਰੇ ਬਾਜੀ ਬਾਸਮਤੀ ਦੀ ਕੀਤੀ। ਕਿਸਾਨ ਨੇ 900 ਤੇ 1100 ਵਿੱਚ ਬਾਸਮਤੀ ਕੌਡੀਆਂ ਦੇ ਭਾਅ ਵੇਚੀ ਜੋ ਹੁਣ 2800 ਨੂੰ ਵਿਕ ਰਹੀ ਹੈ।ਔਜਲਾ ਨੇ ਦੋਸ਼ ਲਾਇਆ ਕਿ ਸਵਾ ਲੱਖ ਨੌਕਰੀਆਂ ਜੋ ਕੱਢੀਆਂ ਹਨ, ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਸਰਕਾਰ ਪਿਛਲੇ 9 ਸਾਲਾਂ ਤੋਂ ਬਿਨ੍ਹਾਂ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਚਲ ਰਹੀ ਸੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਦੇ ਐਲਾਨ ਫੌਕੇ ਤੇ ਵੋਟਾਂ ਬਟੌਰਨ ਲਈ ਹਨ। ਪੰਜਾਬ ਦਾ ਖਜਾਨਾ ਖਾਲੀ ਹੈ, ਸਰਕਾਰ ਮਾਲੀ ਸੰਕਟ ਦੀ ਸ਼ਿਕਾਰ ਹੈ। ਉਸ ਕੋਲ ਮੁਲਾਜਮਾਂ ਨੂੰ ਤਨਖਾਹ ਦੇਣ ਜੋਗੇ ਪੈਸੇ ਨਹੀਂ ਕੀਤੇ ਗਏ।ਇਸ ਲਈ ਕੀਤੇ ਸਭ ਐਲਾਨ ਵਿਅਰਥ ਹਨ।ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਮਾਫੀਆਂ ਦਾ ਰਾਜ ਹੈ। ਜੋ ਡਰੱਗਜ਼, ਰੇਤਾਂ, ਕੇਬਲ, ਟਰਾਂਸਪੋਰਟ ਤੇ ਹੋਰ ਲੁੱਟ ਕਰਨ ਲਈ ਸਰਗਰਮ ਹਨ। ਔਜਲਾ ਨੇ ਬਾਦਲ ਪਰਾਿਵਰ ਤੇ ਉਸ ਦੇ ਲੱਠਮਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਉਸ ਨੇ ਕਾਂਗਰਸੀਆਂ ਖਿਲਾਫ ਕੋਈ ਗਲਤ ਕਾਰਵਾਈ ਕੀਤੀ ਤਾਂ ਉਹ ਸੜਕਾਂ ਤੇ ਉਤਰਨਗੇ ਅਤੇ ਜੇਲ੍ਹਾਂ ਭਰ ਦੇਣਗੇ। ਔਜਲਾ ਨੇ ਸਵਾਲਾਂ ਦੇ ਜਵਾਬ ਵਿੱਚ ਸਪੱਸ਼ਟ ਕੀਤਾ ਕਿ ਉਹ ਸਰਬੱਤ ਖਾਲਸੇ ਦੇ ਫੈਸਲਿਆਂ ਨਾਲ ਅਸਹਿਮਤ ਹਨ।ਪਰ ਬਾਦਲ ਪਰਿਵਾਰ ਤੇ ਸ਼੍ਰੋਮਣੀ ਕਮੇਟੀ ਤੇ ਗੁਰਧਾਮਾਂ ਨੂੰ ਅਜ਼ਾਦ ਕਰਵਾਉਣ ਚਾਹੁੰਦੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਕੈਬਨਿਟ ਵਜੀਰ ਸਿਕੰਦਰ ਸਿੰਘ, ਮਲੂਕਾ ਵਾਂਗ ਪੰਜਾਬ ਦੇ ਅੱਕੇ ਲੋਕ ਸੁਖਬੀਰ ਸਿੰਘ ਬਾਦਲ ਦਾ ਘਿਰਾਉ ਵੀ ਕਰ ਸਕਦੇ ਹਨ। ਇਸ ਮੌਕੇ ਸਾਬਕਾ ਵਜੀਰ ਸੁਖਦੇਵ ਸਿੰਘ ਸਹਿਬਾਜ਼ਪੁਰੀ, ਰਮੇਸ਼ ਗੁਪਾਲਪੁਰਾ, ਜਗਵਿੰਦਰ ਸਿੰਘ ਜੱਗਾ ਮਜੀਠੀਆ, ਬਲਵਿੰਦਰ ਕੌਰ, ਕਰਮਜੀਤ ਸਿੰਘ ਭੀਲ ਘਰਿੰਡੀ, ਭਰਪੂਰ ਸਿੰਘ ਮਹੈਣੀਆਂ, ਹਰਜਿੰਦਰ ਸਿੰਘ ਸਾਂਘਣਾ, ਲੀਲਾ ਵਰਮਾਂ ਅਤੇ ਹੋਰ ਆਗੂ ਮੌਜੂਦ ਸਨ।
Punjab Post Daily Online Newspaper & Print Media