Tuesday, March 24, 2026

ਉਸਾਰੀ ਮੁਕੰਮਲ ਹੋਣ ‘ਤੇ ਅਲੌਕਿਕ ਦਿੱਖ ਪੇਸ਼ ਕਰੇਗੀ ਭਗਵਾਨ ਵਾਲਮੀਕਿ ਦੀ ਯਾਦਗਾਰ- ਲੋਪੋਕੇ

Valmik Ji

ਅੰਮ੍ਰਿਤਸਰ, 24 ਨਵੰਬਰ (ਗੁਰਚਰਨ ਸਿੰਘ) – ਰਾਮ ਤੀਰਥ ਵਿਖੇ ਕਰੁਣਾਸਾਗਰ ਭਗਵਾਨ ਵਾਲਮੀਕਿ ਦੀ ਬਣ ਰਹੀ ਵਿਸ਼ਵ ਪੱਧਰੀ ਯਾਦਗਾਰ ਉਸਾਰੀ ਕਾਰਜ ਮੁਕੰਮਲ ਹੋਣ ਪਿੱਛੋਂ ਅਲੌਕਿਕ ਦਿੱਖ ਪੇਸ਼ ਕਰੇਗੀ ਅਤੇ ਇਸ ਵਿਲੱਖਣ ਅਜੂਬੇ ਦੇ ਵਿਸ਼ਵ ਭਰ ਵਿਚੋਂ ਸੰਗਤਾਂ ਦਰਸ਼ਨਾਂ ਲਈ ਪਹੁੰਚਿਆ ਕਰਨਗੀਆਂ। ਇਹ ਪ੍ਰਗਟਾਵਾ ਜ਼ਿਲ੍ਰਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ ਨੇ ਰਾਮ ਤੀਰਥ ਵਿਖੇ ਮਨਾਏ ਜਾ ਰਹੇ ਸਾਲਾਨਾ ਮੇਲੇ ਮੌਕੇ ਅੱਜ ਦਿਵਯ ਮੰਦਿਰ ਦੇ ਸ਼ੁੱਧੀਕਰਨ ਲਈ ਕਰਵਾਏ ਯੱਗ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਸ. ਵੀਰ ਸਿੰਘ ਲੋਪੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਦਿਰ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਜੋ ਕਿ ਜਲਦ ਹੀ ਮੁਕੰਮਲ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਮ ਮੁਕੰਮਲ ਹੋਣ ਪਿੱਛੋਂ ਇਹ ਇਕ ਵਿਲੱਖਣ ਤੇ ਆਪਣੀ ਕਿਸਮ ਦਾ ਪਹਿਲਾ ਮੰਦਿਰ ਹੋਵੇਗਾ ਜੋ ਕਿ ਪੰਜਾਬ ਸਰਕਾਰ ਵਲੋਂ 185 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਇਸ ਪ੍ਰਾਜੈਕਟ ਨੂੰ ਇਕ ਮਿਸ਼ਨ ਵਜੋਂ ਲੈਂਦਿਆਂ ਲਗਾਤਾਰ ਨਜ਼ਰਸਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਅਜੋਕੇ ਦੌਰ ਵਿਚ ਵੀ ਪੂਰੀ ਤਰ੍ਹਾਂ ਸਾਰਥਕ ਹਨ ਅਤੇ ਸਾਨੂੰ ਇਨ੍ਹਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ।
ਇਸ ਮੌਕੇ ਮਹੰਤ ਮਲਕੀਤ ਨਾਥ ਸਰਪ੍ਰਸਤ ਧੂਣਾ ਸਾਹਿਬ ਟਰੱਸਟ ਨੇ ਆਰਤੀ ਕੀਤੀ ਅਤੇ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਐਸ. ਡੀ. ਐਮ ਅਜਨਾਲਾ-ਕਮ-ਮੇਲਾ ਅਫ਼ਸਰ ਸ੍ਰੀ ਬੀ. ਐਸ ਧਾਲੀਵਾਲ ਨੇ ਦੱਸਿਆ ਕਿ ਮੇਲੇ ਦੌਰਾਨ ਸੰਗਤਾਂ ਦੀ ਸਹੂਲਤ ਲਈ ਵੱਡੇ ਪ੍ਰਬੰਧ ਕੀਤੇ ਗਏ ਹਨ। ਕੌਂਸਲਰ ਓਮ ਪ੍ਰਕਾਸ਼ ਗੱਬਰ ਨੇ ਇਸ ਮੌਕੇ ਦੱਸਿਆ ਕਿ ਮੇਲੇ ਵਿਚ ਸੰਗਤਾਂ ਦੂਰ-ਦੂਰ ਤੋਂ ਵੱਡੀ ਗਿਣਤੀ ਵਿਚ ਪਹੁੰਚ ਰਹੀਆਂ ਹਨ, ਜਿਨ੍ਹਾਂ ਦੀ ਸਹੂਲਤ ਲਈ ਰਿਹਾਇਸ਼ ਅਤੇ ਲੰਗਰ ਆਦਿ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਤਹਿਸੀਲਦਾਰ ਸ੍ਰੀ ਅਰਵਿੰਦ ਪ੍ਰਕਾਸ਼, ਭਗਵਾਨ ਵਾਲਮੀਕਿ ਯੂਥ ਦਲ ਦੇ ਚੇਅਰਮੈਨ ਸ੍ਰੀ ਪ੍ਰਦੀਪ ਚੌਹਾਨ ਤੋਂ ਇਲਾਵਾ ਬਹੁਤ ਸਾਰੀਆਂ ਧਾਰਮਿਕ ਸ਼ਖਸੀਅਤਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply