
ਅੰਮ੍ਰਿਤਸਰ, 26 ਨਵੰਬਰ (ਜਗਦੀਪ ਸਿੰਘ ਸੱਗੂ) ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲ਼ਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਰਤੀ ਜਾ ਰਹੀ ਚੌਕਸੀ ਦੇ ਤਹਿਤ ਥਾਣਾ ਬੀ ਡਵੀਜ਼ਨ ਦੀ ਪੁਲਿਸ ਨੂੰ ਨਸ਼ੀਲ਼ੀਆਂ ਗੋਲ਼ੀਆਂ ਤੇ ਪਾਊਡਰ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦੀ ਖਬਰ ਹੈ।ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਡੀਸ਼ਨਲ ਐਸ.ਐਚ.ਓ ਸਤਨਾਮ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਸ਼ਰਨਜੀਤ ਸਿੰਘ ਨੇ ਸੂਚਨਾ ਦੇ ਅਧਾਰ ‘ਤੇ ਲਾਏ ਗਏ ਨਾਲੇ ਦੌਰਾਨ ਸਾਗਰ ਉਰਫ ਮਨਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਗਲੀ ਨੰ: 4, ਨਿਗਮ ਕਲੋਨੀ ਨੇੜੇ ਗੋਬਿੰਦ ਪੈਲੇਸ ਤਰਨ ਤਾਰਨ ਰੋਡ ਅਤੇ ਵਿਸ਼ਾਲ ਕੁਮਾਰ ਉਰਫ ਬਿੱਲੂ ਪੁੱਤਰ ਦਵਿੰਦਰ ਕੁਮਾਰ ਵਾਸੀ 1142 ਦਰਗਾਹ ਬਾਬਾ ਪਿੱਪਲ ਪੀਰ ਗੁੱਜਰਪੁਰਾ ਨੂੰ ਸ਼ੱਕ ਦੇ ਅਧਾਰ ‘ਤੇ ਕਾਬੂ ਕਰਕੇ ਦੋਵਾਂ ਪਾਸੋਂ 100/100 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਹਨ।ਇੰਨਾਂ ਦੋਸ਼ੀਆਂ ਖਿਲਾਫ ਐਨ.ਡੀ.ਪੀ.ਐਸ ਐਕਟ ਦੀ ਧਾਰਾ 22/61/85 ਤਹਿਤ ਮੁਕੱਦਮਾ ਨੰਬਰ 162/15 ਦਰਜ਼ ਕੀਤਾ ਗਿਆ ਹੈ।ਇਸੇ ਤਰਾਂ ਏ.ਐਸ.ਆਈ ਕੰਵਲਜੀਤ ਸਿੰਘ ਨੇ ਸਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਗੁਰਨਾਮ ਸਿੰਘ ਵਾਸੀ ਏਕਤਾ ਨਗਰ ਚਮਰੰਗ ਰੋਡ ਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਰਣਜੀਤ ਸਿੰਘ ਵਾਸੀ ਡੇਰਾ ਅਤਰੇ ਸ਼ਾਹ ਏਕਤਾ ਨਗਰ ਚਮਰੰਗ ਰੋਡ ਨੂੰ ਲਗਾਏ ਗਏ ਨਾਕੇ ਦੌਰਾਨ ਸ਼ੱਕ ਵਜੋਂ ਕਾਬੂ ਕਰਕੇ ਜਦ ਉਨਾਂ ਦੀ ਤਲਾਸ਼ੀ ਲਈ ਤਾਂ ਸਮਸ਼ੇਰ ਸਿੰਘ ਪਾਸੋਂ 80 ਗ੍ਰਾਮ ਨਸ਼ੀਲਾ ਪਾਊਡਰ ਅਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਪਾਸੋਂ 70 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਥਾਣਾ ਬੀ ਡਵੀਜ਼ਨ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22/61/85 ਤਹਿਤ ਮੁਕੱਦਮਾ ਨੰਬਰ 163/15 ਦਰਜ਼ ਕੀਤਾ ਗਿਆ ਹੈ। ਏ.ਐਸ.ਆਈ ਸਤਨਾਮ ਸਿੰਘ ਨੇ ਦਸਿਆ ਕਿ ਉਕਤ ਚਾਰੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ।
Punjab Post Daily Online Newspaper & Print Media