Wednesday, March 25, 2026

ਪੰਜਾਬ ਦੇ ਦੁਸ਼ਮਣਾਂ ਦੀਆਂ ਨੀਂਦਰਾਂ ਉਡਾ ਦੇਵੇਗੀ 14 ਦੀ ਗੋਇੰਦਵਾਲ ਸਦਭਾਵਨਾ- ਮਜੀਠੀਆ

PPN1112201523ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ੧੪ ਦਸੰਬਰ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਣ ਜਾ ਰਹੀ ਸਦਭਾਵਨਾ ਰੈਲੀ ਸੰਬੰਧੀ ਲੋਕਾਂ ਵਿੱਚ ਅਜਿਹਾ ਉਤਸ਼ਾਹ ਦੇਖਿਆ ਜਾ ਰਿਹਾ ਹੈ ਜਿਸ ਨਾਲ ਪੰਥ ਦੋਖੀਆਂ ਅਤੇ ਪੰਜਾਬ ਦੇ ਦੁਸ਼ਮਣਾਂ ਦੀਆਂ ਨੀਂਦਰਾਂ ਉੱਡ ਜਾਣਗੀਆਂ । ਸ: ਮਜੀਠੀਆ ਅੱਜ ਇੱਥੇ ਰੈਲੀ ਸੰਬੰਧੀ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਅਕਾਲੀ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਸਮੇਤ ਸੀਨੀਅਰ ਅਕਾਲੀ ਆਗੂਆਂ ਦੀ ਮੀਟਿੰਗ ਦੌਰਾਨ ਤਿਆਰੀ ਸੰਬੰਧੀ ਜਾਇਜ਼ਾ ਲੈ ਰਹੇ ਸਨ। ਇਸ ਮੌਕੇ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਬੋਨੀ ਅਮਰਪਾਲ ਸਿੰਘ ਅਜਨਾਲਾ ( ਸਾਰੇ ਮੁੱਖ ਪਾਰਲੀਮਾਨੀ ਸਕੱਤਰ) ਵਿਧਾਇਕ ਮਨਜੀਤ ਸਿੰਘ ਮਨਾ, ਬਲਜੀਤ ਸਿੰਘ ਜਲਾਲ ਉਸਮਾ, ਸ: ਵੀਰ ਸਿੰਘ ਲੋਪੋਕੇ, ਯੂਥ ਅਕਾਲੀ ਦਲ ਮਾਝਾ ਜੋਨ ਦੇ ਪ੍ਰਧਾਨ ਸ: ਰਵੀਕਰਨ ਸਿੰਘ ਕਾਹਲੋ, ਰਵਿੰਦਰ ਸਿੰਘ ਬ੍ਰਹਮਪੁਰਾ, ਤਲਬੀਰ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਟਿਕਾ, ਨਵਦੀਪ ਸਿੰਘ ਗੋਲਡੀ ਅਤੇ ਸੁਰਜੀਤ ਸਿੰਘ ਭਿਟੇਵਡ ਦੀ ਮੌਜੂਦਗੀ ਵਿੱਚ ਪ੍ਰੈੱਸ ਨਾਲ ਗੱਲ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਦੀ ਸਦਭਾਵਨਾ ਰੈਲੀ ਇਤਿਹਾਸਕ ਪੱਖੋਂ ਲਾ ਮਿਸਾਲ ਹੋਵੇਗੀ। ਉਹਨਾਂ ਕਿਹਾ ਕਿ ਮਾਝੇ ਦੀ ਧਰਤੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾਂ ਸ਼ਕਤੀ ਪ੍ਰਦਾਨ ਕੀਤੀ ਹੈ ਅਤੇ ਉਕਤ ਵਿਸ਼ਾਲ ਰੈਲੀ ਰਾਹੀ ਮਾਝੇ ਦੇ ਲੋਕ ਕਾਂਗਰਸ ਨੂੰ ਵੱਡੀ ਚੁਨੌਤੀ ਦੇਵੇਗੀ। ਅਤੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਦੀ ਅਗਲੀ ਸਰਕਾਰ ਦਾ ਮੁੱਢ ਬੰਨ੍ਹੇਗੀ। ਉਹਨਾਂ ਦੱਸਿਆ ਕਿ ਪਾਰਟੀ ਵਰਕਰਾਂ ਅਤੇ ਲੋਕਾਂ ਵਿੱਚ ਇਨ੍ਹਾ ਉਤਸ਼ਾਹ ਪਾਇਆ ਜਾ ਰਿਹਾ ਹੈ ਕਿ ਪ੍ਰਬੰਧਕਾਂ ਨੂੰ ਸਾਧਨ ਜੁਟਾਉਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਉਹਨਾਂ ਕਿਹਾ ਕਿ ਮਾਝੇ ਦੀ ਧਰਤੀ ਹੋਣ ਜਾ ਰਿਹਾ ਲਾਮਿਸਾਲ ਇਕੱਠ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਪ੍ਰਤੀ ਢੁਕਵਾਂ ਮੂੰਹ ਤੋੜ ਜਵਾਬ ਹੋਵੇਗਾ।  ਖਡੂਰ ਸਾਹਿਬ ਜਿਮਨੀ ਚੋਣ ਸੰਬੰਧੀ ਗਲ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਜਿਮਨੀ ਚੋਣ ਲਈ ਕਾਂਗਰਸ ਕਿਸੇ ਵੀ ਉਮੀਦਵਾਰ ਨੂੰ ਖੜ੍ਹਾ ਕਰ ਦੇਵੇ ਅਕਾਲੀ ਦਲ ਲਈ ਕੋਈ ਮਸਲਾ ਨਹੀਂ ਹੈ। ਉਹਨਾਂ ਕਿਹਾ ਕਿ ਖਡੂਰ ਸਾਹਿਬ ਵਿੱਚ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਲੋਕਾਂ ਨੇ ਮੁੱਲ ਪਾਉਣਾ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੁਆਰਾ ਲਗਾਤਾਰ ਸੰਗਤ ਦਰਸ਼ਨ ਕਰ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹਲ ਕਰਨ ਤੋ ਇਲਾਵਾ ਵਿਕਾਸ ਦੀ ਹਨੇਰੀ ਲਿਆਂਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਚਬਾ ਦੇ ਇਕੱਠ ਵਿੱਚ ਹਿੱਸਾ ਲੈਣ ਵਾਲੇ ਕਾਂਗਰਸੀ ਆਗੂਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਕੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਉਹਨਾਂ ਨਾਲ ਸਹਿਮਤੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਬਲ਼ੂ ਸਟਾਰ ਅਪਰੇਸ਼ਨ ਅਤੇ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸ ਨੇ ਹੁਣ ਦੇਸ਼ ਵਿਰੋਧੀਆਂ ਦੀਆਂ ਸਟੇਜਾਂ ਨੂੰ ਆਪਣੇ ਹਿਤਾਂ ਲਈ ਵਰਤਣਾ ਜਾਰੀ ਰੱਖਿਆ ਹੈ। ਉਹਨਾਂ ਕਿਹਾ ਕਿ ਉਕਤ ਇਕੱਠ ਵਿੱਚ ਪੰਜਾਬ ਵਿਰੋਧੀ ਮਤਿਆਂ ਨੂੰ ਤਿਆਰ ਕਰਨ ਵਿੱਚ ਕਾਂਗਰਸ ਨੇ ਸਹਿਯੋਗ ਦੇ ਕੇ ਪੰਜਾਬ ਵਿੱਚ ਡਰ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਤਾ ਹਾਸਲ ਕਰਨ ਲਈ ਅਤੇ ਆਪਣੇ ਫਾਇਦੇ ਲਈ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਏਕਤਾ ਨੂੰ ਭੰਗ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਰਚਣ ਵਰਗੇ ਕਿਸੇ ਵੀ ਹੱਦ ਤਕ ਜਾ ਸਕਦੀ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply