
ਬਠਿੰਡਾ, 16 ਦਸੰਬਰ (ਜਸਵਿਂਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਅੱਜ ਅੰਬੇਦਕਰ ਭਵਨ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਵਿਦਿੱਅਕ ਤੇ ਭਲਾਈ ਟਰੱਸਟ ਚੰਡੀਗੜ੍ਹ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਟਰੱਸਟ ਦੇ ਚੇਅਰਮੈਨ ਭਾਈ ਜਸਵੰਤ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਭਾਈ ਜਸਵੰਤ ਸਿੰਘ ਨੇ ਟਰੱਸਟ ਦੁਆਰਾ ਲੜੇ ਜਾ ਰਹੇ ਵੱਖ ਵੱਖ ਕੇਸਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੋ ਰਾਖਵਾਂਕਰਨ ਦਾ ਕੇਸ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ ਉਸ ਦੀ ਸੁਣਵਾਈ ਵੀ ਸ਼ੁਰੂ ਹੋਣ ਵਾਲੀ ਹੈ। ਚੰਡੀਗੜ੍ਹ ਦੇ 53 ਸੈਕਟਰ ਵਿਖੇ ਚੰਡੀਗੜ੍ਹ ਪ੍ਰਸਾਸ਼ਨ ਦੁਆਰਾ ਢਾਹਿਆ ਗਿਆ ਗੁਰਦੁਆਰਾ ਸਾਹਿਬ ਦਾ ਕੇਸ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕਰ ਦਿੱਤੇ ਹੈ। ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੁੰਗਾ ਮਜ੍ਹਬੀ ਸਿੱਖਾਂ ਵਾਲਾ ਕੇਸ ਜਿੱਤ ਲਿਆ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਬੁੰਗਾ ਬਣਾਉਣ ਦੀ ਅਪੀਲ ਕੀਤੀ ਗਈ ਹੈ ਜੋ ਜਲਦੀ ਹੀ ਬੁੰਗਾ ਬਣ ਜਾਣ ਦੀ ਉਮੀਦ ਹੈ।ਇਸ ਸਬੰਧੀ ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਲੋਕ ਕੌਮ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ। ਇਸੇ ਤਰ੍ਹਾਂ ਸਿੱਖ ਇਤਿਹਾਸ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਵਿੱਚ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਸ਼ਹੀਦੀ ਅਸਥਾਨ ਬਾਬਾ ਜੀਵਨ ਸਿੰਘ ਜੀ ਚਮਕੌਰ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਤੱਪ ਅਸਥਾਨ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਤਿਹਾਸਕ ਗੁਰਦੁਆਰਿਆਂ ਦੀ ਲਿਸਟ ਵਿੱਚੋਂ ਗਾਇਬ ਕਰ ਦਿੱਤਾ ਹੈ ਜੋ ਕਿ ਸਹਿਣਯੋਗ ਨਹੀਂ ਹੈ। ਇਸੇ ਤਰ੍ਹਾਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨਾਲ ਕੱਚੀ ਗੜ੍ਹੀ ਵਿੱਚ ਸ਼ਹੀਦ ਹੋਣ ਵਾਲੇ 40 ਸਿੰਘਾਂ ਵਿੱਚੋਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਨਾਮ ਹੀ ਹਟਾ ਦਿੱਤਾ ਗਿਆ ਹੈ ਜੋ ਕਿ ਕੋਝੀ ਚਾਲ ਹੈ। ਉਨ੍ਹਾਂ ਇਸ ਗੰਭੀਰ ਗਲਤੀ ਅਰਥਾਤ ਸ਼ਰਾਰਤ ਪ੍ਰਤੀ ਆਪਣਾ ਰੋਸ ਦਰਜ ਕਰਨ ਲਈ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ ਨੂੰ ਲਿਖਤੀ ਪੱਤਰ ਭੇਜੇ ਗਏ ਹਨ ਪਰ ਅਜੇ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਦੇ ਡੇਰੇ ਬਾਬਾ ਪ੍ਰੇਮ ਸਿੰਘ ਬੇਗੋਵਾਲ (ਭੁਲੱਥ) ਵੱਲੋਂ ਪ੍ਰਕਾਸ਼ਤ ਰਸਾਲੇ ‘ਪ੍ਰੇਮ ਸੰਦੇਸ਼’ ਵਿੱਚ ਬਾਬਾ ਜੀਵਨ ਸਿੰਘ ਨਾਲ ਸਬੰਧਤ ਲਿਖੇ ਲੇਖ ਵਿੱਚ ਤੱਥ ਤੋੜ ਮਰੋੜ ਕੇ ਪੇਸ਼ ਕੀਤੇ ਹਨ। ਇਸ ਸਬੰਧੀ ਬੀਬੀ ਜੰਗੀਰ ਕੌਰ, ਸੰਪਾਦਕ ਅਤੇ ਲਿਖਾਰੀ ਨੂੰ ਕਾਨੂੰਨੀ ਨੋਟਿਸ ਭੇਜੇ ਜਾ ਚੁੱਕੇ ਹਨ। ਉਨ੍ਹਾਂ ਅਜਿਹੇ ਸ਼ਰਾਰਤੀ ਲੋਕਾਂ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਉਹਜ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਝ ਆ ਜਾਣ। ਉਨ੍ਹਾਂ ਦੱਸਿਆ ਕਿ ਵਿਰਾਸਤ ਏ ਖਾਲਸਾ ਵਿਖੇ ਬਾਬਾ ਜੀਵਨ ਸਿੰਘ ਦੀ ਯਾਦਗਾਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 5 ਏਕੜ ਜਮੀਨ ਦਿੱਤੀ ਗਈ ਹੈ ਅਤੇ ਸਾਰਾ ਮਾਸਟਰ ਪਲਾਨ ਤਿਆਰ ਹੋ ਗਿਆ ਹੈ ਤੇ ਜਲਦ ਹੀ ਉਸਾਰੀ ਕਾਰਜ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਲਈ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਮੇਸ਼ ਸਿੰਘ ਕੋਟਸ਼ਮੀਰ, ਵਾਈਸ ਚੇਅਰਮੈਨ ਸੁਖਚੈਨ ਸਿੰਘ ਸਾਬਕਾ ਡੀਐਸਪੀ, ਬਾਬਾ ਜੀਵਨ ਸਿੰਘ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਕਸ਼ਮੀਰ ਸਿੰਘ, ਮਾਸਟਰ ਹਰਬੰਸ ਸਿੰਘ, ਮਾਸਟਰ ਬਲਦੇਵ ਸਿੰਘ ਤਲਵੰਡੀ, ਕੌਂਸਲਰ ਨਾਜਮ ਸਿੰਘ ਗਿਆਨਾ, ਲੈਕਚਰਾਰ ਰਣਜੀਤ ਸਿੰਘ, ਨਰਿੰਦਰਪਾਲ ਸਿੰਘ ਸਰਕਲ ਪ੍ਰਧਾਨ ਅਕਾਲੀ ਦਲ, ਸੁਖਮੰਦਰ ਸਿੰਘ ਮੱਟੂ, ਨਛੱਤਰ ਸਿੰਘ ਮੌੜ, ਚੰਦ ਸਿੰਘ ਬਲਾਕ ਸੰਗਤ, ਮਾਸਟਰ ਪ੍ਰਦੀਪ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
Punjab Post Daily Online Newspaper & Print Media