
ਨਵੀਂ ਦਿੱਲੀ, 17 ਦਸੰਬਰ (ਅੰਮ੍ਰਿਤ ਲਾਲ ਮੰਨਣ)- ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਂਦੇ ਹੋਇਆਂ ਮੁਗਲ ਫੌਜਾਂ ਵੱਲੋਂ ਬਾਬਾ ਜੀ ਅਤੇ ਸਾਥੀ ਸਿੰਘਾਂ ਨੂੰ ਬੰਦੀ ਬਣਾਉਣ ਦੇ ਪ੍ਰਤੀਕ ਸਥਾਨ ਗੜ੍ਹੀ ਗੁਰਦਾਸ ਨੰਗਲ, ਗੁਰਦਾਸਪੁਰ (ਪੰਜਾਬ) ਤੋਂ ਦਿੱਲੀ ਦੇ ਚਾਂਦਨੀ ਚੌਕ ਲਿਆਉਣ ਤਕ ਦੇ ਬੰਦੀ ਮਾਰਗ ‘ਤੇ ਜੂਨ 2016 ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਗੱਲ ਦਾ ਐਲਾਨ ਅੱਜ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਹੋਏ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਸਜਾਏ ਗਏ ਗੁਰਮਤਿ ਸਮਾਗਮ ਦੌਰਾਨ ਕੀਤਾ। ਜੀ.ਕੇੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਨੂੰ ਬੇਮਿਸਾਲ ਦੱਸਦੇ ਹੋਏ ਇਸ ਕੁਰਬਾਨੀ ਤੋਂ ਮੂੰਹ ਮੋੜ ਕੇ ਖੜੇ ਦੂਸਰੇ ਫਿਰਕੇ ਦੇ ਲੋਕਾਂ ਨੂੰ ਅਹਿਸਾਨਫਰਾਮੋਸ਼ ਦੱਸਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਨੂੰ ਇਨਸਾਨੀਅਤ ਨੂੰ ਕਾਇਮ ਰੱਖਣ, ਜ਼ੁਲਮ ਦੇ ਖਿਲਾਫ਼, ਬਰਾਬਰੀ ਅਤੇ ਹੱਕ ਦੀ ਲੜਾਈ ਦੇ ਸੇਕ ਨੂੰ ਤੇਜ਼ ਕਰਨ ਦੀ ਦਿਸ਼ਾ ਵਿੱਚ ਜੀ.ਕੇ. ਨੇ ਵੱਡੀ ਸ਼ਹਾਦਤ ਦੱਸਿਆ। ਜੀ.ਕੇ. ਨੇ ਕਮੇਟੀ ਵੱਲੋਂ ਧਰਮ ਪ੍ਰਚਾਰ, ਸਿੱਖਿਆ, ਘੱਟ ਪੜ੍ਹੇ ਲਿਖੇ ਨੋਜਵਾਨਾਂ ਵਾਸਤੇ ਤਕਨੀਕੀ ਕੋਰਸ, ਖੇਡਾਂ, ਬੇਰੁਜ਼ਗਾਰਾਂ ਨੂੰ ਕਰਜ਼, ਲੋੜਵੰਦ ਵਿਦਿਆਰਥੀਆਂ ਦੀ ਫੀਸ ਮੁਆਫੀ ਲਈ ਕਾਰਜ ਕਰਨ ਦਾ ਦਾਅਵਾ ਕਰਦੇ ਹੋਏ ਭੁੱਲੇ-ਵਿਸਰੇ ਸਿੱਖ ਇਤਿਹਾਸ ਨੂੰ ਸੰਭਾਲਣ ਵਾਸਤੇ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੀ ਵੇਰਵਾ ਦਿੱਤਾ। ਜੀ.ਕੇ. ਨੇ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ ਸੰਵਾਦ ਦੇ ਸਿਧਾਂਤ ‘ਤੇ ਚੱਲਣ ਦੀ ਪ੍ਰੇਰਨਾ ਕਰਦੇ ਹੋਏ ਸਿੱਖੀ ਦਾ ਘੇਰਾ ਵੱਡਾ ਕਰਨ ਵਾਸਤੇ ਸੰਗਤਾਂ ਨੂੰ ਪੰਥ ਦਾ ਉਸਾਰੂ ਪੱਖ ਇੱਕ ਪ੍ਰਚਾਰਕ ਦੀ ਤਰ੍ਹਾਂ ਦੂਸਰੇ ਫਿਰਕੇ ਦੇ ਲੋਕਾਂ ਤਕ ਰੋਜ਼ਾਨਾਂ ਕਾਰ-ਵਿਵਹਾਰ ਦੌਰਾਨ ਰੱਖਣ ਦਾ ਵੀ ਸੱਦਾ ਦਿੱਤਾ।
ਜੀ.ਕੇ. ਨੇ ਕੱਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵੱਫ਼ਦ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਆ ਰਹੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਵੱਡੇ ਪੱਧਰ ‘ਤੇ ਮਨਾਉਂਣ ਵਾਸਤੇ ਮੁਲਾਕਾਤ ਕਰਨ ਦੀ ਵੀ ਜਾਣਕਾਰੀ ਦਿੱਤੀ। ਢਾਡੀ ਅਤੇ ਕਵੀ ਕਲਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਵਾਸਤੇ ਜੀ.ਕੇ. ਨੇ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਦਮਦਮਾ ਸਾਹਿਬ ਵਿੱਖੇ ਵੱਡੇ ਪੱਧਰ ‘ਤੇ ਢਾਡੀ ਦਰਬਾਰ ਆਯੋਜਿਤ ਕਰਨ ਦਾ ਵੀ ਐਲਾਨ ਕੀਤਾ। ਲੁਬਾਣਾ, ਸਿਕਲੀਗਰ ਅਤੇ ਵਣਜਾਰਾ ਸਮਾਜ ਨੂੰ ਬਣਦਾ ਮਾਨ ਸਤਿਕਾਰ ਦੇਣ ਦੀ ਵੀ ਜੀ.ਕੇ. ਨੇ ਸੰਗਤਾਂ ਨੂੰ ਅਪੀਲ ਕੀਤੀ।
ਸਿਰਸਾ ਨੇ ਕਿਹਾ ਕਿ ਕਮੇਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੌਮ ਦੀ ਸੇਵਾ ਕਰਨ ਦਾ ਯਤਨ ਕਰ ਰਹੀ ਹੈ, ਪਰ ਫਿਰ ਵੀ ਜੇਕਰ ਕੋਈ ਕਮੀ ਸਾਡੇ ਪਾਸੋਂ ਰਹਿ ਜਾਵੇ ਤਾਂ ਸੰਗਤਾਂ ਉਸ ਬਾਰੇ ਸਾਨੂੰ ਜ਼ਰੂਰ ਦੱਸਣ। ਸਿਰਸਾ ਨੇ ਉ-ਘੇ ਸਿੱਖ ਪ੍ਰਚਾਰਕ ਸੰਤ ਸਿੰਘ ਮਸਕੀਨ ਜੀ ਦੀ ਕਥਾ ਦਾ ਹਵਾਲਾ ਦਿੰਦੇ ਹੋਏ ਗੁਰੂ ਸਾਹਿਬ ਦੀ ਸ਼ਹੀਦੀ ਦੇ ਮਕਸਦ ਤੋਂ ਬੇਪਰਵਾਹ ਲੋਕਾਂ ‘ਤੇ ਸਿੱਧਾ ਸ਼ਬਦੀ ਨਿਸ਼ਾਨਾ ਸਾਧਿਆ। ਸਿਰਸਾ ਨੇ ਦਾਅਵਾ ਕੀਤਾ ਕਿ ਹਿੰਦੁਸਤਾਨ ਦੇ ਲੋਕ ਰੋਜ਼ਾਨਾ 9ਵੇਂ ਅਤੇ 10ਵੇਂ ਪਾਤਿਸ਼ਾਹ ਦੀਆਂ ਕੁਰਬਾਨੀਆਂ ਦਾ ਧੰਨਵਾਦ ਵੀ ਕਰਨ ਤਾਂ ਵੀ ਉਹ ਗੁਰੂ ਸਾਹਿਬ ਦਾ ਕਰਜ਼ਾ ਨਹੀਂ ਉਤਾਰਿਆ ਜਾ ਸਕਦਾ। ਸਿਰਸਾ ਨੇ ਗੁਰੂ ਘਰਾਂ ਵਿਚ ਹੁੰਦੇ ਪ੍ਰਚਾਰ ਦਾ ਫਾਇਦਾ ਸਿੱਖਾਂ ਤੋਂ ਇਲਾਵਾ ਬਾਕੀ ਲੋਕਾਂ ਤਕ ਨਾ ਪਹੁੰਚਣ ਦੀ ਨਾਕਾਮੀ ਨੂੰ ਸਵੀਕਾਰਦੇ ਹੋਏ ਸਿੱਖਾਂ ਨੂੰ ਛੋਟੀ-ਛੋਟੀ ਗੱਲਾਂ ‘ਤੇ ਨੁਕਤਾਚੀਨੀ ਕਰਨ ਦੇ ਬਜਾਏ ਕੌਮ ਦੇ ਉਸਾਰੂ ਪੱਖ ਦਾ ਪ੍ਰਚਾਰ ਕਰਨ ਦੀ ਵੀ ਸਲਾਹ ਦਿੱਤੀ।
ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਆਪਣੇ ਜੋਸ਼ੀਲੇ ਅੰਦਾਜ਼ ਵਿੱਚ ਤਕਰੀਰ ਕਰਦੇ ਹੋਏ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਜ ਹਿੰਦੂ ਆਗੂ ਦੇ ਤੌਰ ‘ਤੇ ਪ੍ਰਧਾਨ ਮੰਤਰੀ ਬਣਨ ਦੇ ਹਿੰਦੂ ਜੱਥੇਬੰਦੀਆਂ ਵੱਲੋਂ ਦਿੱਤੇ ਜਾਂਦੇ ਹਵਾਲੇ ‘ਤੇ ਵਿਅੰਗ ਕਰਦੇ ਹੋਏ ਕਿਹਾ ਕਿ,”ਜੇਕਰ ਗੁਰੂ ਤੇਗ ਬਹਾਦਰ ਸਾਹਿਬ ਤਿਲਕ ਤੇ ਜਨੇਊ ਦੀ ਰੱਖਿਆ ਲਈ ਕੁਰਬਾਨੀ ਨਾ ਦਿੰਦੇ ਤਾਂ ਅੱਜ ਨਾ ਮੋਦੀ ਹੁੰਦਾ ਤੇ ਨਾ ਬੋਦੀ ਹੁੰਦੀ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਪੂਰੇ ਦੇਸ਼ ਵਿੱਚ ਸਰਕਾਰੀ ਛੁੱਟੀ ਐਲਾਨਣ ਦੀ ਮੰਗ ਕਰਦੇ ਹੋਏ ਸਰਕਾਰੀ ਪੱਧਰ ‘ਤੇ ਸ਼ਹੀਦੀ ਦਿਵਸ ਨੂੰ ਗਾਂਧੀ ਜਯੰਤੀ ਵਾਂਗ ਮਨਾਉਣ ਦੀ ਗੱਲ ਕਹੀ। ਰਾਣਾ ਨੇ ਸਿਰੋਪਾਓ ਦੀ ਦੁਰਵਰਤੋਂ ਨੂੰ ਰੋਕਣ ਵਾਸਤੇ ਸੰਗਤਾਂ ਨੂੰ ਸੁਚੇਤ ਹੋਣ ਦਾ ਵੀ ਮਤਾ ਦੋਹਾਂ ਬਾਹਾਂ ਖੜੀਆਂ ਕਰਵਾ ਕੇ ਪਾਸ ਕਰਵਾਇਆ। ਡਾ. ਹਰਬੰਸ ਕੌਰ ਸੱਗੂ ਵੱਲੋਂ ਲਿਖੀ ਕਿਤਾਬ ”ਅਠਾਰ੍ਹਵੀਂ ਸ਼ਤਾਬਦੀ ਦੇ ਸਿੱਖ ਸ਼ਹੀਦ” ਅਤੇ ਭਾਈ ਗੁਰਮੀਤ ਸਿੰਘ ਸ਼ਾਂਤ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ 17 ਰਾਗਾਂ ਵਿਚ ਗਾਇਨ ਕੀਤੀ ਗਈ ਗੁਰਬਾਣੀ ਦੀ ਸੀ.ਡੀ. ਨੂੰ ਜੀ.ਕੇ. ਅਤੇ ਹੋਰ ਪ੍ਰਬੰਧਕਾਂ ਨੇ ਜਾਰੀ ਕੀਤਾ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਧਰਮ ਪ੍ਰਚਾਰ ਕਮੇਟੀ ਦੇ ਸਰਪ੍ਰਸਤ ਗੁਰਬਚਨ ਸਿੰਘ ਚੀਮਾ, ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਮੈਂਬਰ ਤਨਵੰਤ ਸਿੰਘ, ਕੁਲਵੰਤ ਸਿੰਘ ਬਾਠ, ਹਰਦੇਵ ਸਿੰਘ ਧਨੋਆ, ਦਰਸ਼ਨ ਸਿੰਘ, ਰਵੇਲ ਸਿੰਘ, ਇਸਤ੍ਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖ਼ਸੀ ਅਤੇ ਅਕਾਲੀ ਆਗੂ ਵਿਕਰਮ ਸਿੰਘ ਮੌਜ਼ੂਦ ਸਨ।
Punjab Post Daily Online Newspaper & Print Media