Saturday, September 19, 2026

 ਸ਼ਹੀਦੀ ਦਿਹਾੜੇ ਕਾਨਫਰੰਸਾਂ ਵਿੱਚ ਰਾਜਸੀ ਨੇਤਾ ਦੂਸ਼ਣਬਾਜੀ ਤੋਂ ਗੁਰੇਜ਼ ਕਰਨ – ਸਿੰਘ ਸਾਹਿਬ

ਅੰਮ੍ਰਿਤਸਰ, 19 ਦਸੰਬਰ (ਗੁਰਪ੍ਰੀਤ ਸਿੰਘ)- ਸ਼ਹੀਦੀ ਸਮਾਗਮਾਂ ਵਿਚ ਰਾਜਸੀ ਕਾਨਫਰੰਸਾਂ ਵਿਚ ਆਗੂਆਂ ਨੂੰ ਸਿਰਫ ਸ਼ਹੀਦਾਂ ਦੇ ਜੀਵਨ ਬਾਰੇ ਹੀ ਸੰਗਤਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਅਤੇ ਇੱਕ ਦੂਜੇ ਉਪਰ ਦੂਸ਼ਣਬਾਜੀ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲਦਿਆਂ ਕਿਹਾ ਕਿ ਇਹ ਕੁਰਬਾਨੀਆਂ ਭਰੇ ਇਤਿਹਾਸਕ ਸਮਾਗਮ ਰੰਗ-ਤਮਾਸ਼ੇ ਸਮਝ ਕੇ ਨਹੀਂ ਸਗੋਂ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਸਾਦਗੀ ਅਤੇ ਪ੍ਰੇਰਨਾਮਈ ਢੰਗ ਨਾਲ ਮਨਾਉਣੇ ਚਾਹੀਦੇ ਹਨ।ਉਨਾਂ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਗੜ ਦਾ ਕਿਲ੍ਹਾ ਛੱਡਣ ਉਪਰੰਤ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜ਼ਰੀ ਜੀ ਤੇ ਅਨੇਕਾਂ ਸਿੰਘ ਦੀ ਸ਼ਹਾਦਤ ਦੀ ਯਾਦ ਵਿਚ ਆਉਣ ਵਾਲੇ ਦਿਨਾਂ ਵਿਚ ਕੌਮ ਵੱਲੋਂ ਸ਼ਹੀਦੀ ਸਮਾਗਮ ਮਨਾਏ ਜਾ ਰਹੇ ਹਨ। ਸਿੱਖ ਪੰਥ ਵਿਚ ਇਨ੍ਹਾਂ ਦਿਨਾਂ ਨੂੰ ਸ਼ਹੀਦੀ-ਸਪਤਾਹ ਦੇ ਤੌਰ’ਤੇ ਵੀ ਯਾਦ ਕੀਤਾ ਜਾਂਦਾ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੱਕ ਸੱਚ ਤੇ ਜ਼ਬਰ-ਜੁਲਮ ਦੇ ਖਿਲਾਫ਼ ਪ੍ਰਾਰੰਭ ਹੋਏ ਧਰਮ ਯੁੱਧ ਵਿਚ ਆਪਣਾ ਪ੍ਰੀਵਾਰ ਵਾਰ ਕੇ ਲਹੂ ਭਿਜਾ ਇਤਿਹਾਸ ਸਿਰਜਿਆ।ਅਜਿਹੇ ਸਮਾਗਮ ਸਾਨੂੰ ਆਪਣੇ ਇਤਿਹਾਸ ਅਤੇ ਖ਼ਾਲਸਈ ਰਵਾਇਤਾਂ ਨੂੰ ਦ੍ਰਿੜ ਕਰਵਾਉਂਦੇ ਹਨ ਜੋ ਅਗਾਹ ਜਾ ਕੇ ਕੌਮੀ ਜਾਗਰੂਕਤਾ ਦਾ ਸਾਧਨ ਬਣਦੇ ਹਨ। ਇਹ ਸ਼ਹਾਦਤਾਂ ਸਾਡਾ ਅਮੀਰ ਕੌਮੀ ਵਿਰਸਾ ਹਨ ਜਿਸ ਤੋਂ ਪ੍ਰੇਰਨਾ ਲੈ ਕੇ ਅਸੀ ਗੁਰੂ-ਜੁਗਤ ਰਾਹੀਂ ਆਪਣਾ ਜੀਵਨ ਬਸਰ ਕਰ ਸਦਕੇ ਹਾਂ। ਇਹ ਸ਼ਹੀਦੀ ਸਮਾਗਮ ਪੋਹ ਦੀਆਂ ਬਰਫੀਲੀਆਂ ਰਾਤਾਂ ਵਿਚ ਗੁਰੂ-ਪਰਿਵਾਰ ਅਤੇ ਸਿੰਘਾਂ ਵੱਲੋਂ ਸਹਾਰੇ ਅਸਹਿ ਤੇ ਅਕਹਿ ਕਸ਼ਟਾਂ ਨੂੰ ਯਾਦ ਕਰਵਾਉਂਦੇ ਹਨ। ਸ਼ਹੀਦੀ ਸਮਾਗਮਾਂ ਵਿਚ ਸਾਨੂੰ ਇਨ੍ਹਾਂ ਕਸ਼ਟਾਂ ਦੀ ਚੀਸ਼ ਨੂੰ ਆਪਣੇ ਧੁਰ ਅੰਦਰ ਤੱਕ ਮਹਿਸੂਸ ਕਰਨਾ ਚਾਹੀਦਾ ਹੈ।ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਦੀ ਯਾਦ ਵਿਚ ਹਰ ਗੁਰਸਿੱਖ ਸਵੇਰੇ 10 ਵਜੇ 5 ਮਿੰਟ ਲਈ ਮੂਲ-ਮੰਤਰ ਦਾ ਜਾਪ ਕਰੇ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply