
ਰਮਦਾਸ (ਅੰਮ੍ਰਿਤਸਰ), 28 ਦਸੰਬਰ (ਗੁਰਚਰਨ ਸਿੰਘ)- ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਅੱਜ ਕਿਹਾ ਕਿ ਕਮਿਸ਼ਨ ਵੱਲੋਂ ਸਰਹੱਦੀ ਖੇਤਰ ਦੀਆਂ ਔਰਤਾਂ ਨਾਲ ਸਬੰਧਤ ਪਿਛਲੇ ਸਮੇਂ ਵਿਚ ਵਿਚਾਰੇ ਗਏ ਕੇਸਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੂਬਾ ਪੱਧਰੀ ਪੈਰਵੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਔਰਤਾਂ ਨਾਲ ਸਬੰਧਤ ਮਾਮਲਿਆਂ ਦਾ ਗੰਭੀਰਤਾ ਨਾਲ ਨਿਬੇੜਾ ਕੀਤਾ ਜਾ ਸਕੇ। ਅੱਜ ਇਥੇ ਬਾਬਾ ਬੁੱਢਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਰੱਖੇ ਜਨਤਕ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਬੀਬੀ ਲਾਂਡਰਾਂ ਨੇ ਕਿਹਾ ਕਿ ਕਮਿਸ਼ਨ ਔਰਤਾਂ ਨਾਲ ਸਬੰਧਤ ਮਾਮਲਿਆਂ ਦੇ ਜਲਦ ਨਿਬੇੜੇ ਲਈ ਤੱਤਪਰ ਹੈ ਅਤੇ ਇਸੇ ਮਹਿੰਮ ਤਹਿਤ ਔਰਤਾਂ ਦੀ ਸਹੂਲਤ ਲਈ ਕਮਿਸ਼ਨ ਵੱਲੋਂ ਸਰਹੱਦੀ ਇਲਕਿਆਂ ਵਿਚ ਆਪ ਜਾ ਕੇ ਲੋਕ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਪੈਰਵੀ ਮੁਹਿੰਮ ਇਕ ਮਹੀਨੇ ਤੱਕ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੌਰਾਨ ਲੋਕ ਮਸਲਿਆਂ ਦੇ ਹੱਲ ਦੇ ਨਾਲ-ਨਾਲ ਔਰਤਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ‘ਤੇ ਵੀ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਾਵਾਉਣਾ ਕਮਿਸ਼ਨ ਦੀ ਮੁੱਖ ਤਰਜੀਹ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਕਮਿਸ਼ਨ ਵੱਲੋਂ ਔਰਤਾਂ ਦੇ ਹੱਲ ਕੀਤੇ ਕੇਸਾਂ ਦੀ ਜਾਣਕਾਰੀ ਦਿੰਦਿਆਂ ਬੀਬੀ ਲਾਂਡਰਾਂ ਨੇ ਕਿਹਾ ਕਿ ਹੁਣ ਤੱਕ 4600 ਤੋਂ ਵਧੇਰੇ ਕੇਸ ਹੱਲ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਬਹੁਗਿਣਤੀ ਸ਼ਿਕਾਇਤਾਂ ਘਰੇਲੂ ਹਿੰਸਾ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਕਮਿਸ਼ਨ ਜਲਦ ਹੀ ਰਾਜ ਦੇ ਸਕੂਲਾਂ-ਕਾਲਜਾਂ ਰਾਹੀਂ ਸੂਬਾ ਪੱਧਰੀ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਰਕਾਰੀ ਅਤੇ ਨਿੱਜੀ ਵਿੱਦਿਅਕ ਅਦਾਰਿਆਂ ਦੇ ਸਹਿਯੋਗ ਨਾਲ ਸਕੂਲਾਂ-ਕਾਲਜਾਂ ਵਿੱਚ ਵਿਸ਼ੇਸ਼ ਸੈਮੀਨਾਰ ਅਤੇ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਰਾਹੀਂ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਸੁਚੇਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵੀ ਵਿਸਥਾਰਤ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਤੋਂ ਵੱਧ ਤੋਂ ਵੱਧ ਲਾਹਾ ਲਿਆ ਜਾ ਸਕੇ। ਮਨੁੱਖੀ ਅਧਿਕਾਰ ਮਿਸ਼ਨ ਦੇ ਸਹਿਯੋਕ ਨਾਲ ਕਰਵਾਏ ਗਏ ਅੱਜ ਦੇ ਜਨਤਕ ਪ੍ਰੋਗਰਾਮ ਵਿਚ ਆਏ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਲਾਂਡਰਾਂ ਨੇ ਕਿਹਾ ਕਿ ਰਮਦਾਸ ਪ੍ਰੋਗਰਾਮ ਵਿੱਚ 400 ਤੋਂ ਵੱਧ ਸ਼ਿਕਾਇਤਾਂ ਅਤੇ ਕੇਸ ਸੁਣਵਾਈ ਲਈ ਰੱਖੇ ਗਏ, ਜਿਨ੍ਹਾਂ ਵਿਚੋਂ ਪੈਨਸ਼ਨ ਨਾਲ ਸਬੰਧਤ 200 ਤੋਂ ਵੱਧ ਅਰਜ਼ੀਆਂ ਮੌਕੇ ‘ਤੇ ਹੀ ਸੁਣਵਾਈ ਉਪਰੰਤ ਨਿਪਟਾ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਕੇਸਾਂ ਵਿਚੋਂ ਕੁਝ ਕੇਸ ਘਰੇਲੂ ਹਿੰਸਾ, ਪੈਨਸ਼ਨਾਂ ਆਦਿ ਨਾਲ ਸਬੰਧਤ ਸਨ, ਜਿਨ੍ਹਾਂ ਨੂੰ ਸਬੰਧਤ ਵਿਭਾਗਾਂ ਦੇ ਮੌਕੇ ‘ਤੇ ਮੌਜੂਦ ਅਧਿਕਾਰੀਆਂ ਵੱਲੋਂ ਵਿਚਾਰਿਆ ਗਿਆ। ਉਨ੍ਹਾਂ ਕਿਹਾ ਕਿ ਗੰਭੀਰ ਸ਼ਿਕਾਇਤਾਂ ਦੇ ਨਿਬੇੜੇ ਲਈ ਵੱਖ-ਵੱਖ ਮਹਿਕਮਿਆਂ ਨੂੰ ਅਗਲੇਰੀ ਅਤੇ ਤੁਰੰਤ ਕਾਰਵਾਈ ਲਈ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਕਮਿਸ਼ਨ ਦੀ ਵਾਈਸ ਚੇਅਰਮੈਨ ਬੀਬੀ ਸਤਬੀਰ ਕੌਰ ਮਨਹੇੜਾ, ਮੈਂਬਰ ਬੀਬੀ ਸਿਮਰਜੀਤ ਕੌਰ ਸਿੱਧੂ, ਮਨੁੱਖੀ ਅਧਿਕਾਰ ਮਿਸ਼ਨ ਦੇ ਸਕੱਤਰ ਬ੍ਰਿਗੇਡੀਅਰ (ਸੇਵਾਮੁਕਤ) ਗੁਰਇੰਦਰਜੀਤ ਸਿੰਘ, ਨਗਰ ਕੌਂਸਲ ਰਮਦਾਸ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਕਾਲੀਆ, ਕੌਂਸਲਰ ਇੰਦਰਜੀਤ ਸਿੰਘ ਰਾਣਾ ਤੋਂ ਇਲਾਵਾ ਸਮਾਜਿਕ ਸੁਰੱਖਿਆ, ਭਲਾਈ, ਮਾਲ ਅਤੇ ਪੁਲਿਸ ਮਹਿਕਮਿਆਂ ਦੇ ਅਧਿਕਾਰੀ ਮੌਜੂਦ ਸਨ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ ਕਮਿਸ਼ਨ ਮੈਂਬਰਾਂ ਸਮੇਤ ਭਲਕੇ 29 ਦਸੰਬਰ ਨੂੰ ਖੇਮਕਰਨ ਵਿਖੇ ਔਰਤਾਂ ਨਾਲ ਸਬੰਧਤ ਮਸਲਿਆਂ ਦੀ ਸੁਣਵਾਈ ਅਤੇ ਮੌਕੇ ‘ਤੇ ਨਿਬੇੜਾ ਕਰਨਗੇ।
Punjab Post Daily Online Newspaper & Print Media