Monday, September 14, 2026

‘ਅਰਬਨ ਹਾਟ’ ਦੇਸ਼ ਨੂੰ ਆਉਂਦੀ ਵਿਸਾਖੀ ‘ਤੇ ਹੋਵੇਗਾ ਸਮਰਪਿਤ ਮੁੱਖ ਮੰਤਰੀ

PPN0901201609

ਅੰਮ੍ਰਿਤਸਰ, 9 ਜਨਵਰੀ (ਗੁਰਚਰਨ ਸਿੰਘ)- ਪਵਿੱਤਰ ਨਗਰੀ ਅਮ੍ਰਿਤਸਰ ਵਿਖੇ ਪਹੁੰਚਣ ਵਾਲੇ ਲੱਖਾਂ ਯਾਤਰੀਆਂ ਨੂੰ ਹੁਣ ਇੱਕੋ ਛੱਤ ਥੱਲੇ ਸਵਾਦਲੇ ਪੰਜਾਬੀ ਵਿਅੰਜਨ ਛੇਤੀ ਹੀ ਮੁਹੱਈਆ ਹੋਣਗੇ ਕਿਉਂ ਜੋ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਨਿਰਮਾਣ ਅਧੀਨ ‘ਅਰਬਨ ਹਾਟ’ ਆਉਂਦੀ ਵਿਸਾਖੀ ‘ਤੇ ਦੇਸ਼ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ।
ਮੁੱਖ ਮੰਤਰੀ ਜਿਨ੍ਹਾਂ ਨੇ ਅੱਜ ਸ਼ਾਮ ਨੂੰ ‘ਅਰਬਨ ਹਾਟ’ ਦਾ ਦੌਰਾ ਕੀਤਾ, ਨੇ ਇਸ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਕਿ ਇਸ ਪ੍ਰਾਜੈਕਟ ਦਾ ਜਲਦੀ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਆਉਂਦੀ ਵਿਸਾਖੀ ਨੂੰ ਇਸ ਦੇਸ਼ ਨੂੰ ਸਮਰਪਿਤ ਕੀਤਾ ਜਾ ਸਕੇ। ਸ. ਬਾਦਲ ਨੇ ਜ਼ੋਰ ਦੇ ਕੇ ਆਖਿਆ ਕਿ ਦੁਨੀਆ ਭਰ ਤੋਂ ਲੋਕ ਅਮ੍ਰਿਤਸਰ ਦੀ ਪਵਿੱਤਰ ਨਗਰੀ ਵਿਖੇ ਆਉਂਦੇ ਹਨ ਜਿਸ ਕਾਰਨ ਇਸ ਪ੍ਰਾਜੈਕਟ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਖਾਸ ਤੌਰ ‘ਤੇ ਅਮ੍ਰਿਤਸਰ ਦੇ ਪਕਵਾਨ ਦੁਨੀਆ ਭਰ ਵਿੱਚ ਆਪਣੇ ਸਵਾਦ ਲਈ ਮਸ਼ਹੂਰ ਹਨ, ਜਿਸ ਕਾਰਨ ਇਹ ਜਗ੍ਹਾ ਇਸ ਸ਼ਹਿਰ ਵਿੱਚ ਆਉਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਸਕਦਾ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਨੂੰ ਅਧਿਕਾਰੀਆਂ ਵੱਲੋਂ ਦੱਸਿਆ ਕਿ ਕਰੀਬ 9.50 ਏਕੜ ਜ਼ਮੀਨ ‘ਤੇ 9 ਕਰੋੜ ਰੁਪਏ ਦੀ ਰਾਸ਼ੀ ਨਾਲ ਸਥਾਪਿਤ ਕੀਤੇ ਜਾ ਰਹੇ ਇਸ ਪ੍ਰਾਜੈਕਟ ਰਾਹੀਂ ਪਵਿੱਤਰ ਨਗਰੀ ਦੇ ਖਾਣ-ਪਾਣ ਦੇ ਵਿਰਸੇ ਦੇ ਨਾਲ-ਨਾਲ, ਇਸ ਦੀ ਸ਼ਿਲਪਕਾਰੀ ਨੂੰ ਦਰਸਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਦੁਨੀਆ ਭਰ ਦੇ ਸਰਵੋਤਮ ਖਾਨਸਾਮੇ ਲਿਆਂਦੇ ਜਾਣਗੇ ਤਾਂ ਜੋ ਲੋਕਾਂ ਨੂੰ ਵਧੀਆ ਪਕਵਾਨ ਮੁਹੱਈਆ ਕਰਵਾਏ ਜਾ ਸਕਣ। ਇਸ ਮੌਕੇ ‘ਤੇ ਸ. ਬਾਦਲ ਨੂੰ ਇਹ ਵੀ ਦੱਸਿਆ ਗਿਆ ਕਿ ਇਸ ‘ਅਰਬਨ ਹਾਟ’ ਵਿੱਚ ਪੰਜਾਬੀ ਪਕਵਾਨਾਂ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਸਵਾਦੀ ਪਕਵਾਨ ਵੀ ਮੁਹੱਈਆ ਕਰਵਾਏ ਜਾਣਗੇ।ਇਸ ਮੌਕੇ ‘ਤੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ.ਜੇ.ਐਸ. ਚੀਮਾ, ਅਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਅਤੇ ਡਿਪਟੀ ਕਮਿਸ਼ਨਰ ਰਵੀ ਭਗਤ ਵੀ ਮੌਜੂਦ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply