
ਨਵੀਂ ਦਿੱਲੀ, 2 ਫਰਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਇੰਟ ਸਕਤੱਰ ਸ. ਅਮਰਜੀਤ ਸਿੰਘ ਪੱਪੂ ਨੇ ਇਸ ਵਾਰ ਗਣਤੰਤਰ ਦਿਵਸ ਦੀ ਪਰੇਡ ਵਿੱਚ ਸਿੱਖ ਰੈਜਮੈਂਟ ਨੂੰ ਸ਼ਾਮਲ ਨਾ ਕੀਤੇ ਜਾਣ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਹ ਵਰਤਾਰਾ ਨਾ ਕੇਵਲ ਦੇਸ਼ ਦੀ ਆਜ਼ਾਦੀ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਰਖਿਆ ਲਈ ਸਭ ਤੋਂ ਵੱਧ ਜਾਨਾਂ ਹੂਲਣ ਵਾਲੀ ਸਿੱਖ ਕੌਮ ਨਾਲ ਅਨਿਆਇ ਹੈ, ਸਗੋਂ ਦੇਸ਼ ਦੀਆਂ ਸਰਹਦਾਂ ਪੁਰ ਜਾਨਾਂ ਹੂਲ ਰਹੇ ਸਿੱਖ ਫੌਜੀਆਂ ਦਾ ਅਪਮਾਨ ਵੀ ਹੈ। ਉਨ੍ਹਾਂ ਕਿਹਾ ਕਿ ਸਿੱਖ ਰੈਜਮੈਂਟ ਨੂੰ ਪਰੇਡ ਵਿਚੋਂ ਬਾਹਰ ਰਖਣ ਦਾ ਫੈਸਲਾ ਕਰਨ ਵਾਲਿਆਂ ਨੂੰ ਸ਼ਾਇਦ ਇਸ ਗਲ ਦਾ ਪਤਾ ਨਹੀਂ ਕਿ ਪਾਕਿਸਤਾਨੀ ਜਰਨੈਲਾਂ ਨੇ ਆਪ ਮੰਨਿਆ ਹੈ ਭਾਰਤ ਪੁਰ ਕੀਤੇ ਗਏ ਹਮਲਿਆਂ ਵਿੱਚ ਉਨ੍ਹਾਂ ਨੂੰ ਜਿਨ੍ਹਾਂ ਹਾਰਾਂ (ਸ਼ਿਕਸਤਾਂ) ਦਾ ਸਾਹਮਣਾ ਕਰਨਾ ਪਿਆ ਹੈ, ਉਹ ਸਿੱਖ ਫੌਜੀਆਂ ਕਰਕੇ ਹੀ ਹੋਈਆਂ ਸਨ। ਸ. ਅਮਰਜੀਤ ਸਿੰਘ ਪੱਪੂ ਨੇ ਇਸ ਸੰਬੰਧ ਵਿੱਚ ਜਾਰੀ ਆਪਣੇ ਬਿਆਨ ਦਸਿਆ ਕਿ ਆਜ਼ਾਦ ਭਾਰਤ ਦਾ ਇਤਿਹਾਸ ਗੁਆਹ ਹੈ ਕਿ ਦੇਸ਼ ਪੁਰ ਹੋਏ ਹਰ ਹਮਲੇ ਦਾ ਮੂੰਹ-ਤੋੜ ਜਵਾਬ ਦੇਣ ਵਿੱਚ ਸਿੱਖ ਫੋਜੀਆਂ ਦੀ ਮੁਖ ਭੂਮਿਕਾ ਰਹੀ ਹੈ। ਉਨ੍ਹਾਂ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਵਲੋਂ ਸਿੱਖ ਰੈਜਮੈਂਟਾਂ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਸਿੱਖ ਫੌਜੀਆਂ ਵਿੱਚ ਇਹ ਅਹਿਸਾਸ ਪੈਦਾ ਕਰ ਸਕਦਾ ਹੈ ਕਿ ਉਨ੍ਹਾਂ ਦੀਆਂ ਦੇਸ਼ ਪ੍ਰਤੀ ਕੀਤੀਆਂ ਜਾ ਰਹੀਆਂ ਕੁਰਬਾਨੀਆਂ ਨੂੰ ਉਹ ਮਹਤੱਤਾ ਨਹੀਂ ਮਿਲ ਰਹੀ ਜੋ ਕਿ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਅਹਿਸਾਸ ਉਨ੍ਹਾਂ ਵਿੱਚ ਨਿਰਾਸ਼ਾ ਪੈਦਾ ਕਰ ਸਕਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਦੂਸਰੀਆਂ ਕੌਮਾਂ ਦੇ ਭਾਰਤੀ ਫੌਜੀਆਂ ਦੇ ਦੇਸ਼ ਪ੍ਰੇਮ ਪੁਰ ਸੁਆਲੀਆ ਨਿਸ਼ਾਨ ਨਹੀਂ ਲਾਉਂਦੇ, ਪਰ ਇਸ ਗਲ ਤੋਂ ਤਾਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਕਿ ਦੇਸ਼ ਦੇ ਦੁਸ਼ਮਣਾਂ ਨਾਲ ਟੱਕਰ ਲੈ ਉਸਨੂੰ ਲਕਤੋੜਵੀਂ ਭਾਂਜ ਦੇਣ ਦਾ ਜੋ ਜਜ਼ਬਾ ਆਮ ਸਿੱਖਾਂ ਅਤੇ ਸਿੱਖ ਫੌਜੀਆਂ ਵਿੱਚ ਹੈ, ਉਸਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ।
Punjab Post Daily Online Newspaper & Print Media