ਪੱਟੀ, 3 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਯੂਨਾਇਟਿਡ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਬੀਤੇ ਵਰ੍ਹੇ ਪਿੰਡ ਚੱਬਾ ਵਿਖੇ ਬੁਲਾਏ ਗਏ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਭਾਈ ਮੋਹਕਮ ਸਿੰਘ ਨੂੰ ਅੱਜ ਹਰੀਕੇ ਦੇ ਪੁਲਿਸ ਵੱਲੋਂ ਅਮਨਦੀਪ ਸਿੰਘ ਘੁੰਮਣ ਮੈਜਿਸਟ੍ਰੇਟ ਫਸਟ ਡਵੀਜਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਮਾਣਯੋਗ ਅਦਾਲਤ ਵੱਲੋਂ ਉਨ੍ਹਾਂ ਨੂੰ 15 ਫਰਵਰੀ ਤੱਕ ਪੱਟੀ ਦੀ ਸਬ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਵਰਨਣਯੋਗ ਹੈ ਕਿ ਭਾਈ ਮੋਹਕਮ ਸਿੰਘ ਜੋ ਕਿ 5 ਦਿਨ ਪਹਿਲਾਂ ਹੀ ਜੇਲ੍ਹ ਵਿੱਚੋਂ ਰਿਹਾਅ ਹੋਏ ਸਨ ਅਤੇ ਥਾਣਾ ਹਰੀਕੇ ਦੀ ਪੁਲਸ ਨੇ ਬੀਤੇ ਵਰ੍ਹੇ 15 ਅਕਤੂਬਰ ਤੋਂ 25 ਅਕਤੂਬਰ ਤੱਕ ਹਰੀਕੇ ਹੈਡ ਵਿਖੇ ਰਸਤਾ ਜਾਮ ਕਰਨ, ਸਰਕਾਰੀ ਦਰਖਤ ਵੱਡਣ ਦੇ ਦੋਸ਼ ਤਹਿਤ ਵੱਖ ਵੱਖ ਧਾਰਾਵਾਂ ਤਹਿਤ ਅਣਪਛਾਤੇ ਲੋਕਾਂ ‘ਤੇ ਪਰਚਾ ਦਰਜ ਕੀਤਾ ਸੀ ਜਿਸ ਤਹਿਤ ਭਾਈ ਮੋਹਕਮ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਪੰਜਾਬ ਦੀ ਧਰਤੀ ਜੋ ਕਦੇ ਵਿਦੇਸ਼ਾਂ ਵਿੱਚ ਗੁਰੂਆਂ ਪੀਰਾਂ ਅਤੇ ਮੱਲਾਂ ਦੀ ਧਰਤੀ ਵਜੋਂ ਜਾਣੀ ਜਾਂਦੀ ਸੀ ਪਰ ਅੱਜ ਦੀ ਮੌਜੂਦਾ ਪੰਥਕ ਸਰਕਾਰ ਦੀ ਬਦੌਲਤ ਸਾਡਾ ਪੰਜਾਬ ਨਸ਼ਿਆਂ, ਧੱਕੇਸ਼ਾਹੀਆਂ ਅਤੇ ਕਿਸਾਨ ਆਤਮਹੱਤਿਆਵਾਂ ਵਾਲੇ ਪ੍ਰਦੇਸ਼ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਧੱਕੇ ਕਰਦੀਆਂ ਹਨ ਅਤੇ ਸਾਨੂੰ ਆਪਣੇ ‘ਤੇ ਹੋਇਆਂ ਪਰਚਿਆਂ ਦੀ ਪਰਵਾਹ ਨਹੀਂ, ਸਾਡੀ ਚਾਹੇ ਸਾਰੀ ਜਿੰਦਗੀ ਜੇਲ੍ਹ ਵਿੱਚ ਹੀ ਬੀਤ ਜਾਵੇ ਪਰ ਅੱਜ ਲੋੜ ਹੈ ਸਾਡੇ ਪੰਜਾਬ ਦੀ ਧਰਤੀ ਅਤੇ ਨੌਜਵਾਨੀ ਨੂੰ ਬਚਾਉਣ ਦੀ। ਇਸ ਮੌਕੇ ‘ਤੇ ਐਡਵੋਕੇਟ ਸੁਰਿੰਦਰਪਾਲ ਸਿੰਘ ਘਰਿਆਲਾ ਤੋਂ ਇਲਾਵਾ ਭਾਈ ਸਾਹਿਬ ਦੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media