
ਜੰਡਿਆਲਾ ਗੁਰੂ, 5 ਫਰਵਰੀ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ) – ਕਹਿੰਦੇ ਹਨ ਕਿ ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਜਰੂਰ ਆਉਂਦਾ ਹੈ ਤੇ ਅੱਜ ਉਹ ਦਿਨ ਲੁਟੇਰਿਆਂ ਲਈ ਆ ਗਿਆ।ਹੋਇਆ ਇਸ ਤਰਾਂ ਕਿ ਪਿੰਡ ਧਾਰੜ ਦਾ ਨਿਰਮਲ ਸਿੰਘ ਪੁੱਤਰ ਉਜਾਗਰ ਸਿੰਘ ਜੋ ਕਿ ਬਿਜਲੀ ਬੋਰਡ ਮਹਿਕਮੇ ਵਿੱਚੋ ਰਿਟਾਇਰਡ ਹੋਇਆ ਹੈ ਉਹ ਆਪਣੇ ਡਿਸਕਵਰ ਮੋਟਰਸਾਈਕਲ ਨੰ: ਪੀ ਬੀ 02 ਸੀ ਜੇ 6872 ‘ਤੇ ਸਵਾਰ ਹੋ ਕੇ ਜੰਡਿਆਲਾ ਗੁਰੂ ਵਾਲੀ ਨਹਿਰ ਦੇ ਕੰਢੇ ਪਿੰਡ ਬੋਪਾਰਾਏ ਨੂੰ ਜਾ ਰਿਹਾ ਸੀ ਕਿ ਜਦ ਉਹ ਪਿੰਡ ਗੁੰਨੋਵਾਲ ਪੁਲ ਤੋ 100-200 ਗਜ ਅਜੇ ਪਿੱਛੇ ਹੀ ਸੀ ਕਿ ਝਾੜੀਆਂ ਵਿਚੋਂ ਨਿਕਲੇ ਤਿੰਨ ਹਥਿਆਰਬੰਦ ਨੌਂਜਵਾਨਾਂ ਨੇ ਉਸ ਦੇ ਮੋਟਰਸਾਈਕਲ ਨੂੰ ਘੇਰ ਲਿਆ ਅਤੇ ਪਿਸਤੌਲ ਵਿਖਾ ਕੇ ਉਸ ਦੀ ਜੇਬ ਵਿੱਚੋ 3500 ਰੁਪਏ ਨਕਦ, ਉਸ ਦਾ ਮੋਟਰਸਾਈਕਲ ਅਤੇ ਇੱਕ ਮੋਬਾਇਲ ਖੋਹ ਲਿਆ, ਜਦ ਉਹ ਮੋਟਰਸਾਈਕਲ ਲੈਕੇ ਫਰਾਰ ਹੋਣ ਲੱਗੇ ਤਾਂ ਉਹਨਾ ਦੀ ਮਾੜੀ ਕਿਸਮਤ ਨੂੰ ਉਹਨਾ ਕੋਲੋ ਮੋਟਰਸਾਈਕਲ ਸਟਾਰਟ ਹੀ ਨਾ ਹੋਇਆ।ਇਹ ਸਾਰਾ ਦ੍ਰਿਸ਼ ਦੂਰ ਖੜਾ ਵਿਅਕਤੀ ਵੇਖ ਰਿਹਾ ਸੀ, ਜਿਸ ਨੇ ਤਰੰਤ ਫੋਨ ਕਰਕੇ ਪਿੰਡ ਗੁੰਨੋਵਾਲ ਵਾਸੀਆਂ ਨੂੰ ਇਸ ਵਾਰਦਾਤ ਬਾਰੇ ਸੂਚਿਤ ਕੀਤਾ ਤਾਂ ਪਿੰਡ ਵਾਸੀਆਂ ਨੇ ਮੌਕੇ ਤੇ ਆ ਕੇ ਇਹਨਾ ਵਿੱਚੋ ਦੋ ਵਿਆਕਤੀਆਂ ਨੂੰ ਦਬੋਚ ਲਿਆ ਅਤੇ ਇਹਨਾ ਦਾ ਤੀਸਰਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ।ਪਿੰਡ ਵਾਸੀਆਂ ਨੇ ਇਹਨਾ ਦੀ ਛਿੱਤਰ ਪਰੇਡ ਕਰਨ ਤੋ ਬਾਅਦ ਇਹਨਾ ਨੂੰ ਥਾਣਾ ਜੰਡਿਆਲਾ ਗੁਰੂ ਪੁਲਿਸ ਦੇ ਹਵਾਲੇ ਕਰ ਦਿੱਤਾ। ਐਸ ਐਚ ਓ ਜੰਡਿਆਲਾ ਦਵਿੰਦਰ ਸਿੰਘ ਬਾਜਵਾ ਨਾਲ ਗੱਲ ਕਰਨ ਤੇ ਉਹਨਾ ਕਿਹਾ ਕਿ ਅਜੇ ਜਾਂਚ ਪੜਤਾਲ ਚੱਲ ਰਹੀ ਹੈ ਉਸ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Punjab Post Daily Online Newspaper & Print Media