ਅੰਮ੍ਰਿਤਸਰ, 8 ਫਰਵਰੀ (ਗੁਰਪ੍ਰੀਤ ਸਿੰਘ)- ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੋ ਸੰਸਦ ਵਿਚ ਅਸਹਿਣਸ਼ੀਲਤਾ ਬਾਰੇ ਕਰਵਾਈ ਗਈ ਚਰਚਾ ਸਬੰਧੀ ਬੋਲਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼, ਸੰਦੇਸ਼ ਘਰ-ਘਰ ਵਿਚ ਪਹੁੰਚਾਇਆ ਜਾਵੇ। ਕਿਉਂਕਿ ਸਾਨੂੰ ਸਹਿਣਸ਼ੀਲਤਾ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਵੱਲੋਂ ਸਿਖਾਈ ਗਈ ਹੈ।ਜਿਸ ਉਪਰ ਚੱਲ ਕੇ ਸਿੱਖ ਆਪਣਾ ਜੀਵਨ ਬਤੀਤ ਕਰਦੇ ਹਨ। ਗੁਰਬਾਣੀ ਦਾ ਉਪਦੇਸ਼ ਹੈ:-
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥
ਜਿਸ ਕਾਰਨ ਸਿੱਖ ਕੌਮ ਹਮੇਸ਼ਾਂ ਸਹਿਣਸ਼ੀਲਤਾ ਵਿਚ ਰਹੀ ਹੈ ਅਤੇ ਰਹੇਗੀ ਪ੍ਰੰਤੂ ਸਾਡੇ ਨਾਲ ਸਮੇਂ-ਸਮੇਂ ਅਨੁਸਾਰ ਸਾਡੇ ਹੱਕਾਂ ਪ੍ਰਤੀ ਬੇਇਨਸਾਫੀ ਹੁੰਦੀ ਰਹੀ ਹੈ।ਪਰ ਸਿੱਖ ਕੌਮ ਫਿਰ ਵੀ ਸਹਿਣਸ਼ੀਲਤਾ ਵਿਚ ਰਹਿ ਕੇ ਵਿਚਰਦੀ ਰਹੀ ਹੈ। ਜਥੇਦਾਰ ਨੇ ਬੋਲਦਿਆਂ ਕਿਹਾ ਕਿ ਸਿੱਖਾਂ ਨਾਲ ਸਮੇਂ-ਸਮੇਂ ਬਹੁਤ ਵਧੀਕੀਆਂ ਹੋਈਆਂ ਹਨ ਭਾਵੇਂ ਉਹ ਭਾਸ਼ਾ ਦੇ ਅਧਾਰ ‘ਤੇ ਸੂਬੇ ਬਣਾਉਣ ਦਾ ਸਮਾਂ ਹੋਵੇ ਜਾਂ ਦਲਿਤ ਸਿੱਖਾਂ ਦੀ ਰਿਜ਼ਵਰੇਸ਼ਨ ਦੀ ਗੱਲ ਹੋਵੇ, ਜਿਸ ਵਿਚ ਦਲਿਤ ਸਿੱਖਾਂ ਨੂੰ ਧਰਮ ਬਦਲਣ ਲਈ ਉਕਸਾਉਣ ਦੀ ਰਾਜਨੀਤੀ ਅਪਣਾਈ ਗਈ ਹੋਵੇ।ਪਰ ਫਿਰ ਵੀ ਸਿੱਖਾਂ ਨੇ ਇਨ੍ਹਾਂ ਸਾਰੀਆਂ ਗੱਲਾਂ ‘ਤੇ ਸਹਿਣਸ਼ੀਲਤਾ ਵਿਚ ਰਹਿੰਦਿਆਂ ਹੀ ਸਹਾਰਿਆ।ਇਸ ਤੋਂ ਬਾਅਦ ਨਵੰਬਰ 1984 ਨੂੰ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਕੀਤੀ ਗਈ ਸਿੱਖ ਨਸਲਕੁਸ਼ੀ ਸਬੰਧੀ ਸਿੱਖ ਕੌਮ ਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ।
ਉਨਾਂ ਕਿਹਾ ਕਿ ਜਿਵੇਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਸਦ ਵਿਚ ਸਿੱਖਾਂ ਦੇ ਮਸਲਿਆਂ ਨੂੰ ਉਭਾਰਿਆ ਹੈ, ਉਸੇ ਤਰਾਂ ਸਾਰੇ ਮੈਂਬਰ ਪਾਰਲੀਮੈਂਟ ਅਤੇ ਰਾਜ ਸਭਾ ਇਸੇ ਤਰ੍ਹਾਂ ਸਿੱਖ ਮਸਲਿਆਂ ਨੂੰ ਇੱਕਜੁੱਟ ਹੋ ਕੇ ਉਭਾਰਣ ਦਾ ਉਪਰਾਲਾ ਕਰਨ।ਜਿਸ ਨਾਲ ਸਿੱਖ ਵੀ ਅਜ਼ਾਦੀ ਦਾ ਨਿੱਘ ਮਾਣ ਸਕਣ। ਕੁੱਝ ਅਨਸਰਾਂ ਵੱਲੋਂ ਗੁਰੂ ਸਾਹਿਬਾਨ ਅਤੇ ਇਤਿਹਾਸਕ ਗੁਰੂ-ਘਰਾਂ ਜਿਵੇਂ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀਆਂ ਫੋਟੋਆਂ ਅਜਿਹੇ ਸਥਾਨਾਂ ਪੁਰ ਲਗਾ ਦਿੱਤੀਆਂ ਜਾਂਦੀਆਂ ਹਨ ਜੋ ਕਿ ਬੇਅਦਬੀ ਦਾ ਕਾਰਨ ਬਣਦੀਆਂ ਹਨ।ਸਿੰਘ ਸਾਹਿਬ ਜੀ ਨੇ ਕਿਹਾ ਕਿ ਦੇਸ਼ ਵਿਦੇਸ਼ ਵਿਚ ਜਿਥੇ ਵੀ ਕੋਈ ਘਟਨਾ ਵਾਪਰਦੀ ਹੈ ਉਥੋਂ ਦੇ ਸਿੱਖ ਉਸ ਪੁਰ ਤੁਰੰਤ ਕਾਨੂੰੰਨੀ ਕਾਰਵਾਈ ਕਰਨ।
Punjab Post Daily Online Newspaper & Print Media