ਅੰਮ੍ਰਿਤਸਰ, 8 ਫਰਵਰੀ (ਗੁਰਚਰਨ ਸਿੰਘ)- ਕਣਕ ਦੇ ਪੱਤਿਆਂ ‘ਤੇ ਹਲਦੀ ਰੰਗਾ ਧੂੜਾ ਪੀਲੀ ਕੁੰਗੀ ਦੇ ਹਮਲੇ ਦੀ ਨਿਸ਼ਾਨੀ ਹੋ ਸਕਦਾ ਹੈ। ਇਹ ਪ੍ਰਗਟਾਵਾ ਮੁੱਖ ਖੇਤੀਬਾੜੀ ਅਫ਼ਸਰ ਸ. ਬਲਵਿੰਦਰ ਸਿੰਘ ਛੀਨਾ ਨੇ ਕਰਦਿਆਂ ਕਿਹਾ ਕਿ ਇਹ ਸਮਾਂ ਇਸ ਬਿਮਾਰੀ ਦੇ ਵਧਣ-ਫੁਲਣ ਲਈ ਢੁਕਵਾਂ ਹੈ, ਇਸ ਲਈ ਰੋਜ਼ਾਨਾ ਆਪਣੇ ਖੇਤਾਂ ਨੂੰ ਚੈੱਕ ਕੀਤਾ ਜਾਵੇ ਅਤੇ ਜੇਕਰ ਕਣਕ ਦੇ ਪੱਤਿਆਂ ‘ਤੇ ਹਲਦੀ ਰੰਗਾ ਧੂੜਾ ਨਜ਼ਰ ਆਵੇ ਤਾਂ ਤੁਰੰਤ ਨਜ਼ਦੀਕੀ ਖੇਤੀਬਾੜੀ ਮਾਹਿਰ ਦੇ ਧਿਆਨ ਵਿਚ ਲਿਆਂਦਾ ਜਾਵੇ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਉਨ੍ਹਾਂ ਕਿਸਾਨਾਂ ਦੇ ਪ੍ਰਭਾਵਿਤ ਖੇਤਾਂ ਦਾ ਨਿਰੀਖਣ ਕਰਨਗੇ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ‘ਤੇ ਪਰੋਪਾਕੋਨਾਜੋਲ ਦਵਾਈ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਤਾਕੀਦ ਕਰਦਿਆਂ ਕਿਹਾ ਕਿ 200 ਮਿਲੀਲੀਟਰ ਪਰੋਪੇਕੋਨਾਜੋਲ ਦਵਾਈ ਅਤੇ 200 ਲੀਟਰ ਪਾਣੀ ਦਾ ਘੋਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਵੇ ਤਾਂ ਜੋ ਇਹ ਬਿਮਾਰੀ ਅੱਗੇ ਨਾ ਫੈਲ ਸਕੇ। ਲੋੜ ਪੈਣ ‘ਤੇ 15 ਦਿਨਾਂ ਬਾਅਦ ਦੁਬਾਰਾ ਛਿੜਕਾਅ ਕੀਤਾ ਜਾ ਸਕਦਾ ਹੈ।
ਸ. ਛੀਨਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਛੁੱਟੀ ਵਾਲੇ ਦਿਨ ਵੀ ਦਫ਼ਤਰ ਖੁੱਲ੍ਹੇ ਰੱਖੇ ਗਏ ਹਨ, ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ। ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਲਗਾਤਾਰ ਪਿੰਡਾਂ ਵਿਚ ਦੌਰੇ ਕਰ ਰਹੇ ਹਨ। ਕਿਸਾਨ ਬਿਮਾਰੀ ਵਾਲੇ ਪੱਤੇ/ਬੂਟਿਆਂ ਦੀ ਫੋਟੋ ਖਿੱਚ ਕੇ ਵੀ ਖੇਤੀ ਮਾਹਿਰਾਂ ਦੇ ਫੋਨ ‘ਤੇ ਭੇਜ ਸਕਦੇ ਹਨ ਅਤੇ ਇਸ ਬਿਮਾਰੀ ਬਾਰੇ ਜਾਣਕਾਰੀ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਸਮੇਂ ਸਿਰ ਸਪਰੇਅ ਨਾਲ ਇਹ ਅਸਾਨੀ ਨਾਲ ਕਾਬੂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੀਲਿਆਂ ਪੱਤਿਆਂ ਕਰਕੇ ਇਸ ਬਿਮਾਰੀ ਦੇ ਹਮਲੇ ਨੂੰ ਨਹੀਂ ਸਮਝਣਾ ਚਾਹੀਦਾ ਅਤੇ ਪੱਤਿਆਂ ‘ਤੇ ਹਲਦੀ ਰੰਗਾ ਧੂੜਾ ਨਜ਼ਰ ਆਉਣ ‘ਤੇ ਹੀ ਇਸ ਬਿਮਾਰੀ ਦੇ ਹਮਲੇ ਦਾ ਪਤਾ ਲਗਦਾ ਹੈ। ਉਨ੍ਹਾਂ ਕਿਹਾ ਕਿ ਪੀਲੇ ਪੱਤੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਤਕਰੀਬਨ 1,88,000 ਹੈਕਟੇਅਰ ਰਕਬਾ ਕਣਕ ਦੀ ਬਿਜਾਈ ਅਧੀਨ ਹੈ। ਕਣਕ ਦੀ ਫ਼ਸਲ ‘ਤੇ ਪਿਛਲੇ ਸਾਲਾਂ ਵਿਚ ਵੀ ਪੀਲੀ ਕੁੰਗੀ ਦਾ ਹਮਲਾ ਵੇਖਣ ਨੂੰ ਮਿਲਿਆ ਸੀ, ਜਿਸ ਨੂੰ ਵਿਭਾਗ ਵੱਲੋਂ ਕਿਸਾਨਾਂ ਨੂੰ ਸੁਚੇਤ ਕੀਤਾ ਗਿਆ ਸੀ। ਕਿਸਾਨਾਂ ਨੂੰ ਪੀਲੀ ਕੁੰਗੀ ਦੀ ਰੋਕਥਾਮ ਲਈ ਪਰੋਪੇਕੋਨਾਜੋਲ ਉੱਲੀਨਾਸ਼ਕ ਦਵਾਈ ਮੁਹੱਈਆ ਕਰਵਾ ਕੇ ਇਸ ਬਿਮਾਰੀ ਨੂੰ ਵਧਣ ਤੋਂ ਰੋਕ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਵੀ ਮੌਸਮ ਇਸ ਬਿਮਾਰੀ ਦੇ ਵਧਣ ਲਈ ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਪਿੰਡ ਚੋਗਾਵਾਂ ਅਤੇ ਕੋਹਾਲੀ ਦੇ ਕੁਝ ਖੇਤਾਂ ਵਿਚ ਇਸ ਬਿਮਾਰੀ ਦਾ ਹਮਲਾ ਧੋੜੀਆਂ ਵਿਚ ਵੇਖਿਆ ਗਿਆ ਹੈ। ਇਸ ਸਬੰਧੀ ਉਨ੍ਹਾਂ ਇੰਚਾਰਜ ਕਿਸਾਨ ਸਲਾਹਕਾਰ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾ. ਪਰਮਜੀਤ ਸਿੰਘ ਅਤੇ ਬਲਾਕ ਖੇਤੀਬਾੜੀ ਅਫ਼ਸਰ ਚੋਗਾਵਾਂ ਡਾ. ਰਣਜੀਤ ਸਿੰਘ ਨਾਲ ਪ੍ਰਭਾਵਿਤ ਖੇਤਾਂ ਦਾ ਨਿਰੀਖਣ ਕੀਤਾ ਗਿਆ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media