ਪਠਾਨਕੋਟ, 8 ਫਰਵਰੀ (ਪ.ਪ)-ਜਿਲ੍ਹਾ ਪਠਾਨਕੋਟ ਵਿੱਚ 3924.5 ਹੈਕਟੇਅਰ ਰਕਬੇ ਵਿੱਚ ਵੱਖ-ਵੱਖ ਫਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਅਤੇ ਫਲਾਂ ਦੀ ਪੈਦਾਵਾਰ ਵਧਾਉਣ ਲਈ ਵਿਭਾਗ ਵਲੋਂ ਕਾਸ਼ਤਕਾਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜਿਲ੍ਹੇ ਅੰਦਰ ਅਗਾਹਵਧੂ ਬਾਗਬਾਨਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਪੂਰਾ ਪੂਰਾ ਲਾਭ ਉੱਠਾ ਰਹੇ ਹਨ।ਇਹ ਜਾਣਕਾਰੀ ਸ਼੍ਰੀ ਦਰਸ਼ਨ ਪਾਲ ਡਿਪਟੀ ਡਾਇਰੈਕਟਰ ਬਾਗਬਾਨੀ ਪਠਾਨਕੋਟ ਨੇ ਦਿੰਦਿਆਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਮੁੱਖ ਤੌਰ ‘ਤੇ ਲੀਚੀ, ਅੰਬ ਅਤੇ ਨਿੰਬੂ ਜਾਤੀ ਦੇ ਫਲਾਂ ਦੀ ਪੈਦਾਵਾਰ ਕੀਤੀ ਜਾਂਦੀ ਹੈ। ਲੀਚੀ ਇਸ ਜ਼ਿਲ੍ਹੇ ਦਾ ਮੁੱਖ ਫਲ ਹੋਣ ਕਰਕੇ ਇਸ ਦੀ ਕਾਸ਼ਤ ਲਗਭਗ 1195.8 ਹੈਕਟੇਅਰ ਰਕਬੇ ਵਿੱਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਰੀਬ 86 ਹੈਕਟੇਅਰ ਰਕਬਾ ਸਬਜੀਆਂ ਅਤੇ ਕਰੀਬ 5 ਹੈਕਟੇਅਰ ਰਕਬੇ ਵਿੱਚ ਫੁੱਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਹੁਣ ਤੱਕ ਨੈਸ਼ਨਲ ਬਾਗਬਾਨੀ ਮਿਸ਼ਨ ਅਧੀਨ ਬਾਗਬਾਨਾਂ ਨੂੰ ਉਤਸ਼ਾਹਿਤ ਕਰਨ ਲਈ ਮਸ਼ੀਨਰੀ ਅਤੇ ਹੋਰ ਕੰਮਾਂ ਲਈ ਸਬਸਿਡੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਜਿਸ ਤੋਂ ਜਿਲ੍ਹੇ ਦੇ ਜਾਗਰੂਕ ਕਿਸਾਨ ਲਾਭ ਪ੍ਰਾਪਤ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਸਾਲ 2015-16 ਦਾ ਨਵੇਂ ਬਾਗ ਲਗਾਉਣ ਲਈ 150 ਹੈਕਟੇਅਰ ਰਕਬੇ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਹੁਣ ਤੱਕ 115 ਹੈਕਟੇਅਰ ਰਕਬਾ ਵੱਖ-ਵੱਖ ਫਲਾਂ ਅਧੀਨ ਲਿਆਂਦਾ ਜਾ ਚੁਕਿਆ ਹੈ।
ਲੀਚੀ, ਅਲੂਚਾ ਅਤੇ ਆੜੂ ਦੀ ਪੈਦਾਵਾਰ ਕਰਕੇ ਪਹਿਚਾਣ ਬਣਾਈ-
ਜ਼ਿਲ੍ਹਾ ਪਠਾਨਕੋਟ ਦੇ ਪਿੰਡ ਕਥਲੋਰ ਨਿਵਾਸੀ ਮਾਸਟਰ ਮੋਹਨ ਸਿੰਘ ਨੇ ਲੀਚੀ , ਅਲੂਚਾ ਅਤੇ ਆੜੂ ਦੀ ਪੈਦਾਵਾਰ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਹ ਇਸ ਸਮੇਂ 20 ਏਕੜ ਜਮੀਨ ‘ਤੇ ਲੀਚੀ, 2.5 ਏਕੜ ਜਮੀਨ ‘ਤੇ ਅਲੂਚਾ ਅਤੇ 2.5 ਏਕੜ ਜਮੀਨ ‘ਤੇ ਆੜੂ ਦੀ ਪੈਦਾਵਾਰ ਕਰ ਰਿਹਾ ਹੈ। ਜਿਕਰਯੋਗ ਹੈ ਕਿ ਇਹ ਅਗਾਹ ਵਧੂ ਕਿਸਾਨ ਬਾਗਬਾਨੀ ਵਿਭਾਗ ਅਤੇ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ਾਂ ਅਨੁਸਾਰ ਬਾਗ ਦੀ ਸੰਭਾਲ ਕਰਦਾ ਹੈ। ਇਹ ਕਿਸਾਨ ਠੇਕੇ ‘ਤੇ ਬਾਗ ਦੇ ਕੇ 1.50 ਤੋਂ 2 ਲੱਖ ਰੁਪਏ ਕਮਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਾਗਬਾਨੀ ਦੇ ਲਈ ਜਿਮੀਦਾਰ ਮਹਿਕਮੇ ਵੱਲੋਂ ਦਿੱਤੀਆਂ ਜਾ ਰਹੀ ਸਬਸਿਡੀ ਦਾ ਵੀ ਸਮੇਂ ਸਮੇਂ ਤੋਂ ਲਾਭ ਪ੍ਰਾਪਤ ਕਰ ਰਿਹਾ ਹੈ ।
18 ਏਕੜ ਵਿੱਚ ਲੀਚੀ ਦੀ ਪੈਦਾਵਾਰ ਕਰ ਕੇ ਕਮਾ ਰਹੇ ਹਨ ਲੱਖਾਂ-
ਜ਼ਿਲ੍ਹਾ ਪਠਾਨਕੋਟ ਦੇ ਪਿੰਡ ਨੰਗਲ ਨਿਵਾਸੀ ਸੁਦਰਸ਼ਨ ਪਰਮਾਰ (ਰਿਟਾਇਰਡ ਡੀ.ਐਫ.ਓ.) ਇਸ ਸਮੇਂ 18 ਏਕੜ ਰਕਬੇ ਵਿੱਚ ਲੀਚੀ ਦੀ ਪੈਦਾਵਾਰ ਕਰਕੇ ਲੱਖਾਂ ਰੁਪਏ ਕਮਾ ਰਿਹਾ ਹੈ। ਸੁਦਰਸ਼ਨ ਪਰਮਾਰ ਦਾ ਕਹਿਣਾ ਹੈ ਕਿ ਉਸ ਦੁਆਰਾ ਲਗਾਏ ਗਏ ਲੀਚੀ ਦੇ ਬੂਟੇਆਂ ਦੀ ਉੁਮਰ ਇਸ ਸਮੇਂ 25-30 ਸਾਲ ਹੈ ਅਤੇ ਉਹ ਹਰ ਸੀਜਨ ਵਿੱਚ ਇਸ ਬਾਗ ਤੋਂ 1.25 ਲੱਖ ਤੋਂ 1.50 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਮਾ ਰਿਹਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਾਗ ਦੀ ਦੇਖਭਾਲ ਯੂਨੀਵਰਸਿਟੀ ਅਤੇ ਵਿਭਾਗ ਦੁਆਰਾ ਦਿੱਤੀ ਬਹੁਮੁੱਲੀ ਜਾਣਕਾਰੀ ਅਨੁਸਾਰ ਬਾਗ ਦੀ ਸੰਭਾਲ ਕਰ ਰਿਹਾ ਹੈ। ਉਹ ਆਪਣਾ ਸਾਰਾ ਬਾਗ ਠੇਕੇ ‘ਤੇ ਦਿੰਦਾ ਹੈ।
ਪ੍ਰੋਗਰੈਸਿਵ ਕਿਸਾਨ ਰਕੇਸ ਡਡਵਾਲ ਨੂੰ ਨੂੰ ਮੁੱਖ ਮੰਤਰੀ ਐਵਾਰਡ ਨਾਲ ਵੀ ਕੀਤਾ ਗਿਆ ਹੈ ਸਨਮਾਨਿਤ-
ਜ਼ਿਲ੍ਹਾ ਪਠਾਨਕੋਟ ਦੇ ਪਿੰਡ ਮੁਰਾਦਪੁਰ ਦਾ ਕਿਸਾਨ ਰਕੇਸ਼ ਡਡਵਾਲ ਜਿਲ੍ਹੇ ਅੰਦਰ ਪ੍ਰੋਗਰੈਸਿਵ ਕਿਸਾਨ ਵਜੋਂ ਜਾਣਿਆ ਜਾਦਾ ਹੈ। ਜਿਕਰਯੋਗ ਹੈ ਕਿ ਰਕੇਸ ਡਡਵਾਲ ਇਸ ਸਮੇ ਪਿਛਲੇ ਕਰੀਬ 30-35 ਸਾਲਾਂ ਤੋਂ 40 ਏਕੜ ਰਕਬੇ ਵਿੱਚ ਲੀਚੀ ਦੀ ਪੈਦਾਵਾਰ ਕਰ ਰਿਹਾ ਹੈ। ਰਾਕੇਸ ਡਡਵਾਲ ਦਾ ਕਹਿਣਾ ਹੈ ਕਿ ਉਹ ਖੇਤੀ ਬਾੜੀ ਯੂਨੀਵਰਸਿਟੀ ਅਤੇ ਬਾਗਬਾਨੀ ਵਿਭਾਗ ਵਲੋਂ ਦਿੱਤੀਆਂ ਹਿਦਾਇਤਾਂ ਦੇ ਅਨੁਸਾਰ ਬਾਗ ਦੀ ਸੰਭਾਲ ਕਰਦਾ ਹੈ। ਉਹ ਠੇਕੇ ‘ਤੇ ਬਾਗ ਦਿੰਦਾ ਹੈ ਅਤੇ ਖੁਦ ਵੀ ਮੰਡੀਕਰਣ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸਮੇਂ ਬਾਗਾਂ ਤੋਂ 1.50 ਤੋਂ 2 ਲੱਖ ਰੁਪਏ ਪ੍ਰਤੀ ਏਕੜ ਕਮਾ ਰਿਹਾ ਹੈ ਅਤੇ ਉਸ ਨੂੰ ਮੁੱਖ ਮੰਤਰੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਸਮੇਂ ਸਮੇਂ ਤੇ ਵਿਭਾਗ ਨਾਲ ਤਾਲਮੇਲ ਰੱਖ ਕੇ ਨਵੀਂ ਤਕਨੀਕ ਦਾ ਲਾਭ ਉਠਾ ਰਿਹਾ ਹੈ ।
ਵਿਭਾਗੀ ਸਕੀਮਾਂ ਦਾ ਲਾਭ ਉਠਾ ਰਿਹਾ ਹੈ ਬਾਗਬਾਨ ਬਲਰਾਮ ਸਿੰਘ
ਜਿਲ੍ਹਾ ਪਠਾਨਕੋਟ ਦੇ ਪਿੰਡ ਚੱਕ ਮਾਧੋ ਸਿੰਘ ਨਿਵਾਸੀ ਬਖਰਾਮ ਸਿੰਘ ਦਾ ਕਹਿਣਾ ਹੈ ਕਿ ਉਹ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਪੂਰਾ ਲਾਭ ਉਠਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਉਹ ਇਸ ਸਮੇਂ 70 ਏਕੜ ਰਕਬੇ ਵਿੱਚ ਲੀਚੀ ਦੀ ਪੈਦਾਵਾਰ ਕਰ ਰਿਹਾ ਹੈ ਅਤੇ ਸਾਰੇ ਬੂਟੇਆਂ ਦੀ ਉਮਰ 5 ਸਾਲ ਤੋਂ 25 ਸਾਲ ਤੱਕ ਹੈ।ਉਨ੍ਹਾਂ ਦੱਸਿਆ ਕਿ ਉਹ ਖੇਤੀ ਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ ਕੀਤੀਆਂ ਕਿਸਮਾਂ ਬੀਜਦਾ ਹੈ ਅਤੇ ਉਨ੍ਹਾਂ ਤੋਂ ਮੁਨਾਫਾ ਲੈ ਰਿਹਾ ਹੈ।
Punjab Post Daily Online Newspaper & Print Media