ਬਟਾਲਾ, 9 ਫਰਵਰੀ (ਨਰਿੰਦਰ ਸਿੰਘ ਬਰਨਾਲ)- ਸਿਵਲ ਸਰਜਨ ਗੁਰਦਾਸਪੁਰ ਡਾ. ਰਘੁਬੀਰ ਸਿੰਘ ਰੰਧਾਵਾ ਨੇ ਸਪੱਸ਼ਟ ਕੀਤਾ ਹੈ ਕਿ ਬਟਾਲਾ ਵਿਖੇ ਅੱਜ ਅਜੀਤ ਸਿੰਘ ਨਾਮਕ ਵਿਅਕਤੀ ਦੀ ਹੋਈ ਮੌਤ ਦਾ ਬਟਾਲਾ ‘ਚ ਫੈਲੇ ਪੀਲੀਏ ਨਾਲ ਕੋਈ ਸਬੰਧ ਨਹੀਂ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜੋ ਪੀਲੀਏ ਦੇ ਕੇਸ ਹੈਪੇਟਾਈਟਸ ਏ ਅਤੇ ਈ ਦੇ ਬਟਾਲਾ (ਪੁਰਾਣਾ ਸ਼ਹਿਰ) ਯਾਨੀ ਕਿ ਚਿਤੋੜਗੜ੍ਹ ਨੇੜੇ ਕੰਧ ਸਾਹਿਬ ਗੁਰਦਵਾਰਾ ਠਠਿਆਰੀ ਗੇਟ ਦੇਖਣ ਵਿਚ ਆਏ ਹਨ, ਉਨ੍ਹਾਂ ਵਿਚੋਂ ਪੀਲੀਏ ਨਾਲ ਹੁਣ ਤੱਕ ਕੋਈ ਮੌਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜੀ ਮੌਤ ਮ੍ਰਿਤਕ ਅਜੀਤ ਸਿੰਘ ਦੀ ਹੋਈ ਹੈ, ਉਹ ਮਰੀਜ ਅਲਕੋਹਲਿਕ ਸਿਰੋਸਿਸ ਅਤੇ ਡਾਇਆਬਟੀਜ ਨਾਲ ਪ੍ਰਭਾਵਿਤ ਸੀ। ਸਿਹਤ ਵਿਭਾਗ ਅਨੁਸਾਰ ਅਜੀਤ ਸਿੰਘ ਨੂੰ ਪੀਲੀਆ ਸ਼ਰਾਬ ਪੀਣ ਨਾਲ ਹੋਇਆ ਸੀ ਨਾ ਕਿ ਪਾਣੀ ਦੇ ਵਿਚ ਕਿਸੇ ਨੁਕਸ ਕਾਰਨ ਭਾਵ ਇਹ ਕਿ ਇਹ ਵਾਟਰ ਬੋਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਲਈ ਇਸ ਮੌਤ ਨੂੰ ਪਾਣੀ ਦੇ ਵਿਚੋਂ ਹੋਈ ਇਨਫੈਕਸ਼ਨ ਜੋ ਕਿ ਹੈਪੇਟਾਈਟਸ ਏ ਜਾਂ ਈ ਕਰਦੀ ਹੈ, ਨਹੀਂ ਮੰਨਿਆ ਜਾ ਸਕਦਾ ਹੈ।
ਸਿਵਲ ਸਰਜਨ ਸ. ਰੰਧਾਵਾ ਨੇ ਦੱਸਿਆ ਹੁਣ ਤੱਕ ਸਿਹਤ ਵਿਭਾਗ ਵਲੋਂ ਬਟਾਲਾ ਸ਼ਹਿਰ ‘ਚ ਡੋਰ ਟੂ ਡੋਰ ਸਰਵੇ ਦੌਰਾਨ ਪੀਲੀਏ ਨਾਲ ਪ੍ਰਭਾਵਿਤ ਮਰੀਜਾਂ ਦਾ ਬਲੱਡ ਸੈਂਪਲ ਲੈ ਕੇ ਰਿਪੋਰਟ ਇਹ ਦੱਸਦੀ ਹੈ ਕਿ ਉਨ੍ਹਾਂ ਵਿਚੋਂ ਕੁੱਝ ਲੋਕਾਂ ਦਾ ਸੀਰਮ ਬਿਲੀਰੂਬਨ ਲੈਵਲ ਨਾਰਮਲ ਹੋ ਗਿਆ ਹੈ, ਜੋ ਇਹ ਦਰਸਾਉਂਦਾ ਹੈ ਕਿ ਮਰੀਜ ਠੀਕ ਹੋਣੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 2313 ਘਰਾਂ ਦਾ ਅਤੇ 13469 ਲੋਕਾਂ ਦਾ ਸਰਵੇ ਕੀਤਾ ਗਿਆ ਹੈ ਅਤੇ ਕੁੱਲ 59 ਕੇਸ ਪੀਲੀਏ ਤੋਂ ਪ੍ਰਭਾਵਿਤ ਪਾਏ ਗਏ ਹਨ, ਇਨ੍ਹਾਂ ਵਿਚੋਂ ਲਗਭਗ ਸਾਰੇ ਕੇਸ ਆਪਣੇ ਘਰਾਂ ਵਿਚ ਰਹਿ ਕੇ ਹੀ ਇਲਾਜ ਕਰਵਾ ਰਹੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਸਿਰਫ ਇਕ ਕੇਸ ਸਿਵਲ ਹਸਪਤਾਲ, ਬਟਾਲਾ ਵਿਖੇ ਦਾਖਲ ਕੀਤਾ ਗਿਆ ਹੈ, ਉਹ ਵੀ ਰਿਕਵਰ ਕਰ ਰਿਹਾ ਹੈ। ਡਾ. ਰੰਧਾਵਾ ਨੇ ਪ੍ਰਭਾਵਤ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੀਣ ਵਾਲਾ ਪਾਣੀ ਉਬਾਲ ਕੇ ਵਰਤਣ, ਕੱਟੇ ਹੋਏ ਫਲ ਸਬਜੀਆਂ ਨਾ ਖਾਣ, ਫਰੂਟ ਤੇ ਸਬਜੀਆਂ ਨੂੰ ਕੱਚੇ ਖਾਣ ਤੋਂ ਪਹਿਲਾਂ ਪਹਿਲੋਂ ਉਬਾਲੇ ਹੋਏ ਪਾਣੀ ਨਾਲ ਧੋ ਕੇ ਹੀ ਖਾਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਘਰ-ਘਰ ਜਾ ਕੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ ਹਨ ਤੇ ਜਿਲ੍ਹਾ ਪ੍ਰਸਾਸ਼ਨ ਵਲੋਂ ਕਲੋਰੀਨ ਯੁਕਤ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਆਦਾ ਪ੍ਰਭਾਵਿਤ ਏਰੀਏ ਵਿਚ ਸਿਹਤ ਵਿਭਾਗ ਦੀ ਟੀਮ ਵਲੋਂ ਮੌਕੇ ਤੇ ਹੀ ਲੋਕਾਂ ਨੂੰ ਦੇਖ ਕੇ ਇਲਾਜ ਵੀ ਕੀਤਾ ਜਾ ਰਿਹਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media