
ਅੰਮ੍ਰਿਤਸਰ, 9 ਫਰਵਰੀ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਸਿੱਧ ਸਿੱਖ ਹਾਲੀਵੁੱਡ ਅਦਾਕਾਰ ਵਾਰਿਸ ਆਹਲੂਵਾਲੀਆ ਨੂੰ ਅਮਰੀਕਾ ਵਿਖੇ ਏਅਰ ਮੈਕਸੀਕੋ ਦੀ ਫਲਾਈਟ ਵਿੱਚ ਚੜ੍ਹਨ ਤੋਂ ਰੋਕਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸਿੱਖਾਂ ਨੂੰ ਆਪਣੀ ਸੁਰੱਖਿਆ ਦੇ ਨਾਲ-ਨਾਲ ਧਾਰਮਿਕ ਚਿੰਨ੍ਹਾਂ ਅਤੇ ਦਸਤਾਰ ਕਰਕੇ ਵਿਦੇਸ਼ੀ ਧਰਤੀ ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਵਾਰਿਸ ਆਹਲੂਵਾਲੀਆ ਇਕੱਲੇ ਅਜਿਹੇ ਸਿੱਖ ਅਦਾਕਾਰ ਹਨ ਜੋ ਬਹੁਰਾਸ਼ਟਰੀ ਕੱਪੜਿਆਂ ਦੀ ਕੰਪਨੀ ਗੈਪ ਨਾਲ ਬਤੌਰ ਡਿਜ਼ਾਈਨਰ ਜੁੜੇ ਹੋਏ ਹਨ ਅਤੇ ਪੂੁਰਨ ਸਿੱਖੀ ਸਰੂਪ ਵਿੱਚ ਵਿਚਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਿੱਖਾਂ ਵੱਲੋਂ ਹਰ ਦੇਸ਼ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਗਿਆ ਹੈ ਅਤੇ ਉਹ ਵੱਡੇ-ਵੱਡੇ ਅਹੁਦਿਆ ਤੇ ਬਿਰਾਜਮਾਨ ਵੀ ਹਨ, ਪਰ ਸਿੱਖਾਂ ਦੀ ਪਹਿਚਾਣ ਸਬੰਧੀ ਜਾਗਰੂਕਤਾ ਦੀ ਘਾਟ ਕਾਰਨ ਉਨ੍ਹਾਂ ਨਾਲ ਵਿਤਕਰਾ ਕਰਨਾ ਕਿਸੇ ਵੀ ਕੀਮਤ ਤੇ ਜਾਇਜ਼ ਨਹੀਂ ਹੈ।ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਖੁਦ ਸਿੱਖਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਹੈ, ਪਰ ਅਜੇ ਵੀ ਸਿੱਖਾਂ ਦੀ ਪਹਿਚਾਣ ਸਬੰਧੀ ਵੱਡੇ ਪੱਧਰ ਤੇ ਯਤਨਾਂ ਦੀ ਘਾਟ ਪਾਈ ਜਾ ਰਹੀ ਹੈ।ਉਨ੍ਹਾਂ ਅਮਰੀਕਾ ਸਰਕਾਰ ਨੂੰ ਜਹਾਜ਼ ਦੇ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਕ ਵਾਰ ਫਿਰ ਸਿੱਖਾਂ ਨਾਲ ਹੋ ਰਹੀ ਵਿਤਕਰੇਬਾਜ਼ੀ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
Punjab Post Daily Online Newspaper & Print Media