ਕੈਬਨਿਟ ਮੰਤਰੀ ਰਣੀਕੇ ਤੇ ਜਨਰਲ ਜੇ. ਜੇ ਸਿੰਘ ਨੇ ਦਿੱਤੀ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 10 ਫਰਵਰੀ (ਜਗਦੀਪ ਸਿੰਘ ਸੱਗੂ)- ਰਾਜ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀਵਾਲੇ ਦਾ 170ਵਾਂ ਸ਼ਹੀਦੀ ਦਿਹਾੜਾ ਅੱਜ ਗੇਟ ਵੇਅ ਆਫ ਇੰਡੀਆ (ਨਰਾਇਣਗੜ੍ਹ) ਅਤੇ ਅਟਾਰੀ ਸਮਾਧ ‘ਤੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਰਾਜ ਪੱਧਰੀ ਇਸ ਸ਼ਹੀਦੀ ਸਮਾਗਮ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਰਾਜਪਾਲ ਅਤੇ ਸਾਬਕਾ ਸੈਨਾ ਮੁਖੀ ਜਨਰਲ ਜੇ. ਜੇ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਗੇਟ ਵੇਅ ਆਫ ਇੰਡੀਆ ‘ਤੇ ਸ. ਗੁਲਜ਼ਾਰ ਸਿੰਘ ਰਣੀਕੇ, ਜਨਰਲ ਜੇ. ਜੇ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਡਿਪਟੀ ਕਮਿਸ਼ਨਰ ਪੁਲਿਸ ਸ. ਜਸਪ੍ਰੀਤ ਸਿੰਘ, ਮੇਜਰ ਜਨਰਲ ਐਸ ਥਾਪਾ, ਕਰਨਲ ਕੁਲਦੀਪ ਸਿੰਘ ਸਿੱਧੂ, ਕਰਨਲ ਹਰਿੰਦਰ ਸਿੰਘ ਅਟਾਰੀ ਨੇ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੇ ਬੁੱਤ ‘ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਜਵਾਨਾਂ ਵੱਲੋਂ ਹਥਿਆਰ ਉਲਟੇ ਕਰਕੇ ਜਰਨਲ ਅਟਾਰੀਵਾਲਾ ਨੂੰ ਸਲਾਮੀ ਦਿੱਤੀ ਗਈ।
ਇਸ ਮੌਕੇ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਸ. ਸ਼ਾਮ ਸਿੰਘ ਅਟਾਰੀਵਾਲਾ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਹਨ ਜਿਨ੍ਹਾਂ ਦੀ ਸ਼ਹਾਦਤ ਆਉਣ ਨਵੀਂ ਪੀੜ੍ਹੀ ਲਈ ਚਾਨਣ ਮੁਨਾਰਾ ਰਹੇਗੀ। ਉਨ੍ਹਾਂ ਕਿਹਾ ਕਿ ਸ. ਸ਼ਾਮ ਸਿੰਘ ਅਟਾਰੀਵਾਲਾ ਨੇ 10 ਫਰਵਰੀ 1846 ਨੂੰ ਸਭਰਾਵਾਂ ਦੀ ਜੰਗ ਵਿਚ ਜਿਸ ਬਹਾਦਰੀ ਨਾਲ ਅੰਗਰੇਜ਼ੀ ਫੌਜਾਂ ਦਾ ਮੁਕਾਬਲਾ ਕਰਕੇ ਸ਼ਹਾਦਤ ਦਾ ਜਾਮ ਪੀਤਾ ਉਹ ਆਪਣੇ ਆਪ ਵਿਚ ਮਿਸਾਲ ਹੈ। ਸ. ਰਣੀਕੇ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਇਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਸਿਜਦਾ ਕਰਦੀ ਹੈ ਜਿਨ੍ਹਾਂ ਨੇ ਆਪਣੀ ਜਾਨ ਨੂੰ ਦੇਸ਼- ਕੌਮ ਲਈ ਕੁਰਬਾਨ ਕਰ ਦਿੱਤਾ। ਸ. ਰਣੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦੇਸ਼-ਕੌਮ ਲਈ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਅਤੇ ਸੂਰਬੀਰਾਂ ਦੀਆਂ ਵਿਸ਼ਵ ਪੱਧਰੀ ਯਾਦਗਾਰਾਂ ਦੀ ਸਥਾਪਤੀ ‘ਤੇ ਕਰੀਬ 1000 ਕਰੋੜ ਰੁਪਏ ਖ਼ਰਚ ਕੀਤੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਮਾਣਮੱਤੇ ਇਤਿਹਾਸ, ਮਹਾਨ ਵਿਰਸੇ ਅਤੇ ਕੁਰਬਾਨੀਆਂ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹੇ ਕਦਮ ਉਠਾਉਣ ਵਾਲਾ ਮੁਲਕ ਦਾ ਇਕੋ-ਇਕ ਸੂਬਾ ਹੈ।
ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਰਾਜਪਾਲ ਅਤੇ ਸਾਬਕਾ ਸੈਨਾ ਮੁਖੀ ਜਨਰਲ ਜੇ. ਜੇ ਸਿੰਘ ਨੇ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਣਖ ਦੀ ਖਾਤਿਰ ਸ਼ਹਾਦਤ ਦਿੱਤੀ, ਜਿਸ ਦੀ ਪ੍ਰਸੰਸਾ ਅੰਗਰੇਜ਼ਾਂ ਨੇ ਵੀ ਕੀਤੀ। ਉਨ੍ਹਾਂ ਕਿਹਾ ਕਿ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹਾਦਤ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣੀ, ਜਿਨ੍ਹਾਂ ਨੇ ਅੰਗਰੇਜ਼ ਹਕੂਮਤ ਨੂੰ ਦੇਸ਼ ਵਿਚੋਂ ਕੱਢ ਕੇ ਹੀ ਸਾਹ ਲਿਆ। ਉਨ੍ਹਾਂ ਕਿਹਾ ਕਿ ਅੱਜ ਵੀ ਬਾਹਰੀ ਤਾਕਤਾਂ ਦੇਸ਼ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੀਆਂ ਹੋਈਆਂ ਹਨ, ਪਰੰਤੂ ਦੇਸ਼ ਦੀ ਅੰਦਰੂਨੀ ਅਤੇ ਸਰਹੱਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਸ ਮੌਕੇ ਉਨ੍ਹਾਂ ਆਪਣੀ ਆਤਮ ਕਥਾ ਸਬੰਧੀ ਦੋ ਕਿਤਾਬਾਂ ‘ਸੋਲਜ਼ਰ ਜਨਰਲ’ ਅਤੇ ‘ਸਿਪਾਹੀਆਂ ਦਾ ਜਰਨੈਲ’ ਸ. ਗੁਲਜ਼ਾਰ ਸਿੰਘ ਰਣੀਕੇ ਅਤੇ ਕਰਨਲ ਹਰਿੰਦਰ ਸਿੰਘ ਅਟਾਰੀ ਨੂੰ ਭੇਟ ਕੀਤੀਆਂ। ਇਸੇ ਦੌਰਾਨ ਗੇਟ ਵੇਅ ਆਫ ਇੰਡੀਆ ‘ਤੇ ਸਕੂਲੀ ਬੱਚਿਆਂ ਵੱਲੋਂ ਬੀਰ ਰਸ ਅਤੇ ਦੇਸ਼ ਭਗਤੀ ਨਾਲ ਭਰਪੂਰ ਗੀਤ ਵੀ ਪੇਸ਼ ਕੀਤੇ ਗਏ। ਇਸ ਉਪਰੰਤ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੀ ਸਮਾਧ ਅਟਾਰੀ ਵਿਖੇ ਵੀ ਸ਼ਹੀਦੀ ਸਮਾਗਮ ਕਰਾਇਆ ਗਿਆ ਜਿਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਧਾਰਮਿਕ ਦੀਵਾਨ ਸਜਾਏ ਗਏ। ਕੀਰਤਨੀ ਸਿੰਘਾਂ ਨੇ ਗੁਰੂ ਜਸ ਗਾਇਨ ਕੀਤਾ ਅਤੇ ਢਾਡੀ ਜਥਿਆਂ ਨੇ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਦਾ ਬਿਰਤਾਂਤ ਸੰਗਤਾਂ ਨਾਲ ਸਾਂਝਾ ਕੀਤਾ। ਵੱਡੀ ਗਿਣਤੀ ਵਿੱਚ ਲੋਕਾਂ ਨੇ ਅਟਾਰੀ ਵਿਖੇ ਪਹੁੰਚ ਕੇ ਮਹਾਨ ਜਰਨੈਲ ਸ਼ਾਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਜਨਰਲ ਜੇ ਜੇ ਸਿੰਘ ਨੇ ਉਥੇ ਸਥਿਤ ਅਜਾਇਬ ਘਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸ. ਸ਼ਾਮ ਸਿੰਘ ਅਟਾਰੀਵਾਲਾ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ। ਸ਼ਹੀਦੀ ਸਮਾਗਮ ਦੇ ਅਖੀਰ ਵਿਚ ਅਟਾਰੀ ਵਿਖੇ ਕਬੱਡੀ ਅਤੇ ਕੁਸ਼ਤੀ ਮੁਕਾਬਲੇ ਵੀ ਕਰਵਾਏ ਗਏ।
ਜ਼ਿਕਰਯੋਗ ਹੈ ਕਿ ਜਰਨੈਲ ਸ: ਸ਼ਾਮ ਸਿੰਘ ਅਟਾਰੀਵਾਲਾ ਸਿੱਖ ਇਤਿਹਾਸ ਦਾ ਇਕ ਚਮਕਦਾ ਹੀਰਾ ਹੈ। ਮਹਾਰਾਜਾ ਰਣਜੀਤ ਸਿੰਘ ਸਮੇਂ ਵੱਖ-ਵੱਖ ਮੁਹਿੰਮਾਂ ਵਿਚ ਅਤੇ ਮਹਾਰਾਜਾ ਸਾਹਿਬ ਦੇ ਦਿਹਾਂਤ ਉਪਰੰਤ 10 ਫਰਵਰੀ, 1846 ਨੂੰ ਸਤਲੁਜ ਦਰਿਆ ਦੇ ਕੰਢੇ ਸਭਰਾਵਾਂ ਨੇੜੇ ਉਨ੍ਹਾਂ ਅੰਗਰੇਜ਼ਾਂ ਖਿਲਾਫ਼ ਇਕ ਜ਼ਬਰਦਸਤ ਤੇ ਖੂਨੀ ਯੁੱਧ ਲੜਿਆ ਸੀ ਅਤੇ ਇਸ ਲੜਾਈ ਵਿਚ ਉਨ੍ਹਾਂ ਨੇ ਬੇਮਿਸਾਲ ਬਹਾਦਰੀ ਦਿਖਾਉਂਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਸੀ। ਇਸੇ ਬਹਾਦਰੀ ਸਦਕਾ ਜਨਰਲ ਸ਼ਾਮ ਸਿੰਘ ਅਟਾਰੀਵਾਲਾ ਦਾ ਨਾਮ ਅੱਜ ਵੀ ਬੜੇ ਫ਼ਖਰ ਨਾਲ ਲਿਆ ਜਾਂਦਾ ਹੈ।
Punjab Post Daily Online Newspaper & Print Media
