ਨਵੀਂ ਦਿੱਲੀ, 11, ਫਰਵਰੀ (ਅੰਮ੍ਰਿਤ ਲਾਲ ਮੰਨਣ) – ਰਾਸ਼ਟਰੀ ਰਾਜਧਾਨੀ ਖੇਤਰ ਗਾਜ਼ੀਆਬਾਦ ਉੱਤਰ ਪ੍ਰਦੇਸ਼ ਵਿੱਚ ਵਸਦੇ ਸਿੱਖਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦਾ ਮੌਕੇ ਤੇ ਜਾ ਕੇ ਜਾਇਜ਼ਾ ਲੈਣ ਅਤੇ ਸ਼ਿਕਾਇਤਾਂ ਨੂੰ ਦੂਰ ਕਰਵਾਉਣ ਦਾ ਹਲ ਤਲਾਸ਼ਣ ਲਈ, ਸ. ਮਨਜੀਤ ਸਿੰਘ ਜੀ.ਕੇ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਕਮੇਟੀ ਦੇ ਜਾਇੰਟ ਸਕਤੱਰ ਸ. ਅਮਰਜੀਤ ਸਿੰਘ ਪੱਪੂ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਇਕ ਟੀਮ ਗਾਜ਼ੀਆਬਾਦ ਭੇਜੀ ਗਈ।ਇਸ ਟੀਮ ਨੇ ਸ. ਐਸ ਪੀ ਸਿੰਘ ਸਾਬਕਾ ਮੈਂਬਰ ਉੱਤਰ ਪ੍ਰਦੇਸ਼ ਘਟ ਗਿਣਤੀ ਕਮਿਸ਼ਨ, ਸ. ਇੰਦਰਜੀਤ ਸਿੰਘ ਟੀਟੂ ਸਥਾਨਕ ਮੁਖੀ ਸਮਾਜਵਾਦੀ ਪਾਰਟੀ, ਸ. ਗਗਨਦੀਪ ਸਿੰਘ ਮੁਖੀ ਅਕਾਲੀ ਦਲ, ਸ੍ਰੀਮਤੀ ਲਵਲੀ ਕੌਰ ਪਾਰਸ਼ਦ (ਗਾਜ਼ੀਆਬਾਦ), ਸ. ਸੁੱਚਾ ਸਿੰਘ, ਸ. ਰਮਿੰਦਰ ਸਿੰਘ ਜੋਲੀ, ਸ. ਜਗਮੋਹਨ ਸਿੰਘ ਸਲੂਜਾ, ਸੰਨੀ ਵੀਰ (ਹਾਪੁੜ ਰੋਡ), ਸ. ਰਵਿੰਦਰ ਸਿੰਘ ਸਗੂ. ਸ਼. ਗੁਰਪਾਲ ਸਿੰਘ, ਸ. ਐਸ ਪੀ ਸਿੰਘ ਓਬਰਾਏ, ਸ. ਹਰਪ੍ਰੀਤ ਸਿੰਘ ਜੱਗੀ, ਸ. ਜੇ ਪੀ ਸਿੰਘ (ਕਾਂਗ੍ਰਸ) ਆਦਿ ਮੁਖੀਆਂ ਨਾਲ ਮੁਲਾਕਤ ਕਰ ਸਥਾਨਕ ਹਾਲਾਤ ਅਤੇ ਸਿੱਖਾਂ ਦੀਆਂ ਸ਼ਿਕਾਇਤਾਂ ਅਤੇ ਉਨ੍ਹਾਂ ਨੂੰ ਹਲ ਕਰਵਾਏ ਜਾਣ ਦੇ ਸੰਬੰਧ ਵਿੱਚ ਖੁਲ੍ਹ ਕੇ ਵਿਚਾਰ-ਵਟਾਂਦਰਾ ਕੀਤਾ। ਸ. ਅਮਰਜੀਤ ਸਿੰਘ ਪੱਪੂ ਨੇ ਗਾਜ਼ੀਆਬਾਦ ਵਾਸੀ ਸਿੱਖਾਂ ਨੂੰ ਵਿਸ਼ਵਾਸ ਦੁਆਇਆ ਕਿ ਸ. ਮਨਜੀਤ ਸਿੰਘ ਜੀ ਕੇ ਦੀ ਅਗਵਾਈ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਨਾਲ ਡੱਟ ਕੇ ਖੜੀ ਹੈ। ਉਨ੍ਹਾਂ ਦਸਿਆ ਸਿੱਖਾਂ ਦੇ ਹਿਤਾਂ-ਅਧਿਕਾਰਾਂ ਦੀ ਰਾਖੀ ਲਈ ਦਿੱਲੀ ਗੁਰਦੁਆਰਾ ਕਮੇਟੀ ਦ੍ਰਿੜ੍ਹਤਾ ਨਾਲ ਵਚਨਬੱਧ ਹੈ। ਸ. ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਸਥਾਨਕ ਸਿੱਖਾਂ ਨੂੰ ਚਾਹੀਦਾ ਹੈ ਕਿ ਭਾਵੇਂ ਉਹ ਕਿਸੇ ਵੀ ਰਾਜਸੀ ਪਾਰਟੀ ਨਾਲ ਸਬੰਧਤ ਹੋਣ, ਪਰ ਜਦੋਂ ਕਦੀ ਸਾਂਝਾ ਸੰਕਟ ਆ ਬਣੇ ਤਾਂ ਉਹ ਇੱਕ-ਜੁਟ ਹੋ ਉਸਦਾ ਸਾਹਮਣਾ ਕਰਨ। ਉਨ੍ਹਾਂ ਕਿਹਾ ਕਿ ਸਿੱਖ ਕੇਵਲ ਆਪਣੇ ਹਿਤਾਂ ਲਈ ਹੀ ਨਹੀਂ ਲੜਦਾ, ਸਗੋਂ ਉਹ ਹਰ ਉਸ ਵਿਅਕਤੀ ਦੇ ਨਾਲ ਖੜਾ ਹੁੰਦਾ ਹੈ, ਜੋ ਜ਼ੁਲਮ ਅਤੇ ਅਨਿਆਇ ਦਾ ਸ਼ਿਕਾਰ ਹੋ ਰਿਹਾ ਹੋਵੇ, ਭਾਵੇਂ ਉਹ ਹਿੰਦੂ ਹੋਵੇ ਜਾਂ ਮੁਸਲਮਾਨ, ਇਸਾਈ ਹੋਵੇ ਜਾਂ ਕਿਸੇ ਹੋਰ ਫਿਰਕੇ ਨਾਲ ਸੰਬੰਧ ਰਖਦਾ ਹੋਵੇ। ਸਿੱਖਾਂ ਨੇ ਆਪਣੀ ਇਸ ਪਰੰਪਰਾ ਨੂੰ ਸਦਾ ਹੀ ਕਾਇਮ ਰਖਿਆ ਹੈ। ਇਸ ਮੌਕੇ ਇਹ ਫੈਸਲਾ ਵੀ ਕੀਤਾ ਗਿਆ ਕਿ ਗਾਜ਼ੀਆਬਾਦ ਅਤੇ ਉਸਦੇ ਨਾਲ ਲਗਦੇ ਇਲਾਕਿਆਂ ਵਿੱਚ ਸਿੱਖੀ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨ ਲਈ ਇਲਾਕੇ ਦੇ ਹਰ ਗੁਰਦੁਆਰੇ ਵਿਚੋਂ ਦੋ-ਦੋ ਮੈਂਬਰ ਲ਼ੇ ਕੇ 51 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਏ। ਰਾਣਾ ਪਰਮਜੀਤ ਸਿੰਘ ਨੇ ਵਿਸ਼ਵਾਸ ਦੁਆਇਆ ਕਿ ਇਸ ਕਮੇਟੀ ਨੂੰ ਸਿੱਖੀ ਦੇ ਪ੍ਰਚਾਰ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਇਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media