Tuesday, August 11, 2026

ਗ੍ਰਹਿ ਵਿਭਾਗ ਦੀ ਸੰਸਦੀ ਸਟੇਡਿੰਗ ਕਮੇਟੀ ਵਲੋਂ ਪਿੰਡ ਪਹਾੜੀਪੁਰ ਨੇੜੇ ਭਾਰਤ-ਪਾਕਿ ਸਰਹੱਦ ਦਾ ਦੌਰਾ

ਬੀ.ਐਸ.ਐਫ ਦੇ ਜਵਾਨਾਂ ਅਤੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ

PPN1102201613ਪਠਾਨਕੋਟ, 11 ਫਰਵਰੀ (ਪ.ਪ) – ਸ੍ਰੀ ਪ੍ਰਦੀਪ ਭੱਟਾਚਾਰੀਆ ਚੇਅਰਮੈਨ ਸੰਸਦੀ ਸਟੇਡਿੰਗ ਕਮੇਟੀ ਗ੍ਰਹਿ ਵਿਭਾਗ ਦੀ ਅਗਵਾਈ ਵਿੱਚ 18 ਮੈਂਬਰੀ ਕਮੇਟੀ ਨੇ ਅੱਜ ਜਿਲ੍ਹਾ ਪਠਾਨਕੋਟ ਦੇ ਪਿੰਡ ਪਹਾੜੀਪੁਰ ਵਿਖੇ ਬੀ.ਐਸ.ਐਫ ਪੋਸਟ ਅਤੇ ਪਿੰਡ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ਦਾ ਦੌਰਾ ਕੀਤਾ ਅਤੇ ਬੀ.ਐਸ.ਐਫ ਦੇ ਅਧਿਕਾਰੀਆਂ ਕੋਲੋ ਭਾਰਤ-ਪਾਕਿ ਸਰਹੱਦ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਸਰਹੱਦ ਉੱਤੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ। ਉਨ੍ਹਾਂ ਨੇ ਇਸ ਮੌਕੇ ਤੇ ਬੀ.ਐਸ.ਐਫ ਦੇ ਜਵਾਨਾਂ ਅਤੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।
ਪਿੰਡ ਪਹਾੜੀਪੁਰ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦੀ ਸਟੇਡਿੰਗ ਕਮੇਟੀ ਦੇ ਚੇਅਰਮੈਨ ਪੀ. ਭੱਟਾਚਾਰੀਆ ਨੇ ਕਿਹਾ ਕਮੇਟੀ ਵਲੋਂ ਪਹਿਲਾਂ ਸਰਹੱਦੀ ਸੂਬੇ ਰਾਜਸਥਾਨ ਦਾ ਦੌਰਾ ਕੀਤਾ ਗਿਆ ਸੀ ਅਤੇ ਹੁਣ ਸਰਹੱਦੀ ਸੂਬੇ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਰਹੱਦੀ ਖੇਤਰ ਦੀਆਂ ਕੀ ਮੁਸ਼ਕਿਲਾਂ ਹਨ ਅਤੇ ਸਰਹੱਦ ਤੇ ਹੋਰ ਕੀ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਸਬੰਧੀ ਜਾਇਜ਼ਾ ਲਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਮੂਹ ਕਮੇਟੀ ਮੈਂਬਰਾਂ ਨੇ ਏਅਰਫੋਰਸ ਸਟੇਸ਼ਨ ਪਠਾਨਕੋਟ ਦਾ ਦੌਰਾ ਕੀਤਾ ਅਤੇ ਬੀਤੇ ਦਿਨੀ ਏਅਰਬੇਸ ਪਠਾਨਕੋਟ ਉੱਪਰ ਹੋਏ ਆਤੰਕੀ ਹਮਲੇ ਸਬੰਧੀ ਘਟਨਾਕ੍ਰਮ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸਰਹੱਦੀ ਖੇਤਰ ਦਾ ਦੌਰਾ ਕਰਕੇ ਸਰਹੱਦ ਤੇ ਜੋ ਵੀ ਕਮੀਆਂ ਹਨ ਉਨ੍ਹਾਂ ਨੂੰ ਦੂਰ ਕਰਨ, ਇਸ ਖੇਤਰ ਦੇ ਲੋਕਾਂ ਅਤੇ ਬੀ.ਐਸ.ਐਫ ਦੇ ਜਵਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਅਤੇ ਇਸ ਖੇਤਰ ਦੀਆਂ ਸੜਕਾਂ ਨੂੰ ਮਜਬੂਤ ਕਰਨ ਲਈ ਕੇਂਦਰ ਸਰਕਾਰ ਨੂੰ ਰਿਪੋਰਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸਰਹੱਦ ‘ਤੇ ਤਾਇਨਾਤ ਬੀ.ਐਸ.ਐਫ ਜਵਾਨਾਂ ਵੱਲੋਂ ਦਿੱਤੀ ਜਾ ਰਹੀ ਡਿਊਟੀ ਤੋਂ ਸੰਤੁਸ਼ਟ ਹਨ। ਚੇਅਰਮੈਨ ਨੇ ਕਿਹਾ ਕਿ ਸਰਹੱਦ ਦੇ ਨਜ਼ਦੀਕ ਰਹਿੰਦੇ ਬਹਾਦਰ ਪੰਜਾਬੀਆਂ ਨੇ ਹਮੇਸਾਂ ਦੇਸ਼ ਅੰਦਰ ਅਮਨ , ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਅੱਗੇ ਹੋ ਕੇ ਯੋਗਦਾਨ ਪਾਇਆ ਹੈ ਅਤੇ ਪੰਜਾਬ ਦੇ ਲੋਕਾਂ ਦੀ ਦੇਸ਼ ਭਗਤੀ ਅਤੇ ਮਿਹਨਤ ਨੂੰ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾ।
ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਲੋਕ ਸਭਾ ਨੇ ਇਸ ਮੌਕੇ ਕਿਹਾ ਕਿ ਸੰਸਦੀ ਸਟੇਡਿੰਗ ਕਮੇਟੀ ਵਲੋਂ ਅੱਜ ਜੋ ਪਹਾੜੀਪੁਰ ਵਿਖੇ ਬੀ.ਐਸ.ਐਫ. ਪੋਸਟ ਦਾ ਦੌਰਾ ਕੀਤਾ ਗਿਆ ਹੈ, ਇਹ ਬੁਹਤ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਹ ਕਮੇਟੀ ਭਾਰਤ-ਪਾਕਿ ਸਰਹੱਦ ਦਾ ਦੌਰਾ ਕਰਕੇ ਕੇਂਦਰ ਸਰਕਾਰ ਨੂੰ ਆਪਣੀ ਰਿਪੋਰਟ ਦੇਵੇਗੀ। ਉਨ੍ਹਾਂ ਕਿਹਾ ਕਿ ਸਰਹੱਦ ਉੱਪਰ ਲੱਗੀ ਕੰਢਿਆਲੀ ਤਾਰ ਨੂੰ ਮਜਬੂਤ ਕਰਨ ਅਤੇ ਸਰਹੱਦ ਦੀ ਨਿਸ਼ਾਨਦੇਹੀ ਦੁਬਾਰਾ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਇਹ ਕਮੇਟੀ ਖੇਤਰ ਦੇ ਸਮੁੱਚੇ ਵਿਕਾਸ ਲਈ ਬਾਰਡਰ ਏਰੀਆ ਵਿਕਾਸ ਫੰਡ ਵਿੱਚ ਵਾਧਾ ਕਰਨ ਲਈ ਕੇਂਦਰ ਨੂੰ ਵੀ ਅਪੀਲ ਕਰਨਗੇ ਤਾਂ ਜੋ ਇਸ ਏਰੀਏ ਦੇ ਲੋਕਾਂ ਨੂੰ ਆਧੁਨਿਕ ਸਿੱਖਿਆ ਅਤੇ ਸਿਹਤ ਸੇਵਾਵਾਂ ਮੁਹਈਆ ਕੀਤੀਆਂ ਜਾ ਸਕਣ ਅਤੇ ਵਧੀਆ ਸੜਕਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸ਼ਨ ਅਤੇ ਵੱਖ ਵੱਖ ਸੁਰੱਖਿਆ ਫੋਰਸਾਂ ਵਿੱਚ ਵਧੀਆ ਤਾਲਮੇਲ ਦੀ ਲੋੜ ਹੈ ਤਾਂ ਜੋ ਇੱਕ ਜੁੱਟ ਹੋ ਕੇ ਸਰਹੱਦ ਪਾਰ ਹੋਣ ਵਾਲੇ ਆਤੰਕੀ ਹਮਲੇ ਦਾ ਮੂਹੰ ਤੋੜ ਜਵਾਬ ਦਿੱਤਾ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਨਿਲ ਪਾਲੀਵਾਲ ਆਈ.ਜੀ. ਬੀ.ਐਸ.ਐਫ., ਕੁੰਵਰ ਵਿਜੇ ਪ੍ਰਤਾਪ ਸਿੰਘ ਡੀ.ਆਈ.ਜੀ. ਬਾਰਡਰ ਰੇਂਜ, ਅਮਿਤ ਕੁਮਾਰ ਡਿਪਟੀ ਕਮਿਸ਼ਨਰ, ਆਰ.ਕੇ ਬਖਸ਼ੀ ਐਸ.ਐਸ.ਪੀ., ਕੇ.ਐਸ. ਰਾਜ ਵਧੀਕ ਡਿਪਟੀ ਕਮਿਸ਼ਨਰ ਜਨਰਲ, ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ ਅਤੇ ਬੀ.ਐਸ.ਐਫ ਦੇ ਉੱਚ ਅਧਿਕਾਰੀ ਵੀ ਹਾਜਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply