
ਪਠਾਨਕੋਟ, 23 ਫਰਵਰੀ (ਪ.ਪ) – ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਆਵਾਜਾਈ ਦੇ ਲਈ ਬੇਹਤਰ ਸਹੂਲਤਾਂ ਮੁਹਈਆ ਕਰਵਾਉਣ ਦੇ ਲਈ ਸੂਬੇ ਦੀਆਂ ਪ੍ਰਮੁੱਖ ਸੜਕਾਂ ਨੂੰ ਚਾਰ ਅਤੇ ਛੇ ਮਾਰਗੀ ਬਣਾਉਣ ਲਈ 20 ਹਜਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਜਿਲ੍ਹਾ ਪਠਾਨਕੋਟ ਦੀਆਂ ਤਿੰਨ ਪ੍ਰਮੁੱਖ ਸੜਕਾਂ ਨੂੰ ਚੌੜਾ ਅਤੇ ਮਜਬੂਤ ਕਰਨ ਲਈ 2464.95 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹਰ ਤਰ੍ਹਾਂ ਦੀ ਸੁਵਿਧਾਵਾਂ ਦੇਣ ਲਈ ਯਤਨ ਕੀਤੇ ਜਾ ਰਹੇ ਹਨ।
ਡਿਪਟੀ ਸਪੀਕਰ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ 2173.70 ਲੱਖ ਰੁਪਏ ਦੀ ਲਾਗਤ ਨਾਲ ਪੁਰਾਣੇ ਨੈਸ਼ਨਲ ਹਾਈਵੇ-20 ‘ਤੇ ਚੱਕੀ ਪੁਲ ਤੋਂ ਮਾਮੂਨ ਤੱਕ ਕਰੀਬ ਸਾਢੇ ਪੰਜ ਕਿਲੋਮੀਟਰ ਤੱਕ ਮਾਰਗ ਨੂੰ ਚਾਰ ਮਾਰਗੀ ਬਣਾਇਆ ਜਾ ਰਿਹਾ ਹੈ। ਇਸ ਮਾਰਗ ਦੀ ਚੌੜਾਈ ਵੱਧਣ ਨਾਲ ਜਿਥੇ ਵੱਧ ਰਹੀਆਂ ਦੁਰਘਟਨਾਵਾਂ ਦੇ ਗਰਾਫ ਵਿੱਚ ਗਿਰਾਵਟ ਆਵੇਗੀ, ਉਥੇ ਹੀ ਲੋਕਾਂ ਨੂੰ ਆਵਾਜਾਈ ਲਈ ਵਧੀਆ ਸੁਵਿਧਾ ਵੀ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨੈਸ਼ਨਲ ਹਾਈਵੇ-154 ਏ ‘ਤੇ 283.27 ਲੱਖ ਰੁਪਏ ਦੀ ਲਾਗਤ ਨਾਲ ਮਾਰਗ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਅਤੇ ਇਹ ਵਿਕਾਸ ਕਾਰਜ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੱਕੀ-ਧਾਰ ਰੋਡ ਦੀ ਮੁਰੰਮਤ ਅਤੇ ਪੈਚਵਰਕ ‘ਤੇ 7.98 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਇਹ ਕੰਮ ਪੂਰਾ ਕਰ ਲਿਆ ਗਿਆ ਹੈ।
ਸ੍ਰੀ ਬੱਬੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਸੜਕਾਂ, ਪੁਲਾਂ ਅਤੇ ਇਮਾਰਤਾਂ ਦੀ ਉਸਾਰੀ ‘ਤੇ 1 ਅਰਬ 99 ਕਰੋੜ 26 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਜ਼ਿਲ੍ਹੇ ਦੀਆਂ ਵੱਖ ਵੱਖ ਲਿੰਕ ਸੜਕਾਂ ਦੀ ਮੁਰੰਮਤ ਅਤੇ ਨਵ ਉਸਾਰੀ ‘ਤੇ ਲਗਭਗ 30 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ 25 ਕਰੋੜ ਰੁਪਏ ਹੋਰ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਇਸ ਸਾਲ ਦੌਰਾਨ ਮੁਕੰਮਲ ਕਰਨ ਲਈ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ ਤਾਂ ਜੋ ਲੋਕ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਲਾਭ ਉੱਠਾ ਸਕਣ।
Punjab Post Daily Online Newspaper & Print Media