
ਨਵੀਂ ਦਿੱਲੀ, 27 ਫਰਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਮਹਿਰੌਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਉਣ ਵਾਸਤੇ 7.5 ਏਕੜ ਦੇ ਪਾਰਕ ਦਾ ਕਬਜ਼ਾ ਮਿਲ ਗਿਆ ਹੈ। ਡੀ.ਡੀ.ਏ. ਦੇ ਬਾਗਵਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਆਰ.ਡੀ.ਭਾਰਦਵਾਜ ਨੇ ਕਮੇਟੀ ਦੇ ਮੁਖ ਇੰਜੀਨੀਅਰ ਐਸ.ਐਸ.ਭੱਲਾ, ਚੀਫ ਇੰਜੀਨੀਅਰ ਪਰਮਪਾਲ ਸਿੰਘ, ਪਰਮਿੰਦਰ ਸਿੰਘ ਜੂਨੀਅਰ ਇੰਜੀਨੀਅਰ ਅਤੇ ਕਮੇਟੀ ਦੇ ਇਸਟੇਟ ਵਿਭਾਗ ਦੇ ਅਧਿਕਾਰੀਆਂ ਨੂੰ ਕਬਜ਼ਾ ਦੇਣ ਦੀ ਰਸ਼ਮ ਨਿਭਾਈ।
ਇਸ ਪਾਰਕ ਵਿਚ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਲਗਭਗ 55 ਫੁੱਟ ਉ-ਚਾ ਬੁੱਤ ਮੋਹਾਲੀ ਦੇ ਚਪੜਚਿੜ੍ਹੀ ਵਾਂਗ ਸਥਾਪਿਤ ਕਰਦੇ ਹੋਏ ਪੂਰੇ ਪਾਰਕ ਨੂੰ ਮਨੋਹਰ ਰੂਪ ਦੇਣ ਵਾਸਤੇ ਲੈਂਡ ਸਕੇਪਿੰਗ ਵੀ ਵੱਡੇ ਪੱਧਰ ਤੇ ਕੀਤੀ ਜਾਵੇਗੀ। ਜੂਨ 2016 ਤੱਕ ਬੁੱਤ ਦੀ ਸਥਾਪਨਾ ਅਤੇ ਦਸੰਬਰ 2016 ਤਕ ਯਾਦਗਾਰ ਦੀ ਪੂਰੀ ਉਸਾਰੀ ਦਾ ਕਾਰਜ ਕਮੇਟੀ ਵੱਲੋਂ ਸੰਪੂਰਨ ਕਰਨ ਦੀ ਵੀ ਆਸ਼ ਜਤਾਈ ਗਈ ਹੈ। ਯਾਦਗਾਰ ਦੇ ਮੁਕੱਮਲ ਹੋਣ ਦੇ ਬਾਅਦ ਉਕਤ ਪਾਰਕ ਸਿੱਖ ਸਭਿਆਚਾਰ ਅਤੇ ਮਾਣਮੱਤੇ ਇਤਿਹਾਸ ਨੂੰ ਇਕ ਸੁਨਿਹਰੀ ਝਾਂਕੀ ਵਾਂਗ ਦਰਸ਼ਕਾ ਅੱਗੇ ਪੇਸ਼ ਕਰਨ ਦਾ ਮਾਧਿਅਮ ਬਣਨ ਦਾ ਵੀ ਕਮੇਟੀ ਵੱਲੋਂ ਦਾਅਵਾ ਕੀਤਾ ਗਿਆ ਹੈ।
Punjab Post Daily Online Newspaper & Print Media