
ਅੰਮ੍ਰਿਤਸਰ, 13 ਮਾਰਚ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਜਥੇਦਾਰ ਅਤੇ ਸਿੱਖ ਕੌਮ ਦੇ ਮਹਾਨ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਬਰਸੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ, ਬੁੱਢਾ ਦਲ, ਸਾਹਮਣੇ ਸ਼ੇਰਾਂ ਵਾਲਾ ਗੇਟ, ਸ੍ਰੀ ਅੰਮ੍ਰਿਤਸਰ ਵਿਖੇ ਮਨਾਈ ਜਾ ਰਹੀ ਹੈ।
ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆਂ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਕਿਹਾ ਕਿ ਅੱਜ ਸਵੇਰੇ 10:30 ਵਜੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਬਰਸੀ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ, ਬੁੱਢਾ ਦਲ ਵਿਖੇ ਮਨਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ। ਸਮਾਗਮ ਵਿਚ ਪੰਥ ਪ੍ਰਸਿੱਧ ਰਾਗੀ ਜੱਥੇ ਕੀਰਤਨ ਰਾਹੀਂ, ਢਾਡੀ ਤੇ ਕਥਾਵਾਚਕ ਗੁਰ-ਇਹਿਤਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ, ਪੰਥ ਦੀਆਂ ਪ੍ਰਮੁੱਖ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੀਆਂ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ 1761 ਈ. ਨੂੰ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਹੋਇਆ। ਆਪ ਬਚਪਨ ਤੋਂ ਹੀ ਆਪਣੇ ਆਪ ਨੂੰ ਸੇਵਾ ਸਿਮਰਨ ਵਿਚ ਵਿਅਸਤ ਰੱਖਦੇ ਸਨ। ਆਪ ਜੀ ਦੇ ਗੁਰਬਾਣੀ ਪ੍ਰਤੀ ਮੋਹ ਅਤੇ ਸੇਵਾ ਭਾਵਨਾ ਸਦਕਾ ਛੋਟੀ ਉਮਰੇ ਹੀ ਮਸ਼ਹੂਰ ਹੋ ਗਏ। ਆਪ ਜੀ 1800 ਈ. ਵਿਚ ਮਿਸਲ ਸ਼ਹੀਦਾਂ ਦੇ ਮੁਖੀ ਬਣੇ। ਆਪ ਜੀ ਨੇ ਪੰਥ ਦੀ ਏਕਤਾ ਤੇ ਚੜ੍ਹਦੀ ਕਲਾ ਲਈ ਬਹੁਤ ਕੰਮ ਕੀਤੇ ਤੇ ਧਰਮ ਤੇ ਪੰਥ ਲਈ ਕਈ ਜੰਗਾਂ ਲੜੀਆਂ। ਆਪ ਦੀਆਂ ਪੰਥਕ ਸੇਵਾਵਾਂ ਤੇ ਬੌਧਿਕਤਾ ਕਾਰਨ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪ ਦਿੱਤਾ ਗਿਆ। ਆਪ ਨੇ ਸ੍ਰੀ ਅੰਮ੍ਰਿਤਸਰ ਵਿਖੇ ਗੁਰਦੁਆਰਾ ਪ੍ਰਬੰਧਾਂ ਵਿਚ ਸੁਧਾਰ ਕੀਤੇ। ਆਪ ਨੇ ਹਮੇਸ਼ਾ ਪੰਥ ਦੇ ਹਿੱਤਾਂ ਤੇ ਰੱਖਿਆ ਲਈ ਯੁੱਧ ਕੀਤੇ। ਸੰਨ 1823 ਵਿਚ ਨੌਸ਼ਹਿਰਾ ਦੀ ਜੰਗ ਦੌਰਾਨ ਆਪ ਜੀ ਅਫਗਾਨਿਸਤਾਨ ਵਿਖੇ ਜ਼ੁਲਮ ਖਿਲਾਫ ਲੜਦੇ ਹੋਏ ਸ਼ਹੀਦੀ ਪਾ ਗਏ।
ਉਨ੍ਹਾਂ ਨੇ ਇਸ ਮਹਾਨ ਯੋਧੇ ਦੀ ਯਾਦ ਵਿਚ ਰੱਖੇ ਬਰਸੀ ਸਮਾਗਮ ਵਿਚ ਸ਼ਾਮਲ ਹੋਣ ਲਈ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਪੰਥਕ ਤੇ ਧਾਰਮਿਕ ਸ਼ਖਸੀਅਤਾਂ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ, ਛਾਉਣੀਆਂ ਤੇ ਗੁਰਦੁਆਰਾ ਸਾਹਿਬਾਨ ਦੇ ਜਥੇਦਾਰਾਂ, ਸੰਤਾਂ-ਮਹਾਂਪੁਰਖਾਂ, ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਅਤੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਹੈ।
Punjab Post Daily Online Newspaper & Print Media