Tuesday, February 24, 2026

ਧੰਨ ਹਨ ਉਹ ਮਾਵਾਂ ਜਿਨ੍ਹਾਂ ਪ੍ਰਭੂ ਭਗਤਾਂ ਨੂੰ ਜਨਮ ਦਿੱਤਾ – ਗੌਹਰ-ਏ-ਮਸਕੀਨ

PPN1203201620

ਅੰਮ੍ਰਿਤਸਰ, 12 ਮਾਰਚ (ਗੁਰਪ੍ਰੀਤ ਸਿੰਘ ਸੱਗੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਵੱਲੋਂ ਭਗਤ ਧੰਨਾ ਜੀ ਦੇ 600 ਸਾਲਾ ਜਨਮ ਦਿਹਾੜੇ (ਛੇਵੀਂ ਸ਼ਤਾਬਦੀ) ਦੇ ਸਬੰਧ ਵਿੱਚ 8 ਮਾਰਚ ਤੋਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਰਮਣੀਕ ਅਸਤਾਨ 8 ਮਾਰਚ ਨੂੰ ਰਵਾਨਾ ਕੀਤਾ ਗਿਆ ਨਗਰ-ਕੀਰਤਨ ਗੁਰਦੁਆਰਾ ਜਨਮ ਅਸਥਾਨ ਭਗਤ ਧੰਨਾ ਜੀ ਵਿਖੇ ਆਪਣੇ ਚੌਥੇ ਦਿਨ ਦੀ ਯਾਤਰਾ ਕਰਦਾ ਹੋਇਆ ਪੂਰੇ ਜਾਹੋ ਜਲਾਲ ਨਾਲ 11 ਮਾਰਚ ਦੀ ਸ਼ਾਮ ਨੂੰ ਸੰਪੰਨ ਹੋਇਆ। ‘ਮੰਜ਼ਿਲੇਂ ਨਜ਼ਦੀਕ ਆਤੀ ਗਈ, ਕਾਫ਼ਲਾ ਬੜਤਾ ਗਯਾ’ ਦੇ ਕਥਨ ਅਨੁੰਸਾਰ ਜਿਉਂ-ਜਿਉਂ ਭਗਤ ਜੀ ਦਾ ਜਨਮ ਅਸਥਾਨ ਨਜ਼ਦੀਕ ਆਉਂਦਾ ਗਿਆ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵਧਦਾ ਗਿਆ। ਅਖੀਰਲੇ ਪੜਾਅ ਤੱਕ ਦੂਰ-ਦੁਰਾਡੇ ਤੋਂ ਆਪਣੇ ਮੋਟਰ ਸਾੲਕਿਲਾਂ, ਕਾਰਾਂ, ਬੱਸਾਂ ਤੇ ਟਰੱਕਾਂ ਸਮੇਤ ਕੋਈ ਡੇਢ ਸੌ ਦੇ ਕਰੀਬ ਗੱਡੀਆਂ ਭਗਤ ਧੰਨਾ ਜੀ ਦੀ ਸ਼ਤਾਬਦੀ ਦੇ ਸਬੰਧ ਵੱਲ ਵਧ ਰਹੇ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਗਈਆਂ। ਰਾਜਿਸਥਾਨ ਦੇ ਮਾਰੂਥਲੀ ਇਲਾਕੇ ਵਿੱਚ ਪਹਾੜੀਆਂ ਦੇ ਨਜ਼ਦੀਕ ਗੁਜਰ ਰਹੇ ਨਗਰ ਕੀਰਤਨ ਵਿੱਚ ਅੱਗੇ-ਅੱਗੇ ਬਾਬਾ ਅਵਤਾਰ ਸਿੰਘ ਬਿਧੀਚੰਦੀਏ ਸੁਰਸਿੰਘ ਵਾਲਿਆਂ ਦੇ ਸ਼ਿੰਗਾਰੇ ਹਾਥੀ ਚੱਲ ਰਹੇ ਸਨ ਤੇ ਪਿੱਛੇ-ਪਿੱਛੇ ਪੰਜ ਪਿਆਰੇ, ਪੰਜ ਨਿਸ਼ਾਨਚੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਚੱਲ ਰਹੀ ਸੀ, ਜਿਸਦਾ ਸੁੰਦਰ ਨਜ਼ਾਰਾ ਬੜਾ ਹੀ ਮਨਮੋਹਿਕ ਦ੍ਰਿਸ਼ ਪੇਸ਼ ਕਰ ਰਿਹਾ ਸੀ। ਗਤਕਾ ਪਾਰਟੀਆਂ ਅਤੇ ਸਕੂਲਾਂ ਤੇ ਫੌਜੀ ਬੈਂਡ ਦੀ ਮਧੁਰ ਧੁਨ ਸੰਗਤਾਂ ਨੂੰ ਇਕ ਅਧਭੁੱਤ ਆਨੰਦ ਦੇ ਰਹੀ ਸੀ। ਸਤਿਨਾਮੁ-ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਦੀ ਮਿੱਠੀ ਤੇ ਮਧੁਰ ਬਾਣੀ ਖੁੱਲ੍ਹੇ ਆਕਾਸ਼ ਵਿੱਚ ਰੱਬੀ ਨੂਰ ਬਿਖੇਰ ਰਹੀ ਸੀ। ਪਾਵਨ-ਪਵਿੱਤਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਤੇ ਸੰਗਤਾਂ ਵੱਲੋਂ ਗੁਲਾਬ ਦੇ ਫੁੱਲਾਂ ਦੀ ਕੀਤੀ ਜਾ ਰਹੀ ਵਰਖਾ ਇੰਝ ਪ੍ਰਤੀਤ ਹੋ ਰਹੀ ਸੀ ਜਿਵੇਂ ਸਵਰਗਾਂ ਤੋਂ ‘ਰੱਬੀ ਰੂਹਾਂ’ ਵੀ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਧਰਤੀ ਤੇ ਉੱਤਰ ਆਈਆਂ ਹੋਣ ਤੇ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਨਿਵਾਂ ਕੇ ਉਨ੍ਹਾਂ ਦੀਆਂ ਰਹਿਮਤਾਂ ਦੀ ਬਾਰਿਸ਼ ਦਾ ਆਨੰਦ ਮਾਣ ਰਹੀਆਂ ਹੋਣ। ਸਮਾਪਤੀ ਉਪਰੰਤ ਭਾਈ ਗੁਰਚਰਨ ਸਿੰਘ ਨੇ ਅਰਦਾਸ ਕੀਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਗੁਰੁਦੁਆਰਾ ਸਾਹਿਬ ਵਿੱਚ ਸੁਸ਼ੋਭਿਤ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਤੇ ਸੰਗਤਾਂ ਦੇ ਸਹਿਯੋਗ ਸਦਕਾ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਸੰਤ ਬਾਬਾ ਲੱਖਾ ਸਿੰਘ ਜੀ ਨੇ ਨਗਰ-ਕੀਰਤਨ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਲਈ ਆਈਆਂ ਸੰਗਤਾਂ ਨੂੰ ਭਗਤ ਧੰਨਾ ਜੀ ਦੇ ਜਨਮ-ਦਿਹਾੜੇ ਦੀ ਵਧਾਈ ਦੇਂਦੇ ਹੋਏ ਸਭ ਨੂੰ ਜੀ ਆਇਆਂ ਕਿਹਾ।
ਸਿੱਖ ਧਰਮ ਦੇ ਬਾਨੀ ਤੇ ਸਰਬ-ਸਾਂਝੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ‘ਲੰਗਰ ਦੌਲਤ’ ਦੀ ਚਲਾਈ ਰਹੁ ਰੀਤ ਅਨੁਸਾਰ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਬਾਬਾ ਅਵਤਾਰ ਸਿੰਘ ਜੀ ਬਿਧੀਚੰਦੀਏ ਸੁਰਸਿੰਘ ਵਾਲੇ, ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਤੇ ਸਿੱਖ ਸੰਗਤਾਂ ਨੇ ‘ਬਾਬੇ ਨਾਨਕ ਦੀ ਥਾਲੀ’ ਵਿੱਚ ਸੰਗਤਾਂ ਲਈ ਛੱਤੀ ਪ੍ਰਕਾਰ ਦੇ ਭੋਜਨ ਪਰੋਸ ਕੇ ਉਨ੍ਹਾਂ ਨੂੰ ਤ੍ਰਿਪਤ ਕੀਤਾ।
12 ਮਾਰਚ ਦੇ ਸਜੇ ਸਵੇਰ ਦੇ ਦੀਵਾਨ ਵਿੱਚ ਭਾਈ ਇੰਦਰਜੀਤ ਸਿੰਘ ਖਾਲਸਾ, ਭਾਈ ਰਵਿੰਦਰ ਸਿੰਘ, ਭਾਈ ਗੁਰਕੀਰਤ ਸਿੰਘ ਤੇ ਭਾਈ ਸਤਨਾਮ ਸਿੰਘ ਦੇ ਹਜ਼ੂਰੀ ਰਾਗੀ ਜਥੇ ਸੱਚਖੁੰਡ ਸ੍ਰੀ ਹਰਿਮੰਦਰ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਧੰਨਾ ਜੀ ਦੀ ਬਾਣੀ ਦਾ ਜੱਸ ਗਾਇਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਢਾਡੀ ਤੇ ਕਵੀਸ਼ਰੀ ਜਥਿਆਂ ਨੇ ਵੀ ਭਗਤ ਜੀ ਦੇ ਜੀਵਨ ਤੇ ਰੌਸ਼ਨੀ ਪਾਉਂਦਿਆਂ ਵਾਰਾਂ ਗਾ ਕੇ ਭਗਤ ਜੀ ਦੇ ਜੀਵਨ-ਜਾਚ ਦੀ ਰੂਹ ਸੰਗਤਾਂ ਦੇ ਮਨਾਂ ‘ਚ ਉਜਾਗਰ ਕੀਤੀ। ਪੰਥ ਪ੍ਰਸਿੱਧ ਕਥਾਵਾਚਕਾਂ ਵਿੱਚ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ, ਗਿਆਨੀ ਜੋਗਿੰਦਰ ਸਿੰਘ ਆਜ਼ਾਦ, ਗਿਆਨੀ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਗਿਆਨੀ ਤਰਲੋਚਨ ਸਿੰਘ, ਗਿਆਨੀ ਮਨਮੋਹਨ ਸਿੰਘ, ਗਿਆਨੀ ਕਿਸ਼ਨ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਜਸਵੰਤ ਸਿੰਘ ਪ੍ਰਵਾਨਾ ਤੇ ਗਿਆਨੀ ਬਲਦੇਵ ਸਿੰਘ ਨੇ ‘ਗੁਰਮਤਿ ਗੂੜ ਗਿਆਨ’ ਦੇ ਕਥਾ ਵਿਚਾਰਾਂ ਰਾਹੀ ਭਗਤ ਧੰਨਾ ਜੀ ਦੇ ਪ੍ਰਭੂ ਭਗਤੀ ਵਿੱਚ ਰੰਗ ਰੱਤੇ ਜੀਵਨ ਤੇ ਚਾਨਣਾ ਪਾਇਆ।
ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਭਗਤ ਧੰਨਾ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਜੀ ਦਾ ਜਨਮ 1416 ਈਸਵੀ ਵਿੱਚ ਧੁਆਨ ਨਗਰ, ਜ਼ਿਲ੍ਹਾ ਟਾਂਕ, ਰਾਜਿਸਥਾਨ ਵਿੱਚ ਮਾਤਾ ਰੀਵਾ ਜੀ ਦੀ ਕੁੱਖੋਂ ਹੋਇਆ। ਉਨ੍ਹਾਂ ਕਿਹਾ ਕਿ ਰੀਵਾ ਦਾ ਅਰਥ ਹੈ ਵਗਦਾ ਹੋਇਆ ਨਿਰਮਲ ਦਰਿਆ, ਰਹਿਮਤ ਦਾ ਦਰਿਆ, ਇਬਾਦਤ ਦਾ ਦਰਿਆ। ਉਨ੍ਹਾਂ ਕਿਹਾ ਕਿ ਉਹ ਮਾਵਾਂ ਧੰਨ ਹਨ ਜਿਨ੍ਹਾਂ ਪ੍ਰਭੂ ਭਗਤ ਪੁੱਤਰਾਂ ਨੂੰ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਦੋ ਰਾਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਜਿਨ੍ਹਾਂ ਵਿੱਚੋਂ ‘ਜਨ ਕੀ ਅਰਦਾਸ’ ਭਾਵ ਬੇਨਤੀ, ਦ੍ਰਿੜ ਵਿਸ਼ਵਾਸ ਤੇ ਭਰੋਸੇ ਦੀ ਝਲਕ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਭਗਤ ਜੀ ਨੇ ਕਰਮ-ਕਾਂਡਾਂ ਨੂੰ ਖਤਮ ਕਰਕੇ, ਹੱਥੀਂ ਕਿਰਤ ਕਰਨ ਤੇ ਇੱਕ ਰੱਬ ਦੀ ਪੂਜਾ ਕਰਨ ਲਈ ਸਮੁੱਚੀ ਲੋਕਾਈ ਨੂੰ ਉਪਦੇਸ਼ ਦਿੱਤਾ। ਇਸੇ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭਗਤ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਕੇ ਉਨ੍ਹਾਂ ਨੂੰ ਮਾਣ ਤੇ ਵਡਿਆਈ ਬਖਸ਼ੀ। ਉਨ੍ਹਾਂ ਕਿਹਾ ਕਿ ਭਗਤ ਜੀ ਨੇ ਇਸ ਅਸਥਾਨ ਤੇ ਪ੍ਰਭੂ ਦੀ ਪ੍ਰੇਮਾ ਭਗਤੀ ਕਰਕੇ ਇਸ ਨੂੰ ਪੂਜਣ ਯੋਗ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਲੋਕ ਧੰਨਤਾ ਯੋਗ ਹਨ ਜੋ ਇਸ ਧਰਤੀ ਤੇ ਨਿਵਾਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਭਗਤ ਜੀ ਦੀ ਅੰਸ਼-ਬੰਸ਼ ‘ਚੋਂ ਇਸ ਪਿੰਡ ਵਿੱਚ ਕੋਈ ਵਿਖਾਈ ਨਹੀਂ ਦੇਂਦਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਜੀ ਦੀ ਬਾਣੀ ਸੰਗਤਾਂ ਦੇ ਦਿਲਾਂ ਵਿੱਚ ਉਨ੍ਹਾਂ ਦੀ ਮਿੱਠੀ ਯਾਦ ਦੀ ਲੋਅ ਸਦਾ ਜਗਾਉਂਦੀ ਰਹੇਗੀ। ਉਨ੍ਹਾਂ ਸੰਗਤਾਂ ਨੂੰ ਭਗਤ ਜੀ ਦੇ ਜੀਵਨ ਤੋਂ ਸੇਧ ਲੈ ਕੇ ਭੋਲੇ ਭਾਅ ਰੱਬ ਨੂੰ ਪਾਉਣ ਤੇ ਕਰਮ-ਕਾਂਡਾਂ ਦਾ ਤਿਆਗ ਕਰਕੇ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਬੇਨਤੀ ਕੀਤੀ। ਉਕਤ ਸਖਸ਼ੀਅਤਾਂ ਦੇ ਇਲਾਵਾ ਸz: ਗੁਰਬਚਨ ਸਿੰਘ ਕਰਮੂੰਵਾਲਾ ਅੰਤ੍ਰਿਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਇਸ ਸਮਾਗਮ ਦ ਿਸ਼ਾਨ ਵਧਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਜੀ ਨੇ ਆਪ ਸੰਗਤਾਂ ਦੀ ਹਾਜ਼ਰੀ ਭਰਨੀ ਸੀ ਪਰ ਕੁਝ ਜਰੂਰੀ ਪੰਤਕ ਰੁਝੇਵਿਆਂ ਕਰਕੇ ਉਹ ਦਰਸ਼ਨ ਨਹੀਂ ਕਰ ਸਕੇ। ਸz: ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।ਸਟੇਜ ਸਕੱਤਰ ਦੀ ਸੇਵਾ ਗਿਆਨੀ ਮਨਮੋਹਨ ਸਿੰਘ ਨਿਮਾਣਾ ਨੇ ਬਾਖੂਬੀ ਨਿਭਾਈ।
ਸਮਾਗਮ ਦੇ ਅਖੀਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ ਸz: ਗੁਰਬਚਨ ਸਿੰਘ ਕਰਮੂੰਵਾਲਾ, ਸz: ਖੁਸ਼ਵਿੰਦਰ ਸਿੰਘ ਭਾਟੀਆ, ਸz: ਅਮਰੀਕ ਸਿੰਘ ਵਿਛੋਆ, ਸz: ਅਮਰਜੀਤ ਸਿੰਘ ਭਲਾਈਪੁਰ, ਸz: ਗੁਰਪ੍ਰੀਤ ਸਿੰਘ ਝੱਬਰ ਮੈਂਬਰ, ਸz: ਹਰਭਜਨ ਸਿੰਘ ਮਨਾਵਾਂ, ਸz: ਕੇਵਲ ਸਿੰਘ, ਸz: ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ ਤੇ ਸz: ਚਾਨਣ ਸਿੰਘ ਮੀਤ ਸਕੱਤਰ ਨੇ ਬਾਬਾ ਲੱਖਾ ਸਿੰਘ ਸਰਹਾਲੀ, ਬਾਬਾ ਬਲਵਿੰਦਰ ਸਿੰਘ ਤੇ ਬਾਬਾ ਸ਼ੇਰ ਸਿੰਘ ਕਾਰਸੇਵਾ ਵਾਲਿਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਸ੍ਰੀ ਸਾਹਿਬ, ਲੋਈ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਪਰੰਤ ਬਾਬਾ ਲੱਖਾ ਸਿੰਘ ਜੀ ਸਰਹਾਲੀ ਵੱਲੋਂ ਪੰਜ ਪਿਆਰੇ ਸਾਹਿਬਾਨ ਅਤੇ ਗੁਰਮਤਿ ਸਮਾਗਮ ਤੇ ਨਗਰ-ਕੀਰਤਨ ਵਿੱਚ ਸੇਵਾ ਨਿਭਾ ਰਹੇ ਸੰਤਾਂ-ਮਹਾਂਪੁਰਖਾਂ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ , ਬਾਬਾ ਅਵਤਾਰ ਸਿੰਘ ਜੀ ਬਿਧੀਚੰਦੀਏ ਸੁਰਸਿੰਘ , ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ ਸz: ਗੁਰਬਚਨ ਸਿੰਘ ਕਰਮੂੰਵਾਲਾ, ਸz: ਖੁਸ਼ਵਿੰਦਰ ਸਿੰਘ ਭਾਟੀਆ, ਸz: ਅਮਰੀਕ ਸਿੰਘ ਵਿਛੋਆ, ਸz: ਅਮਰਜੀਤ ਸਿੰਘ ਭਲਾਈਪੁਰ ਤੇ ਸz: ਗੁਰਪ੍ਰੀਤ ਸਿੰਘ ਝੱਬਰ ਮੈਂਬਰ, ਸz: ਕੇਵਲ ਸਿੰਘ, ਸz: ਹਰਭਜਨ ਸਿੰਘ ਮਨਾਵਾਂ, ਸz: ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸz: ਚਾਨਣ ਸਿੰਘ ਮੀਤ ਸਕੱਤਰ, ਸz: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸz: ਜਰਨੈਲ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਦੇ ਇਲਾਵਾ ਸਮੂਹ ਸਭਾ ਸੁਸਾਇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਮੁਖੀਆਂ ਨੂੰ ਭਗਤ ਧੰਨਾ ਜੀ ਦੀ ਯਾਦਗਾਰੀ ਤਸਵੀਰ, ਲੋਈ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸz: ਸਤਨਾਮ ਸਿੰਘ ਮੀਤ ਮੈਨੇਜਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਝਬਾਲ, ਸz: ਬਲਦੇਵ ਸਿੰਘ ਸ/ਸੁਪਰਵਾਈਜ਼ਰ, ਸz: ਰੇਸ਼ਮ ਸਿੰਘ, ਭਾਈ ਹੀਰਾ ਸਿੰਘ ਮਨਿਹਾਲਾ ਤੇ ਭਾਈ ਗੁਰਬਚਨ ਸਿੰਘ ਕਲਸੀਆਂ ਪ੍ਰਚਾਰਕ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਟਾਫ਼ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਗੁਰਮਤਿ ਸਮਾਗਮ ਦੇ ਆਨੰਦ ਮਾਣ ਰਹੀਆਂ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply