ਸੰਦੌੜ, 14 ਮਾਰਚ (ਹਰਮਿੰਦਰ ਭੱਟ ਸਿੰਘ) – ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਖੇੜੀ ਅਤੇ ਸਰਬੱਤ ਦਾ ਭਲਾ ਸੇਵਾ ਦਲ ਦੇ ਮੁੱਖ ਸੇਵਾਦਾਰ ਪੰਥ ਪ੍ਰਸਿਧ ਪ੍ਰਚਾਰਕ ਬਾਬਾ ਦਲੇਰ ਸਿੰਘ ਖਾਲਸਾ ਵਲੋਂ ਕਸਬਾ ਭੁਰਾਲ ਵਿਖੇ ਚਾਰ ਦਿਨ੍ਹਾਂ ਧਾਰਮਿਕ ਦੀਵਾਨ ਸਜਾਏ ਗਏ ਇਸ ਦੌਰਾਨ 72 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜੇ ਚੜ੍ਹੇ। ਬਾਬਾ ਦਲੇਰ ਸਿੰਘ ਖਾਲਸਾ ਨੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਦਿਆਂ ਕਿਹਾ ਕਿ ਧੰਨ ਗੁਰੂ ਨਾਨਕ ਪਾਤਿਸ਼ਾਹ ਜੀ ਨੂੰ ਸਰਬ ਧਰਮਾਂ ਦੇ ਲੋਕ ਅਕਾਲ ਪੁਰਖ ਪ੍ਰਮਾਤਮਾ ਦਾ ਸਰੂਪ ਜਾਣ ਕੇ ਸ਼ੀਸ ਨਿਵਾਉੰਦੇ ਹਨ ਉਨਾਂ ਕਿਹਾ ਕਿ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਬਤੀਤ ਕਰਨਾ ਚਾਹੀਦਾ ਹੈ ਅਤੇ ਸਿੱਖ ਧਰਮ ਵਿਚ ਫੋਕੇ ਕਰਮ ਕਾਂਡਾਂ ਅਤੇ ਵਹਿਮਾਂ ਭਰਮਾਂ ਦੇ ਲਈ ਕੋਈ ਜਗ੍ਹਾ ਨਹੀਂ ਹੈ, ਇਨ੍ਹਾਂ ਤੋਂ ਦੂਰ ਰਹਿਣ ਦੀ ਲੋੜ ਹੈ ।ਉਨਾਂ ਕਿਹਾ ਕਿ ਸਿਖ ਕੌਮ ਦੀ ਦੁਨੀਆਂ ‘ਤੇ ਚੜ੍ਹਦੀ ਕਲਾ ਨੂੰ ਬਰਕਰਾਰ ਰੱਖਣ ਲਈ ਅਜੋਕੀ ਨਸ਼ਿਆਂ ਵਿਚ ਗਲਤਾਨ ਹੋ ਰਹੀ ਨੋਜੁਆਨੀ ਨੂੰ ਸਿਖ ਇਤਿਹਾਸ ਬਾਰੇ ਜਾਣੂੰ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ।ਸਮਾਗਮ ਦੇ ਅੰਤਿਮ ਦਿਨ ਉਨ੍ਹਾਂ ਭਗਤ ਧੰਨਾ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਉਪਦੇਸ਼ ਦਿੱਤਾ।ਉਨ੍ਹਾਂ ਕਿਹਾ ਕਿ ਭਗਤ ਧੰਨਾ ਜੀ ਨੇ ਇਕ ਗਰੀਬ ਕਿਸਾਨ ਦੇ ਘਰ ਪੈਦਾ ਹੋ ਕੇ ਕਿਰਤ ਦੇ ਨਾਲ ਨਾਲ ਪ੍ਰਮਾਤਮਾ ਦੀ ਅਰਾਧਨਾ ਨੂੰ ਭੋਲੇਪਣ ਵਿਚ ਜੀਵਨ ਨੂੰ ਬਤੀਤ ਕਰਦਿਆਂ ਸੁਚੱਜੀਆਂ ਭਾਵਨਾਵਾਂ ਅਨੁਸਾਰ ਨਾਮ ਸਿਮਰਨ ਦੀ ਸ਼ਕਤੀ ਦੁਆਰਾ ਪੂਰਨ ਪ੍ਰਭ ਦੀ ਪ੍ਰਾਪਤੀ ਕੀਤੀ।ਉਨ੍ਹਾਂ ਕਿਹਾ ਕਿ ਇਨਾਂ ਪ੍ਰਾਪਤੀਆਂ ਦੇ ਸਦਕਾ ਹੀ ਭਗਤ ਧੰਨਾ ਜੀ ਦੀ ਬਾਣੀ ਦੇ ਤਿੰਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।ਉਨ੍ਹਾਂ ਕਿਹਾ ਕਿ ਭਗਤ ਧੰਨਾ ਜੀ ਨੇ ਗਿਆਨ ਨੂੰ ਸੰਸਾਰ ਦਾ ਸਭ ਤੋਂ ਵੱਡਾ ਧੰਨ ਮੰਨਿਆ ਸੀ ਅਤੇ ਭਗਤ ਧੰਨਾ ਜੀ ਨੇ ਵਿਕਾਰਾਂ ਤੋਂ ਦੂਰ ਰਹਿ ਕੇ ਸਾਦਾ ਜੀਵਨ ਬਤੀਤ ਕੀਤਾ।ਉਨ੍ਹਾਂ ਨੌਜਵਾਨਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿ ਕੇ ਹੱਥੀ ਕਿਰਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media