ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ ਸੱਗੂ )- ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਦੀ ਧਰਮਪਤਨੀ ਡਾ: ਸਿਮਰਪ੍ਰੀਤ ਰੂਜਮ ਨੇ ਅੱਜ ਸਥਾਨਕ ਰੈਡ ਕਰਾਸ ਵੱਲੋਂ ਚਲਾਈ ਜਾ ਰਹੀ ਪੰਘੂੜਾ ਸਕੀਮ ਤਹਿਤ 125ਵੀਂ ਨਵਜੰਮੀ ਬੱਚੀ ਪ੍ਰਾਪਤ ਕਰਦਿਆਂ ਕਿਹਾ ਕਿ ਲਿੰਗ ਭੇਦਭਾਵ ਦੇ ਖਾਤਮੇ ਤੋਂ ਬਿਨਾਂ ਨਰੋਏ ਸਮਾਜ ਦੀ ਸਿਰਜਣਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਅਤੇ ਲੜਕਿਆਂ ਵਿੱਚ ਕਿਸੇ ਕਿਸਮ ਦਾ ਕੋਈ ਫਰਕ ਨਹੀਂ ਕਰਨਾ ਚਾਹੀਦਾ ਕਿਉਂਕਿ ਲੜਕੀਆਂ ਸਮਾਜ ਦੇ ਹਰ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਧੀਆਂ ਨੂੰ ਪੁੱਤਾਂ ਵਾਂਗ ਸਤਿਕਾਰ ਦੇਣ ਅਤੇ ਪੜਾਉਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਡਾ. ਰੂਜਮ ਨੇ ਸਮਾਜਿਕ, ਧਾਰਮਿਕ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਲਿੰਗ ਭੇਦਭਾਵ ਦੇ ਖਾਤਮੇ ਸਬੰਧੀ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਉਲੀਕਣ। ਡਾ: ਰੂਜਮ ਨੇ ਮਾਪਿਆਂ ਨੂੰ ਵੀ ਜੋਰ ਦੇ ਕੇ ਕਿਹਾ ਕਿ ਮੌਜੂਦਾ ਅਗਾਂਹਵਧੂ ਸਮਾਜ ਵਿੱਚ ਜੇਕਰ ਕਿਤੇ ਧੀਆਂ ਨਾਲ ਵਿਤਕਰਾ ਹੋ ਰਿਹਾ ਹੈ ਤਾਂ ਉਹ ਪਿਛਾਂਹ ਖਿਚੂ ਸੋਚ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਭਰੂਣ ਹੱਤਿਆ, ਲਿੰਗ ਭੇਦਭਾਵ ਆਦਿ ਬੁਰਾਈਆਂ ਖਿਲਾਫ ਅਸਰਦਾਰ ਮੁਹਿੰਮ ਵਿੱਢਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਸਮਾਜਿਕ ਅਲਾਮਤਾਂ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ। ਅੰਮ੍ਰਿਤਸਰ ਜਿਲ੍ਰਾ ਪ੍ਰਸ਼ਾਸਨ ਵੱਲੋਂ ਸਾਲ 2008 ਵਿੱਚ ਸ਼ੁਰੂ ਕੀਤੀ ਗਈ ਪੰਘੂੜਾ ਸਕੀਮ ਦੀ ਸ਼ਲਾਘਾ ਕਰਦਿਆਂ ਡਾ: ਸਿਮਰਪ੍ਰੀਤ ਰੂਜਮ ਨੇ ਕਿਹਾ ਕਿ ਇਹ ਸਕੀਮ ਬੇਸਹਾਰਾ ਬੱਚਿਆਂ ਲਈ ਵਰਦਾਨ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਘੂੜੇ ਵਿਚ 125 ਬੱਚੇ ਪ੍ਰਾਪਤ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 106 ਲੜਕੀਆਂ ਅਤੇ 19 ਲੜਕੇ ਹਨ। ਉਨ੍ਹਾਂ ਦੱਸਿਆ ਕਿ ਅੱਜ ਪ੍ਰਾਪਤ ਹੋਈ 10-12 ਦਿਨਾਂ ਦੀ ਬੱਚੀ ਜੋ ਕਿ ਮੈਡੀਕਲ ਉਪਰੰਤ ਪੂਰੀ ਤਰ੍ਹਾਂ ਤੰਦਰੁਸਤ ਪਾਈ ਗਈ ਨੂੰ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਉਂਡੇਸ਼ਨ, ਲੁਧਿਆਣਾ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਡਾ: ਰੂਜਮ ਨੇ ਉਨ੍ਹਾਂ ਲੋਕਾਂ ਜੋ ਬੱਚਿਆਂ ਦੀ ਸਾਂਭ ਸੰਭਾਲ ਤੋਂ ਅਸਮਰਥ ਹੋਣ ਕਾਰਨ ਇਧਰ-ਓਧਰ ਜਾਂ ਸੜਕ ਕਿਨਾਰੇ ਸੁੱਟ ਜਾਂਦੇ ਹਨ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਬੱਚਿਆਂ ਨੂੰ ਰੈਡ ਕਰਾਸ ਵਿਖੇ ਸਥਾਪਤ ਪੰਘੂੜੇ ਵਿੱਚ ਪਾਉਣ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਨਵੀਂ ਜਿੰਦਗੀ ਪ੍ਰਦਾਨ ਕੀਤੀ ਜਾ ਸਕੇ।ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੀ ਸਕੱਤਰ ਮੈਡਮ ਵਿਨੇ ਸ਼ਰਮਾ, ਵਧੀਕ ਸਕੱਤਰ ਠਾਕੁਰ ਰਣਧੀਰ ਸਿੰਘ, ਸੁਪਰਡੈਂਟ ਸ੍ਰੀ ਦਵਿੰਦਰ ਸ਼ਰਮਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media