Sunday, April 26, 2026

ਮਾਲੇਰਕੋਟਲਾ ਦੇ ਕੌਂਸਲਰਾਂ ਦੀ ਆਪਸੀ ਲੜਾਈ ਤੋਂ ਸ਼ਹਿਰ ਵਾਸੀ ਪਰੇਸ਼ਾਨ

PPN1503201515

ਮਾਲੇਰਕੋਟਲਾ, 15 ਮਾਰਚ (ਹਰਮਿੰਦਰ ਭੱਟ ਸਿੰਘ)- ਸੱਤਾਧਾਰੀ ਕੌਂਸਲਰਾਂ ਦੀ ਆਪਸੀ ਧੜੇਬੰਦਕ ਜੰਗ ਦਾ ਸਾਹਮਣਾ ਕਰ ਰਹੀ ਨਗਰ ਕੌਂਸਲ ਮਾਲੇਰਕੋਟਲਾ ਦੇ ਕੌਂਸਲਰਾਂ ਦੀ ਆਪਸੀ ਲੜਾਈ ਦਾ ਅਸਰ ਸ਼ਹਿਰ ਦੇ ਵਿਕਾਸ ਕਾਰਜਾਂ ‘ਤੇ ਪੈਣ ਕਾਰਨ ਸ਼ਹਿਰ ਵਾਸੀ ਕੌਂਸਲਰਾਂ ਦੇ ਇਸ ਕਾਟੋ-ਕਲੇਸ਼ ਦੀ ਕੀਮਤ ਚਕਾਉਣ ਲਈ ਮਜ਼ਬੂਰ ਹੋ ਰਹੇ ਹਨ। ਸ਼ਹਿਰ ਦੇ ਵਾਰਡ ਨੰਬਰ ਤਿੰਨ ਤੋਂ ਜਿੱਤੇ ਸੱਤਾਧਾਰੀ ਪਾਰਟੀ ਨਾਲ ਸਬੰਧਤ ਅਕਾਲੀ ਕੌਂਸਲਰ ਵੱਲੋਂ ਆਪਣੇ ਹੀ ਕੋਂਸਲ ਪ੍ਰਧਾਨ ਖਿਲਾਫ ਬਗਾਵਤ ਦਾ ਝੰਡਾ ਚੁੱਕਣ ਕਾਰਨ ਉਕਤ ਵਾਰਡ ‘ਚ ਚਲਦੇ ਵਿਕਾਸ ਕਾਰਜ਼ਾਂ ਨੂੰ ਲੱਗੀਆਂ ਅਚਾਨਕ ਬਰੈਕਾਂ ਨੇ ਵਾਰਡ ਵਾਸੀਆਂ ਨੂੰ ਨਰਕ ਭੋਗਣ ਲਈ ਮਜ਼ਬੂਰ ਕਰ ਦਿੱਤਾ ਹੈ। ਸਰਕਾਰੇ-ਦਰਬਾਰੇ ਧੱਕੇ ਖਾ ਰਹੇ ਵਾਰਡ ਵਾਸੀ ਮੁਹੰਮਦ ਮਾਸੂਮ, ਮੁਹੰਮਦ ਸਦੀਕ, ਅਬਦੁੱਲ ਸੱਤਾਰ, ਮੁਹੰਮਦ ਰਸ਼ੀਦ ਅਖੱਤਰ, ਮੁਹੰਮਦ ਅਸਲਮ ਅਤੇ ਮੁਹੰਮਦ ਨਾਸਰ ਨੇ ਪੱਤਰਕਾਰਾਂ ਅੱਗੇ ਆਪਣੇ ਦੁਖੜਾ ਰੋਂਦਿਆਂ ਦੱਸਿਆ ਕਿ ਵਾਰਡ ਨੰਬਰ ਤਿੰਨ ਦੇ ਮੁਹੱਲਾ ਰਾਊਵਾਲਾ ਸਰੌਦ ਰੋਡ ਵਿਖੇ ਨਗਰ ਕੋਂਸਲ ਵੱਲੋਂ ਗਲੀਆਂ ‘ਚ ਨਵਾਂ ਫਰਸ਼ ਲਗਾਉਣ ਲਈ ਸ਼ੁਰੂ ਕੀਤਾ ਗਿਆ ਕੰਮ ਗਲੀਆਂ ਦਾ ਪੁਰਾਣਾ ਫਰਸ਼ ਪੁੱਟਣ ਅਤੇ ਘਰਾਂ ਅੱਗੇ ਬਣੇ ਚੌਂਤਰੇ (ਦੇਹਲੀਆਂ) ਤੋੜਣ ਤੋਂ ਬਾਅਦ ਅਚਾਨਕ ਬੰਦ ਕਰ ਦਿੱਤਾ ਗਿਆ। ਜਿਸ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਮੁਹੱਲਾ ਵਾਸੀਆਂ ਨੂੰ ਜਿਥੇ ਆਪਣੇ ਸਕੂਟਰ-ਮੋਟਰਸਾਇਕਲ ਗਲੀਆਂ ‘ਚ ਹੀ ਖੜਾਉਣੇ ਪੈ ਰਹੇ ਹਨ ਉਥੇ ਗਲੀਆਂ ਦਾ ਫਰਸ਼ ਪੁੱਟਿਆ ਹੋਣ ਕਾਰਨ 2 ਦਿਨ ਪਹਿਲਾਂ ਹੋਈ ਬਾਰਿਸ਼ ਨੇ ਲੋਕਾਂ ਦਾ ਘਰਾਂ ‘ਚੋਂ ਬਾਹਰ ਨਿਕਲਣਾਂ ਵੀ ਮੁਸ਼ਕਿਲ ਕਰਕੇ ਰੱਖ ਦਿੱਤਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਜਦੋਂ ਉਹ ਇਕੱਠੇ ਹੋ ਕੇ ਇਹ ਸਮੱਸਿਆ ਸਬੰਧੀ ਇਲਾਕਾ ਕੌਂਸਲਰ ਇਲਿਆਸ ਜੁਬੈਰੀ ਨੂੰ ਮਿਲੇ ਤਾਂ ਉਸ ਨੇ 2 ਦਿਨਾਂ ‘ਚ ਕੰਮ ਸ਼ੁਰੂ ਕਰਾਉਣ ਦਾ ਭਰੋਸਾ ਦੇ ਦਿੱਤਾ, ਪਰੰਤੂ ਦੋ ਦਿਨ ਬਾਅਦ ਵੀ ਕੰਮ ਸ਼ੁਰੂ ਨਾ ਹੋਣ ‘ਤੇ ਜਦੋਂ ਮੁਹੱਲਾ ਵਾਸੀਆਂ ਨੇ ਨਗਰ ਕੋਂਸਲ ਦੇ ਕਾਰਜ ਸਾਧਕ ਅਫਸਰ ਅਤੇ ਕੌਂਸਲ ਪ੍ਰਧਾਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵੀ ਕੋਈ ਤਸ਼ੱਲੀ-ਬਖਸ਼ ਜਵਾਬ ਨਾ ਦਿੱਤਾ। ਦੁਖੀ ਹੋਏ ਮੁਹੱਲਾ ਵਾਸੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਹੀ ਉਨ੍ਹਾਂ ਦੇ ਮੁਹੱਲੇ ‘ਚ ਅਧੂਰਾ ਪਿਆ ਵਿਕਾਸ ਕੰਮ ਸ਼ੁਰੂ ਨਾ ਹੋਇਆ ਤਾਂ ਸਮੂਹ ਮੁਹੱਲਾ ਵਾਸੀ ਲੁਧਿਆਣਾ ਰੋਡ ਮੁੱਖ ਮਾਰਗ ‘ਤੇ ਧਰਨਾਂ ਦੇ ਕੇ ਚੱਕਾ ਜਾਮ ਕਰਨਗੇ। ਜਦੋਂ ਇਸ ਸਬੰਧੀ ਨਗਰ ਕੋਂਸਲ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਜਲਦੀ ਹੀ ਉਕਤ ਮੁਹੱਲੇ ਦਾ ਅਧੂਰਾ ਕੰਮ ਸ਼ੁਰੂ ਕਰਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਹਲਕਾ ਵਿਧਾਇਕ ਬੀਬੀ ਫਰਜ਼ਾਨਾਂ ਆਲਮ 1-2 ਦਿਨਾਂ ‘ਚ ਖੁਦ ਆ ਕੇ ਸ਼ਹਿਰ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ ਕਰਨਗੇ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply