ਲੜਕੀਆਂ ਵੀ ਤਲਵਾਰਬਾਜੀ ਦਿਖਾਉਣਗੀਆਂ ਆਪਣੀ ਕਲਾ ਦੇ ਜੌਹਰ- ਰੰਧਾਵਾ
ਅੰਮ੍ਰਿਤਸਰ, 16 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬੀ ਯੂਨਿਵਰਸਿਟੀ ਵਿਖੇ 17-18 ਮਾਰਚ ਨੂੰ ਹੋਣ ਵਾਲੇ ਸੀਨੀਅਰ ਸਟੇਟ ਤਲਵਾਰਬਾਜੀ ਚੈਪੀਅਨਸ਼ਿਪ ਮਹਾਂ ਮੁਕਾਬਲੇ ‘ਚ ਅੰਮ੍ਰਿਤਸਰ ਦੀਆਂ ਮੁਟਿਆਰਾਂ ਵੀ ਆਪਣੀ ਕਲਾ ਦੇ ਜੋਹਰ ਦਿਖਾਉਣਗੀਆਂ।ਸਥਾਨਕ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਵਿਖੇ ਤਲਵਾਰਬਾਜੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ: ਨਿਰਮਲ ਸਿੰਘ ਰੰਧਾਵਾ ਨੇ ਦੱਸਿਆ ਕਿ ਚੋਣ ਟਰਾਇਲ ਪ੍ਰਕਿਰਿਆ ਰਾਹੀਂ ਵਧੀਆ ਤੇ ਬਿਹਤਰੀਨ ਖਿਡਾਰੀ ਚੁਣ ਕੇ ਦੋ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਇਹ ਮਹਿਲਾ ਤੇ ਪੁਰਸ਼ਾਂ ਦੀਆਂ ਟੀਮਾਂ ਸੀਨੀਅਰ ਸਟੇਟ ਤਲਵਾਰਬਾਜੀ ਮੁਕਾਬਲੇ ‘ਚ ਸ਼ਮੂਲੀਅਤ ਲਈ ਪਟਿਆਲਾ ਰਵਾਨਾ ਹੋ ਗਈਆਂ ਹਨ।ਪ੍ਰੋ: ਰੰਧਾਵਾ ਨੇ ਅੱਗੇ ਦੱਸਿਆ ਕਿ ਸੂਬਾ ਪੱਧਰੀ ਇਸ ਸੀਨੀਅਰ ਸਟੇਟ ਤਲਵਾਰਬਾਜੀ ਪ੍ਰਤੀਯੋਗਿਤਾ ਦੋਰਾਨ ਪੰਜਾਬ ਦੀਆਂ ਚੋਟੀ ਦੀਆਂ ਮਹਿਲਾ ਪੁਰਸ਼ ਟੀਮਾਂ ਹਿੱਸਾ ਲੈਣਗੀਆਂ ਤੇ ਜੇਤੂਆਂ ਨੂੰ ਦਿਲ ਖਿੱਚਵੇਂ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸੇ ਚੈਂਪੀਅਨਸ਼ਿਪ ਦੋਰਾਨ 23 ਤੋਂ 27 ਮਾਰਚ ਤੱਕ ਮਹਾਂਰਾਸ਼ਟਰ ਦੇ ਪੂਨਾ ਸ਼ਹਿਰ ਵਿਖੇ ਹੋਣ ਵਾਲੀ ਰਾਸ਼ਟਰ ਪੱਧਰੀ ਤਲਵਾਰਬਾਜੀ ਪ੍ਰਤੀਯੋਗਿਤਾ ਦੇ ਲਈ ਵੀ ਪੰਜਾਬ ਦੀਆਂ ਦੋਵੇਂ ਪੁਰਸ਼ ਤੇ ਮਹਿਲਾ ਟੀਮਾਂ ਦੀ ਚੋਣ ਵੀ ਕੀਤੀ ਜਾਵੇਗੀ।ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸੂਬਾ ਤੇ ਰਾਸ਼ਟਰ ਪੱਧਰੀ ਤਲਵਾਰਬਾਜੀ ਮੁਕਾਬਲਿਆਂ ਦੋਰਾਨ ਅੰਮ੍ਰਿਤਸਰ ਦੇ ਖਿਡਾਰੀ ਬੇਹਤਰ ਪ੍ਰਦਰਸ਼ਨ ਕਰਕੇ ਸਰਹੱਦੀ ਜਿਲੇ ਅੰਮ੍ਰਿਤਸਰ ਦਾ ਨਾਮ ਜਰੂਰ ਚਮਕਾਉਣਗੇ।ਇਸ ਮੋਕੇ ਮੀਤ ਪ੍ਰਧਾਨ ਐਡਵੋਕਟ ਧਨਜੀਤ ਸਿੰਘ ਸੰਧੂ ਰਾਜਾਜੰਗ, ਕਰਮ ਸਿੰਘ ਔਜਲਾ, ਬੇਅੰਤ ਸਿੰਘ, ਪ੍ਰਮਜੀਤ ਸਿੰਘ ਤੇਗ ਆਦਿ ਹਾਜਰ ਸਨ।
Punjab Post Daily Online Newspaper & Print Media
