
ਨਵੀਂ ਦਿੱਲੀ, 18 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਕਿਤਾਬੀ ਸਿੱਖਿਆ ਦੇ ਨਾਲ ਸਿੱਖ ਵਿਰਸੇ ਅਤੇ ਸਭਿਆਚਾਰ ਨੂੰ ਵੀ ਸਕੂਲੀ ਸਿੱਖਿਆ ਦਾ ਹਿੱਸਾ ਬਣਾਉਣ ਦਾ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਹੈ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੋਸਾਇਟੀ ਦੇ ਵਾਇਸ ਚੇਅਰਮੈਨ ਅਤੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਸਬੰਧ ਵਿਚ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ 45 ਦਿਨਾਂ ਵਿਚ ਸਕੂਲੀ ਸਿੱਖਿਆ ਵਿੱਚ ”ਸਿੱਖ ਵਿਰਸਾ ਅਤੇ ਸਭਿਆਚਾਰ ਪ੍ਰੋਗਰਾਮ” ਦਾ ਖਰੜਾ ਤਿਆਰ ਕਰਨ ਦੀ ਪੱਤਰ ਰਾਹੀਂ ਹਿਦਾਇਤ ਦਿੱਤੀ ਹੈ।
ਇਸ ਸਬੰਧ ਵਿਚ ਹੋਰ ਜਾਣਕਾਰੀ ਦਿੰਦੇ ਹੋਏ ਸਿਰਸਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਕੂਲਾਂ ਵਿਚ ਅੱਜ ਦੇ ਦਿਹਾੜੇ ਦੀ ਸਿੱਖ ਇਤਿਹਾਸ ਵਿਚ ਅਹਿਮੀਅਤ ਬਾਰੇ ਕਲਾਸ ਰੂਮ ਤੋਂ ਲੈ ਕੇ ਵਿਸ਼ੇਸ਼ ਸੈਮੀਨਾਰ ਕਰਾਉਣ ਤਕ ਕਮੇਟੀ ਵੱਲੋਂ ਉਪਰਾਲੇ ਕੀਤੇ ਜਾਣਗੇ। ਇਕ ਵਿਸ਼ੇਸ਼ ਮੈਗਜੀਨ ਰਾਹੀਂ ਸਕੂਲੀ ਬੱਚਿਆਂ ਨੂੰ ਸਿੱਖੀ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਦਾ ਵੀ ਸਿਰਸਾ ਨੇ ਐਲਾਨ ਕੀਤਾ। ਇਸ ਸਾਰੀ ਮੁਹਿੰਮ ਦੀ ਨਿਗਰਾਨੀ ਕਰਨ ਦੀ ਪ੍ਰਿੰਸੀਪਲਾਂ ਨੂੰ ਸਿਰਸਾ ਨੇ ਸਖਤ ਹਿਦਾਇਤ ਦਿੰਦੀਆਂ ਹੋਇਆ ਸਮੇਂ ਸਿਰ ਸਾਰੇ ਤੱਥ ਕਮੇਟੀ ਪਾਸ ਪਹੁੰਚਾਉਣ ਦੇ ਵੀ ਪ੍ਰਿੰਸੀਪਲਾਂ ਨੂੰ ਆਦੇਸ਼ ਦਿੱਤੇ ਹਨ। ਸਿਰਸਾ ਨੇ ਸਵਾਲ ਕੀਤਾ ਕਿ ਕੌਮ ਦੇ ਸਕੂਲ ਜੇਕਰ ਕੌਮ ਦਾ ਇਤਿਹਾਸ ਬੱਚਿਆਂ ਤਕ ਨਹੀਂ ਪਹੁੰਚਾਉਣਗੇ ਤਾਂ ਕੌਣ ਪਹੁੰਚਾਏਗਾ ? ਸਿਰਸਾ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖ ਗੁਰੂਆਂ ਦੇ ਪ੍ਰਕਾਸ਼ ਦਿਹਾੜੇ ਤੋਂ ਜੋਤਿ ਜੋਤ ਸਮਾਉਣ ਦੇ ਦਿਹਾੜੇ ਦੇ ਇਤਿਹਾਸ ਦੀ ਜਾਣਕਾਰੀ ਦੇ ਨਾਲ ਹੀ ਸਿੱਖ ਜਰਨੈਲਾਂ ਅਤੇ ਸਿੱਖਾਂ ਵੱਲੋਂ ਮਾਰੀਆਂ ਗਈਆਂ ਮੱਲਾਂ ਦਾ ਇਤਿਹਾਸ ਆਉਣ ਵਾਲੀ ਪਨੀਰੀ ਨੂੰ ਜਰੂਰ ਪਤਾ ਹੋਣਾ ਚਾਹੀਦਾ ਹੈ।
Punjab Post Daily Online Newspaper & Print Media