
ਫ਼ਾਜ਼ਿਲਕਾ, 18 ਮਾਰਚ (ਵਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਵਿਚ ਨਰਮੇ ਕਪਾਹ ਦੀ ਪੂਨਰ ਸਰਜੀਤੀ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਆਰੰਭੀ ਨਦੀਨ ਮਾਰੋ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਹੋਏ ਕਾਰਜਾਂ ਦੀ ਸਮੀਖਿਆ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਅੱਜ ਖੇਤੀਬਾੜੀ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਇਸ ਮੁਹਿੰਮ ਦੀ ਸਫਲਤਾ ਲਈ ਲੋਂੜੀਂਦੇ ਨਿਰਦੇਸ਼ ਦਿੱਤੇ।
ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਖੇਤੀਬਾੜੀ ਵਿਭਾਗ ਵੱਲੋਂ ਹੁਣ ਤੱਕ 334 ਪਿੰਡਾਂ ਵਿਚ ਪਹਿਲੇ ਗੇੜ੍ਹ ਦੇ ਕਿਸਾਨ ਸਿਖਲਾਈ ਕੈਂਪ ਲਗਾਏ ਜਾ ਚੁੱਕੇ ਹਨ। ਇਨ੍ਹਾਂ ਕੈਂਪਾਂ ਵਿਚ ਵਿਭਾਗ ਵੱਲੋਂ 8832 ਕਿਸਾਨਾਂ ਨੂੰ ਨਰਮੇ ਦੀ ਕਾਸਤ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਨਰਮੇ ਦੀ ਕਾਸਤ ਦੇ ਨੁਕਤੇ ਦੱਸੇ ਗਏ ਹਨ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਚਲਾਈ ਜਾ ਰਹੀ ਨਦੀਨ ਮਾਰੋ ਮੁਹਿੰਮ ਦਾ ਮਹੱਤਵ ਵੀ ਕਿਸਾਨਾਂ ਨੂੰ ਸਮਝਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਸ ਸਾਲ ਨਰਮਾ ਉਤਪਾਦਕ ਕਿਸਾਨਾਂ ਨਾਲ ਬਿਹਤਰ ਰਾਬਤੇ ਲਈ ਜ਼ਿਲ੍ਹੇ ਵਿਚ 100 ਸਕਾਊਟ ਤਾਇਨਾਤ ਕੀਤੇ ਜਾਣਗੇ ਜੋ ਪਿੰਡ ਪਿੰਡ ਜਾ ਕੇ ਨਰਮੇ ਦੀ ਫਸਲ ਤੇ ਤਿੱਖੀ ਨਜ਼ਰ ਰੱਖਣਗੇ ਅਤੇ ਕਿਸਾਨਾਂ ਨੂੰ ਵਿਭਾਗ ਦੀਆਂ ਸੇਧਾਂ ਤੋਂ ਜਾਣੂ ਕਰਵਾਉਣਗੇ। ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਯਕੀਨੀ ਬਣਾਏ ਕਿ ਬੀਜ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਤੇ ਵੀ ਪੋਸਟਰ ਲਗਵਾਏ ਜਿੰਨ੍ਹਾਂ ਤੇ ਨਰਮੇ ਦੀਆਂ ਕਿਸਮਾਂ ਅਤੇ ਹੋਰ ਜਾਣਕਾਰੀ ਦਰਜ ਹੋਵੇ ਤਾਂ ਜੋ ਕਿਸਾਨਾਂ ਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ। ਇਸ ਤੋਂ ਬਿਨ੍ਹਾਂ ਜ਼ਿਲ੍ਹੇ ਵਿਚ ਖੇਤੀਬਾੜੀ ਵਿਭਾਗ ਵੱਲੋਂ 825 ਪ੍ਰਦਰਸ਼ਨੀ ਪਲਾਂਟ ਵੀ ਲਗਾਏ ਜਾਣਗੇ ਤਾਂ ਜੋ ਇੰਨ੍ਹਾਂ ਨਮੂਨੇ ਦੇ ਪਲਾਂਟਾਂ ਨੂੰ ਵੇਖ ਕੇ ਹੋਰ ਕਿਸਾਨ ਵੀ ਸੁਧਰੀਆਂ ਖੇਤੀ ਤਕਨੀਕਾਂ ਅਨੁਸਾਰ ਨਰਮੇ ਦੀ ਕਾਸਤ ਪ੍ਰਤੀ ਪ੍ਰੇਰਿਤ ਹੋ ਸਕਨ। ਇਸ ਮੌਕੇ ਉਨ੍ਹਾਂ ਨੇ ਇੱਕਲੇ ਇਕਲੇ ਖੇਤੀ ਵਿਕਾਸ ਅਫ਼ਸਰ ਤੋਂ ਪਿੰਡਾਂ ਵਿਚ ਚੱਲ ਰਹੀ ਨਦੀਨ ਮਾਰੋ ਮੁਹਿੰਮ ਦੀ ਪ੍ਰਗਤੀ ਦੀ ਜਾਣਕਾਰੀ ਲਈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਖਾਸ ਕਰਕੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਆਪਣੇ ਖੇਤਾਂ ਦੇ ਵੱਟ-ਬੰਨਿਆਂ ਤੋਂ ਨਦੀਨ ਖਤਮ ਕਰ ਦੇਣ ਕਿਉਂਕਿ ਇੰਨ੍ਹਾਂ ਨਦੀਨਾਂ ਤੇ ਚਿੱਟੀ ਮੱਖੀ ਪਲ ਸਕਦੀ ਹੈ ਜੋ ਕਿ ਬਾਅਦ ਵਿਚ ਨਰਮੇ ਦੀ ਫਸਲ ਲਈ ਖਤਰਾ ਬਣ ਸਕਦੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ: ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਸਮੇਤ ਸਾਰੇ ਹੀ ਸਬੰਧਤ ਵਿਭਾਗਾਂ ਨੂੰ ਨਰੇਗਾ ਤਹਿਤ ਲੇਬਰ ਮੁਹਈਆ ਕਰਵਾਈ ਗਈ ਹੈ ਤਾਂ ਜੋ ਸੜਕਾਂ, ਨਹਿਰਾਂ, ਸੇਮ ਨਾਲਿਆਂ, ਵਾਟਰ ਵਰਕਸਾਂ ਜਾਂ ਹੋਰ ਸਾਂਝੀਆਂ ਥਾਂਵਾਂ ਤੋਂ ਨਦੀਨਾਂ ਦੀ ਸਫਾਈ ਕੀਤੀ ਜਾ ਸਕੇ ਅਤੇ ਜ਼ਿਲ੍ਹੇ ਭਰ ਵਿਚ ਇਹ ਕੰਮ ਜੰਗੀ ਪੱਧਰੀ ਤੇ ਚੱਲ ਰਿਹਾ ਹੈ। ਬੈਠਕ ਦੌਰਾਨ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਸਖਤ ਨਾਲ ਤਾੜਨਾ ਕੀਤੀ ਗਈ ਕਿ ਉਹ ਆਪੋ ਆਪਣੇ ਅਧੀਨ ਖੇਤਰਾਂ ਵਿਚ ਚੱਲ ਰਹੇ ਕਾਰਜਾਂ ਦੀ ਖੁਦ ਨਿਗਰਾਨੀ ਕਰਨ।ਬੈਠਕ ਵਿਚ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਸ: ਰਾਜਪਾਲ ਸਿੰਘ, ਐਸ.ਡੀ.ਐਮ. ਸ੍ਰੀ ਸੁਭਾਸ਼ ਖੱਟਕ, ਜ਼ਿਲ੍ਹਾ ਖੇਤੀਬਾੜੀ ਅਫਸਰ ਸ: ਪਰਮਜੀਤ ਸਿੰਘ ਆਦਿ ਵੀ ਹਾਜਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media