Sunday, April 26, 2026

ਜਥੇ: ਅਵਤਾਰ ਸਿੰਘ ਵੱਲੋਂ ਡੇਰਾ ਬਾਬਾ ਬਾਲਾ ਜੀ ਬੱਲੂਆਣਾ ਸਬੰਧੀ ਸਬ ਕਮੇਟੀ ਗਠਿਤ

ਅੰਮ੍ਰਿਤਸਰ, 19 ਮਾਰਚ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੇਰਾ ਬਾਬਾ ਬਾਲਾ ਜੀ ਪਿੰਡ ਬੱਲੂਆਣਾ ਬਠਿੰਡਾ ਵਿਖੇ ਸਿੱਖ ਮਾਨ ਮਰਿਯਾਦਾ ਦੀ ਉਲੰਘਣਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋ ਰਹੇ ਪ੍ਰਕਾਸ਼ ਸਬੰਧੀ ਘੋਖ ਪੜਤਾਲ ਕਰਨ ਵਾਸਤੇ ਇਕ ਸਬ ਕਮੇਟੀ ਦਾ ਗਠਨ ਕੀਤਾ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਵੱਲੋਂ ਸ਼ੋ੍ਰਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰਾਨ ਸ. ਮੋਹਨ ਸਿੰਘ ਬੰਗੀ ਤੇ ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਚਾਨਣ ਸਿੰਘ ਮੀਤ ਸਕੱਤਰ, ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਤੇ ਸ. ਕਿਰਪਾਲ ਸਿੰਘ ਚੌਹਾਨ ਇੰਚਾਰਜ ਸਿੱਖ ਮਿਸ਼ਨ ਦਮਦਮਾ ਸਾਹਿਬ ਤੇ ਆਧਾਰਿਤ ਸਬ ਕਮੇਟੀ ਨੂੰ ਮੌਕੇ ‘ਤੇ ਜਾ ਕੇ ਪੜਤਾਲ ਉਪਰੰਤ ਵਿਸਥਾਰਤ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।
ਸ. ਬੇਦੀ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਤੇ ਮਾਣ ਮਰਯਾਦਾ ਨੂੰ ਲੈ ਕੇ ਪੂਰੀ ਤਰ੍ਹਾਂ ਸੁਹਿਰਦ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਅਤੇ ਸਤਿਕਾਰ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਪੂਰਨ ਗੁਰ ਮਰਿਯਾਦਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਂਭ-ਸੰਭਾਲ ਯਕੀਨੀ ਬਣਾਉਣ ਲਈ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਾਹਿਬਾਨ ਪਿੰਡਾਂ ਅੰਦਰ ਗੁਰਦੁਆਰਿਆਂ ਵਿੱਚ ਗ੍ਰੰਥੀ ਸਿੰਘਾਂ ਨਾਲ ਰਾਬਤਾ ਕਰਦੇ ਰਹਿੰਦੇ ਹਨ ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਸੇਵਾ-ਸੰਭਾਲ ਲਈ ਪ੍ਰੇਰਿਤ ਕਰਦੇ ਹਨ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਢਾਹ ਲਗਾਉਣ ਵਾਲੀ ਕਾਰਵਾਈ ਕਰੇਗਾ ਤਾਂ ਉਸ ਖਿਲਾਫ ਬਣਦੀ ਕਾਰਵਾਈ ਨੂੰ ਅੰਜ਼ਾਮ ਜ਼ਰੂਰ ਦਿੱਤਾ ਜਾਵੇਗਾ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply