Monday, October 5, 2026

ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਵੇਰਕਾ ਦਾ ਉਪਰਾਲਾ ਸ਼ਲਾਘਾਯੋਗ – ਜਸਦੀਪ ਸੈਣੀ

PPN2403201601

ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ ਸੱਗੂ) – ਸਿਹਤਮੰਦ ਸਮਾਜ ਦੀ ਸਿਰਜਣਾ ਹਿੱਤ ਵੇਰਕਾ ਵੱਲੋਂ ‘ਫੁਲੋ ਫਲੋ ਪਿਓਰ ਖਾਉ ਪੀਓ’ ਤਹਿਤ ਚਲਾਈ ਗਈ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਐਸ.ਐਸ.ਪੀ (ਦਿਹਾਤੀ) ਅੰਮ੍ਰਿਤਸਰ ਸ੍ਰੀ ਜਸਦੀਪ ਸਿੰਘ ਸੈਣੀ ਨੇ ਅੱਜ ਬਚਤ ਭਵਨ, ਰਣਜੀਤ ਐਵੀਨਿਊ ਵਿਖੇ ਮਿਲਕ ਪਲਾਂਟ ਵੇਰਕਾ ਦੇ ਦੋ ਨਵੇਂ ਉਤਪਾਦਾਂ ‘ਸ਼ਾਹੀ ਦਹੀਂ’ ਅਤੇ ‘ਜੀਰਾ ਰਾਇਤਾ’ ਦੀ ਸ਼ੁਰੂਆਤ ਕਰਦਿਆਂ ਕੀਤਾ।ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਫਾਸਟ ਫੂਡ ਤਿਆਗ ਕੇ ਨਸ਼ਿਆਂ ਤੋਂ ਦੂਰ ਰਹਿੰਦਿਆਂ ਪੁਰਾਣੀਆਂ ਰਵਾਇਤੀ ਸਿਹਤਮੰਦ ਖ਼ੁਰਾਕਾਂ ਦੁੱਧ, ਦਹੀਂ ਅਤੇ ਘਿਓ ਆਦਿ ਵੱਲ ਮੁੜਨ।ਉਨ੍ਹਾਂ ਕਿਹਾ ਕਿ ਵੇਰਕਾ ਇਸ ਗੱਲ ਲਈ ਵਧਾਈ ਦਾ ਪਾਤਰ ਹੈ ਕਿ ਉਸ ਨੇ ਆਪਣੇ ਉਤਪਾਦਾਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਿਆ ਹੈ।
ਇਸ ਮੌਕੇ ਮਿਲਕ ਪਲਾਂਟ ਵੇਰਕਾ ਦੇ ਜਨਰਲ ਮੈਨੇਜਰ ਸ. ਹਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਵੇਰਕਾ ਹਮੇਸ਼ਾ ਖਪਤਕਾਰਾਂ ਦੀ ਸਿਹਤ ਲਈ ਵਚਨਬੱਧ ਹੈ ਅਤੇ ਇਹ ਸ਼ੁੱਧਤਾ ਅਤੇ ਸਵਾਦ ਨੂੰ ਪਹਿਲ ਦਿੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਵੇਰਕਾ ਦਹੀਂ ਖਾਣ ਦੇ ਸ਼ੌਕੀਨਾਂ ਲਈ ਇਕ ਚੰਗੀ ਖ਼ਬਰ ਲੈ ਕੇ ਆਇਆ ਹੈ ਅਤੇ ਸ਼ਾਹੀ ਦਹੀਂ ਅਤੇ ਜੀਰਾ ਰਾਇਤਾ ਨੇ ਸੁਆਦ ਦੀ ਸੂਚੀ ਵਿਚ ਹੋਰ ਵਾਧਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕਾਂ ਨਾਲ ਤਿਆਰ ਕੀਤੇ ਗਏ ਇਨ੍ਹਾਂ ਉਤਪਾਦਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਸਿੱਧੇ ਦੁੱਧ ਉਤਪਾਦਕਾਂ ਤੋਂ ਖਰੀਦੇ ਗਏ ਤਾਜ਼ੇ ਦੁੱਧ ਤੋਂ ਤਿਆਰ ਕੀਤਾ ਜਾਂਦਾ ਅਤੇ ਇਸ ਦੁੱਧ ਨੂੰੂ ਪ੍ਰੋਸੈਸ ਅਤੇ ਪੈਕ ਕਰਨ ਵੇਲੇ ਦੁੱਧ ਦੀ ਚੁਆਈ ਤੋਂ ਪਲਾਂਟ ਤੱਕ ਕੋਲਡ ਚੇਨ ਰਾਹੀਂ ਦੁੱਧ ਦੀ ਗੁਣਵੱਤਾ ਬਰਕਰਾਰ ਨੂੰ ਬਰਕਰਾਰ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਾੜ੍ਹਾ ਸ਼ਾਹੀ ਦਹੀਂ ਇਕ ਬੇਹੱਦ ਗਰੀਮੀ ਅਤੇ ਗਲੋਸੀ ਟੈਕਸਚਰ ਵਾਲਾ ਹੈ ਜੋ ਕਿ ਸਾਧਾਰਨ ਦਹੀਂ ਦੇ ਮੁਕਾਬਲੇ ਬੱਚਿਆਂ ਤੇ ਨੌਜਵਾਨਾਂ ਲਈ ਵਧੀਆ ਹੈ। ਇਸੇ ਤਰ੍ਹਾਂ ਸੁਆਦਿਸ਼ਟ ਅਤੇ ਅਲੱਗ ਖੁਸ਼ਬੂ ਵਾਲਾ ਰਾਇਤਾ ਕਿਸੇ ਵੀ ਭਾਰਤੀ ਭੋਜਨ ਨੂੰ ਇਕ ਨਵੇਂ ਅਨੁਭਵ ਵਿਚ ਬਦਲ ਦੇਵੇਗਾ ਅਤੇ ਇਸ ਦਾ ਇਸਤੇਮਾਲ ਦਹੀਂ ਵੜਾ ਅਤੇ ਚਾਟ ਨੂੰ ਹੋਰ ਮਸਾਲੇਦਾਰ ਬਣਾਉਣ ਲਈ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਪਰੌਂਠਿਆਂ ਨਾਲ ਵੀ ਖਾਧਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼ੇਰਜੰਗ ਸਿੰਘ ਹੁੰਦਲ, ਦਲਜੀਤ ਸਿੰਘ, ਬਲਬੀਰ ਸਿੰਘ, ਲਖਬੀਰ ਸਿੰਘ, ਪ੍ਰੀਤਪਾਲ ਸਿੰਘ, ਸਨਦੀਪ ਸਿੰਘ, ਸਮਸ਼ੇਰ ਸਿੰਘ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply