Monday, October 5, 2026

ਅਨਿਲ ਜੋਸ਼ੀ ਵਲੋਂ ਵਾਰਾਣਸੀ ਲਈ ਵਿਸ਼ੇਸ਼ ਤੀਰਥ ਦਰਸ਼ਨ ਰੇਲ ਰਵਾਨਾ

PPN2403201602

ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਅੰਮ੍ਰਿਤਸਰ ਤੋਂ ਵਾਰਾਣਸੀ ਲਈ ਵਿਸ਼ੇਸ਼ ਰੇਲ ਗੱਡੀ ਨੂੰ ਛੇਹਰਟਾ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।ਵਾਰਾਣਸੀ ਲਈ ਰਵਾਨਾ ਹੋਏ 1000 ਦੇ ਕਰੀਬ ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਧਾਮ, ਕਾਸ਼ੀ ਵਿਸ਼ਵਨਾਥ ਮੰਦਿਰ, ਗੰਗਾ ਘਾਟ, ਕਬੀਰ ਧਾਮ, ਹਨੂੰਮਾਨ ਗੜੀ ਮੰਦਿਰ ਤੋਂ ਇਲਾਵਾ ਹੋਰ ਅਹਿਮ ਧਾਰਮਿਕ ਸਥਾਨਾਂ ਦੇ ਦਰਸ਼ਨ-ਦੀਦਾਰੇ ਕਰਕੇ ਚਾਰ ਦਿਨਾਂ ਬਾਅਦ ਅੰਮ੍ਰਿਤਸਰ ਵਾਪਸ ਪਰਤਣਗੇ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਆਮ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਤ੍ਰਿਪਤੀ ਲਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਚਾਲੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਸ਼ਰਧਾਲੂਆਂ ਦੇ ਖਾਣ-ਪੀਣ, ਸਫਰ, ਰਿਹਾਇਸ਼ ਸਮੇਤ ਸਮੁੱਚੇ ਪ੍ਰਬੰਧਾਂ ਦਾ ਖਰਚਾ ਪੰਜਾਬ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਨਿਵੇਕਲੀ ਯੋਜਨਾ ਤਹਿਤ ਪੰਜਾਬ ਨਾਲ ਸਬੰਧਿਤ ਸ਼ਰਧਾਲੂਆਂ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਕਾਸ਼ੀ (ਵਾਰਾਣਸੀ), ਮਾਤਾ ਵੈਸ਼ਨੋ ਦੇਵੀ (ਕਟੜਾ), ਸਾਲਾਸਰ ਧਾਮ (ਰਾਜਸਥਾਨ) ਅਤੇ ਅਜਮੇਰ ਸ਼ਰੀਫ ਦਰਗਾਹ (ਅਜਮੇਰ) ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਸ੍ਰੀ ਜੋਸ਼ੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹਰੇਕ ਵਿਧਾਨ ਸਭਾ ਹਲਕੇ ਵਿਚੋਂ 1000 ਸ਼ਰਧਾਲੂ ਲਿਜਾਏ ਜਾ ਰਹੇ ਹਨ ਅਤੇ ਇਸ ਸਕੀਮ ‘ਤੇ 187 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। ਇਸ ਵਿਸ਼ੇਸ਼ ਰੇਲ ਗੱਡੀ ਰਾਹੀਂ ਯਾਤਰਾ ਵਿੱਚ ਜਾਣ ਵਾਲੇ ਸ਼ਰਧਾਲੂਆਂ ਨੂੰ ਉਨ੍ਹਾਂ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਬਹੁਤ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਅਜਿਹਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ 27 ਮਾਰਚ ਨੂੰ ਛੇਹਰਟਾ ਰੇਲਵੇ ਸਟੇਸ਼ਨ ਤੋਂ ਹੀ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਲਈ ਵੀ ਵਿਸ਼ੇਸ਼ ਰੇਲ ਗੱਡੀ ਰਵਾਨਾ ਹੋਵੇਗੀ।ਭਾਜਪਾ ਦੇ ਕੌਮੀ ਜਨਰਲ ਸਕੱਤਰ ਸ੍ਰੀ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਨਿਵੇਕਲਾ ਤੇ ਇਤਿਹਾਸਕ ਉਪਰਾਲਾ ਸੂਬੇ ਵਿਚ ਧਾਰਮਿਕ ਸਦਭਾਵਨਾ, ਅਮਨ-ਸ਼ਾਂਤੀ ਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ, ਡੀ. ਟੀ. ਓ ਸ੍ਰੀਮਤੀ ਲਵਜੀਤ ਕਲਸੀ, ਐਸ. ਡੀ. ਐਮ ਅੰਮ੍ਰਿਤਸਰ-1 ਸ੍ਰੀ ਰੋਹਿਤ ਗੁਪਤਾ, ਐਸ. ਡੀ. ਐਮ ਅੰਮ੍ਰਿਤਸਰ-2 ਸ੍ਰੀ ਰਾਜੇਸ਼ ਸ਼ਰਮਾ, ਐਸ. ਡੀ. ਐਮ ਅਜਨਾਲਾ ਸ੍ਰੀ ਹਰਦੀਪ ਸਿੰਘ ਧਾਲੀਵਾਲ, ਅਕਾਲੀ ਦਲ ਦੇ ਸ਼ਹਿਰੀ ਕਾਰਜਕਾਰੀ ਪ੍ਰਧਾਨ ਸ. ਗੁਰਪ੍ਰਤਾਪ ਸਿੰਘ ਟਿੱਕਾ, ਅਕਾਲੀ ਆਗੂ ਜਥੇ: ਵਡਾਲੀ, ਭਾਜਪਾ ਆਗੂ ਸ੍ਰੀ ਰਾਜੇਸ਼ ਗਿੱਲ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply