
ਅੰਮ੍ਰਿਤਸਰ, 28 ਮਾਰਚ (ਗੁਰਪ੍ਰੀਤ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਥੇਦਾਰ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਹਾ ਹੈ ਕਿ ਜੋ ਸ਼ਿਵ ਸੈਨਾ ਦੇ ਵਰਕਰਾਂ ਨੇ ਇੱਕ ਅਖੌਤੀ ਸ਼ਿਵ ਸੈਨਾ ਦੇ ਪ੍ਰਧਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ ਸਮੇਂ ਇੱਕ ਅੰਮ੍ਰਿਤਧਾਰੀ ਸਿੱਖ ਦੇ ਕੇਸਾਂ ਦੀ ਬੇਅਦਬੀ ਅਤੇ ਕੁੱਟਮਾਰ ਕੀਤੀ ਹੈ, ਇਹ ਅਸਹਿਣਯੋਗ ਹੈ।ਸ਼ਿਵ ਸੈਨਾ ਨੇ ਪਹਿਲਾਂ ਵੀ ਹਿੰਦੂ ਸਿੱਖਾਂ ਨੂੰ ਲੜਾਉਣ ਲਈ ਕਈ ਘਿਨਾਉਣੀਆਂ ਕਾਰਵਾਈਆਂ ਕੀਤੀਆਂ ਹਨ ਪ੍ਰੰਤੂ ਹੁਣ ਜਾਣਬੁੱਝ ਕੇ ਅੰਮ੍ਰਿਤਧਾਰੀ ਸਿੱਖ ਦੀ ਕੁੱਟਮਾਰ ਕੀਤੀ ਅਤੇ ਨਜ਼ਰ ਆਏ ਹਰ ਸਿੱਖ ਨੂੰ ਭੱਦੀ ਸ਼ਬਦਾਵਲੀ ਬੋਲ ਕੇ ਸਿੱਖਾਂ ਦੇ ਅੱਲੇ ਜਖ਼ਮਾਂ ਉਤੇ ਲੂਣ ਪਾਉਣ ਦਾ ਕੰਮ ਕੀਤਾ ਹੈ, ਜੋ ਕਿਸੇ ਸਮੇਂ ਵੀ ਲਾਵਾ ਬਣ ਕੇ ਉਭਰ ਸਕਦਾ ਹੈ।
ਜਥੇਦਾਰ ਨੇ ਬੋਲਦਿਆਂ ਕਿਹਾ ਜੇਕਰ ਇਹ ਸ਼ਿਵ ਸੈਨਾ ਵਾਲੇ ਬਾਜ ਨਹੀਂ ਆਉਂਦੇ ਤਾਂ ਸਿੱਖਾਂ ਦੇ ਸਬਰ ਦਾ ਪਿਆਲਾ ਹੁਣ ਭਰ ਚੁੱਕਾ ਹੈ, ਹੁਣ ਸਿੱਖਾਂ ਨੂੰ ਇਸ ਬਾਰੇ ਵੀ ਸੋਚਣਾ ਪਵੇਗਾ।ਪ੍ਰਸ਼ਾਸ਼ਨ ਦੀ ਹਾਜ਼ਰੀ ਵਿਚ ਇਸ ਤਰ੍ਹਾਂ ਹੋਣਾ ਕਈ ਸੁਆਲ ਖੜੇ ਕਰਦਾ ਹੈ।ਇਸ ਲਈ ਪ੍ਰਸ਼ਾਸ਼ਨ ਤੁਰੰਤ ਇਹਨਾਂ ਪੁਰ ਕਾਨੂੰਨੀ ਕਾਰਵਾਈ ਕਰੇ, ਜਿਸ ਨਾਲ ਇਸ ਤਰ੍ਹਾਂ ਦੇ ਅਨਸਰਾਂ ਨੂੰ ਸਖ਼ਤ ਸਜ਼ਾ ਦਿੱਤੀ ਜਾ ਸਕੇ।ਜੇਕਰ ਪ੍ਰਸ਼ਾਸ਼ਨ ਢਿੱਲ ਕਰਦਾ ਹੈ ਤਾਂ ਇਸ ਦਾ ਅੰਜ਼ਾਮ ਚੰਗਾ ਨਹੀਂ ਨਿਕਲੇਗਾ ਅਤੇ ਸਿੱਖ ਸੰਗਤਾਂ ਵੀ ਆਪੇ ਤੋਂ ਬਾਹਰ ਹੋ ਜਾਣਗੀਆਂ।ਜਥੇਦਾਰ ਨੇ ਕਿਹਾ ਕਿ ਮੇਰੇ ਉਨਾਂ ਉਸੇ ਦਿਨ ਹੀ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਹੋਈ ਸੀ, ਪ੍ਰੰਤੂ ਪ੍ਰਸ਼ਾਸ਼ਨ ਨੇ ਮੈਨੂੰ ਕੋਈ ਸੱਚਾਈ ਨਹੀਂ ਦੱਸੀ।ਹੁਣ ਤਾਂ ਵੀਡੀਓ ਕਲਿਪ ਵੀ ਸਾਹਮਣੇ ਆ ਗਏ ਹਨ।ਜਿਸ ਨਾਲ ਸਾਰੀ ਸੱਚਾਈ ਦਾ ਪਤਾ ਲੱਗ ਗਿਆ ਹੈ।ਜੇਕਰ ਅਜੇ ਵੀ ਪ੍ਰਸ਼ਾਸ਼ਨ ਢਿੱਲਾ ਹੈ ਤਾਂ ਇਸ ਵਿਚ ਸਾਰਾ ਕਸੂਰ ਪ੍ਰਸ਼ਾਸ਼ਨ ਦਾ ਹੀ ਹੋਵੇਗਾ।
ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ਼ਾਮ ਸਿੰਘ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਜਥੇਦਾਰ ਕਿ ਸz: ਸ਼ਾਮ ਸਿੰਘ ਦੀ ਮੌਤ ਹੋ ਜਾਣ ਨਾਲ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਨਾਂ ਨੇ ਕਿਹਾ ਕਿ ਜੋ ਘਟਨਾ ਪਿੰਡ ਤਲਵੰਡੀ ਮੋਹਰ ਸਿੰਘ ਨੇੜੇ ਪੱਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਸਬੰਧੀ ਵਾਪਰੀ ਹੈ ਇਸ ਬਾਰੇ ਧਰਮ ਪ੍ਰਚਾਰ ਕਮੇਟੀ ਵੱਲੋਂ ਮੌਕੇ ਪੁਰ ਆਪਣੇ ਨੁਮਾਇੰਦੇ ਭੇਜ ਦਿੱਤੇ ਸਨ, ਜੋ ਇਸ ਦੀ ਪੂਰੀ ਪੜ੍ਹਤਾਲ ਕਰਨਗੇ ਅਤੇ ਜੋ ਵੀ ਦੋਸ਼ੀ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
Punjab Post Daily Online Newspaper & Print Media