Monday, April 20, 2026

ਪੱਤਰਕਾਰਾਂ ਲਈ ਤਿੰਨ ਲੱਖ ਤੱਕ ਦੀ ਸਿਹਤ ਬੀਮਾ ਯੋਜਨਾ ਜਲਦ ਹੋਵੇਗੀ ਲਾਗੂ – ਮਜੀਠੀਆ

PPN2803201609

ਅੰਮ੍ਰਿਤਸਰ, 28 ਮਾਰਚ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਸਕੀਮਾਂ ਕੇਂਦਰ ਅਤੇ ਹੋਰਨਾਂ ਸੂਬਿਆਂ ਲਈ ਮਾਰਗ ਦਰਸ਼ਕ ਸਿੱਧ ਹੋ ਰਹੀਆਂ ਹਨ ਅਤੇ ਆਮ ਲੋਕਾਂ ਨੂੰ ਇੰਨਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਸ. ਮਜੀਠੀਆ ਅੱਜ ਪਿੰਡ ਨਵਾਂ ਤਨੇਲ, ਕਲੇਰ ਬਾਲਾ ਪਾਈ, ਕਲੇਰ ਬਾਲਾ ਦੇ ਵਿਕਾਸ ਕਾਰਜਾਂ ਲਈ 95 ਲੱਖ ਰੁਪਏ ਦੀ ਗਰਾਂਟ ਦੇਣ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਆਏ ਸਨ। ਇਸੇ ਦੌਰਾਨ ਸ. ਮਜੀਠੀਆ ਨੇ ਕਈ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵੀ ਰੱਖੇ। ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਸਾਲ 2007 ਦੌਰਾਨ ਸ਼ੁਰੂ ਕੀਤੀ ਗਈ ਆਟਾ-ਦਾਲ ਸਕੀਮ ਦੀ ਸਫਲਤਾ ਅਤੇ ਅਹਿਮੀਅਤ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਇਸ ਸਕੀਮ ਨੂੰ ਖੁਰਾਕ ਸੁਰੱਖਿਆ ਐਕਟ ਦੇ ਰੂਪ ਵਿਚ ਲਾਗੂ ਕੀਤਾ ਹੈ ਅਤੇ ਹੁਣ ਕਈ ਹੋਰ ਸਕੀਮਾਂ ਦੀ ਦੂਸਰੇ ਰਾਜ ਵੱਲੋਂ ਵੀ ਸਮੀਖਿਆ ਕੀਤੀ ਜਾ ਰਹੀ ਹੈ। ਸ. ਮਜੀਠੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਦੀ ਭਲਾਈ ਲਈ ਪਹਿਲਾਂ ਤੋਂ ਚੱਲ ਰਹੀ ਦੁਰਘਟਨਾ ਬੀਮਾ ਯੋਜਨਾ ਦੇ ਨਾਲ-ਨਾਲ ਦੇਸ਼ ਵਿਚ ਪਹਿਲੀ ਵਾਰ ਪ੍ਰੈਸ ਭਾਈਚਾਰੇ ਦੇ ਮੈਂਬਰਾਂ ਲਈ ਸਰਕਾਰੀ ਕਰਮਚਾਰੀਆਂ ਦੀ ਤਰਜ਼ ‘ਤੇ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਸਲਾਨਾ ਤਿੰਨ ਲੱਖ ਰੁਪਏ ਤੱਕ ਦੇ ਇਲਾਜ ਕਰਵਾਉਣ ਦੀ ਸਹੂਲਤ ਦਿੱਤੀ ਗਈ ਹੈ।
ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ‘ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ’ ਦੇ ਸਿਧਾਂਤ ‘ਤੇ ਚੱਲਦੇ ਹੋਏ ਖਜ਼ਾਨੇ ਦਾ ਵੱਡਾ ਹਿੱਸਾ ਕਲਿਆਣਕਾਰੀ ਯੋਜਨਾ ‘ਤੇ ਖਰਚ ਕੀਤਾ ਹੈ। ਉਨਾਂ ਦੱਸਿਆ ਕਿ ਆਟਾ-ਦਾਲ ਲਈ ਹੁਣ ਤੱਕ ਕਰੀਬ 4800 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਆਉਂਦੇ ਮਾਲੀ ਸਾਲ ਲਈ 700 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਇਸੇ ਤਰਾਂ ਬੁਢਾਪਾ ਅਤੇ ਵਿਧਵਾ ਪੈਨਸ਼ਨ ਨੂੰ ਦੁੱਗਣਾ ਕਰਕੇ 500 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ, ਜਿਸ ‘ਤੇ ਸਰਕਾਰ ਵੱਲੋਂ ਹੁਣ ਤੱਕ 17.5 ਲੱਖ ਲਾਭਪਾਤਰੀਆਂ ਨੂੰ 4600 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ ਅਤੇ ਆਉਂਦੇ ਮਾਲੀ ਸਾਲ ਲਈ ਇਕ ਹਜ਼ਾਰ ਕਰੋੜ ਰੁਪਏ ਬਜਟ ਵਿਚ ਰੱਖੇ ਗਏ ਹਨ।  ਉਨਾਂ ਦੱਸਿਆ ਕਿ ਮਾਈ ਭਾਗੋ ਵਿਦਿਆ ਸਕੀਮ ਅਧੀਨ ਸਕੂਲੀ ਵਿਦਿਆਰਥੀਆਂ ਨੂੰ ਮੁਫਤ ਸਾਈਕਲ ਦੇਣ ਤੋਂ ਇਲਾਵਾ ਹੁਣ ਸਰਕਾਰੀ ਸਕੂਲਾਂ ਵਿਚ ਪੜਦੀਆਂ ਲੜਕੀਆਂ ਨੂੰ ਮੁਫਤ ਸਕੂਲ ਬੈਗ ਅਤੇ ਕਿਤਾਬਾਂ ਆਦਿ ਦੇਣ ਦੀ ਯੋਜਨਾ ਅਮਲ ਵਿਚ ਲਿਆਂਦੀ ਜਾ ਰਹੀ ਹੈ। ਸ. ਮਜੀਠੀਆ ਨੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦੇ ਕਿਹਾ ਕਿ ਨੀਲੇ ਕਾਰਡ ਧਾਰਕਾਂ ਤੋਂ ਇਲਾਵਾ ਕਿਸਾਨ ਅਤੇ ਖੇਤੀ ਮਜ਼ਦੂਰ ਪਰਿਵਾਰਾਂ ਨੂੰ ਇਸ ਸਕੀਮ ਅਧੀਨ 50 ਹਜ਼ਾਰ ਰੁਪਏ ਤੱਕ ਦੇ ਹਰ ਸਾਲ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਹਮੇਸ਼ਾਂ ਕਿਸਾਨ ਪੱਖੀ ਰਹੀ ਹੈ ਅਤੇ ਸਰਕਾਰ ਹਰ ਸਾਲ ਕਿਸਾਨਾਂ ਦੀਆਂ ਮੋਟਰਾਂ ਦੇ ਕਰੀਬ 6000 ਕਰੋੜ ਰੁਪਏ ਦੇ ਬਿਲ ਆਪ ਭਰ ਰਹੀ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਨੇ ਕਰਜ਼ਦਾਰ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਲਈ ਸਿਵਲ ਅਦਾਲਤਾਂ ਦੀ ਥਾਂ ਖੇਤੀ ਕਰਜ਼ਾ ਨਿਬੇੜਾ ਟ੍ਰਿਬਿਊਨਲ ਗਠਿਤ ਕਰਨ, ਆੜਤੀਆਂ ਦੇ ਕਰਜ਼ੇ ਦੀ ਵਿਆਜ ਦਰ ਸਰਕਾਰ ਵੱਲੋਂ ਨਿਰਧਾਰਤ ਕਰਨ ਦੇ ਅਹਿਮ ਫੈਸਲੇ ਤੋਂ ਇਲਾਵਾ ਹਰ ਫਸਲ ‘ਤੇ 50 ਹਜ਼ਾਰ ਰੁਪਏ ਬਿਨਾਂ ਵਿਆਜ ਕਰਜਾ ਦੇਣ ਦਾ ਇਤਹਾਸਕ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਢਾਈ ਲੱਖ ਟਿਊਬਵੈਲ ਕੁਨੈਕਸ਼ਨ ਦੇਣ ਦਾ ਫੈਸਲਾ ਕੀਤਾ ਹੈ, ਜਿਸ ਵਿਚ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਸਾਰੇ ਕਿਸਾਨਾਂ ਨੂੰ ਟਿਊਬਵੈਲ ਲਈ ਬਿਜਲੀ ਕੁਨੈਕਸ਼ਨ ਦੇਣਾ ਵੀ ਸ਼ਾਮਿਲ ਹੈ। ਉਨਾਂ ਦੱਸਿਆ ਕਿ ਸਰਕਾਰ ਨੇ ਪਿਛਲੇ 9 ਸਾਲਾਂ ਦੌਰਾਨ ਬੁਨਿਆਦੀ ਢਾਂਚੇ ਅਤੇ ਲੋਕ ਭਲਾਈ ਸਕੀਮਾਂ ‘ਤੇ ਇਕ ਲੱਖ 28 ਹਜ਼ਾਰ 627 ਕਰੋੜ ਰੁਪਏ ਦਾ ਖਰਚ ਕੀਤਾ ਹੈ। ਇਸ ਮੌਕੇ ਮੇਜਰ ਸ਼ਿਵਚਰਨ ਸਿੰਘ, ਤਲਬੀਰ ਸਿੰਘ ਗਿੱਲ, ਸੁਖਵਿੰਦਰ ਸਿੰਘ ਗੋਲਡੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਪ੍ਰੋ. ਸਰਚਾਂਦ ਸਿੰਘ, ਗੁਰਜਿੰਦਰ ਸਿੰਘ ਢਪਈਆਂ, ਨਵਜੀਤ ਸਿੰਘ ਤਨੇਲ, ਬਲਵਿੰਦਰ ਸਿੰਘ ਬੱਲੋਵਾਲੀ, ਮੇਜਰ ਸਿੰਘ ਕਲੇਰ, ਸਰਵਣ ਸਿੰਘ ਰਾਮਦਿਵਾਲੀ, ਸਰਪੰਚ ਬਲਜੀਤ ਕੌਰ ਤਨੇਲ ਨਵਾਂ, ਬੀਬੀ ਰਣਜੀਤ ਕੌਰ ਕਲੇਰ ਬਾਲਾ, ਹੰਸਰਾਜ ਸਰਪੰੰਚ ਕਲੇਰ ਬਾਲਾ ਪਾਈ, ਦਿਲਬਾਗ ਸਿੰਘ ਕਲੇਰ, ਗੁਰਪਾਲ ਸਿੰਘ, ਕਿਰਪਾਲ ਸਿੰਘ ਰਾਮਦਿਵਾਲੀ, ਸਰਬਜੀਤ ਸਿੰਘ ਤਾਹਰਪੁਰ, ਦਰਸ਼ਨ ਸਿੰਘ, ਡਾ. ਭੁਪਿੰਦਰ ਸਿੰਘ, ਦਲਬੀਰ ਸਿੰਘ, ਤਰਸੇਮ ਸਿੰਘ ਆਦਿ ਆਗੂ ਮੌਜੂਦ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply