Tuesday, April 21, 2026

ਪੰਚਾਇਤਾਂ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਨੂੰ ਲਾਗੂ ਕਰਵਾਉਣ ਵਿੱਚ ਮਦਦ ਕਰਨ – ਮਜੀਠੀਆ

PPN2903201627

ਮਜੀਠਾ, 29 ਮਾਰਚ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਲਈ ਚਲਾਈਆਂ ਜਾ ਰਹੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਉਣ ਅਤੇ ਇਸ ਲਈ ਉਨ੍ਹਾਂ ਲੋੜਵੰਦ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸਹਾਇਤਾ ਕਰਨ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਹੈ।
ਸ; ਮਜੀਠੀਆ ਅੱਜ ਆਪਣੇ ਹਲਕੇ ਦੇ ਪਿੰਡ ਸਪਾਰੀਵਿੰਡ, ਕਿਲਾ, ਭੈਣੀ ਲਿੱਦੜ ਅਤੇ ਗੋਸਲ ਜ਼ਿਮੀਂਦਾਰਾਂ ਵਿਖੇ ਪਿੰਡਾਂ ਦੇ ਵਿਕਾਸ ਲਈ 1ਕਰੋੜ 12 ਲੱਖ ਦੀ ਗਰਾਂਟਾਂ ਦੇਣ ਅਤੇ ਚੱਲ ਰਹੇ ਵਿਕਾਸ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਪੁੱਜੇ ਸਨ। ਸ. ਮਜੀਠੀਆ ਨੇ ਕਿਹਾ ਕਿ ਪੰਚਾਇਤਾਂ ਆਪਣਾ ਫਰਜ਼ ਨੇਕ ਨੀਅਤ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪਿੰਡਾਂ ਦਾ ਵਿਕਾਸ ਵਿੱਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਪਿੰਡ ਦੇ ਲੋਕਾਂ ਵਿੱਚ ਭਾਈਚਾਰਕ ਸਾਂਝ, ਆਪਸੀ ਪਿਆਰ ਤੇ ਇਤਫ਼ਾਕ ਬਣਿਆ ਰਹੇ।
ਪੰਚਾਇਤਾਂ ਦੀ ਅਹਿਮੀਅਤ ‘ਤੇ ਚਾਨਣਾ ਪਾਉਂਦੇ ਉਨ੍ਹਾਂ ਕਿਹਾ ਕਿ ਭਾਰਤ ਦਾ ਲੋਕਤੰਤਰ ਤਿੰਨ ਪੜਾਅ ਵਿੱਚ ਵੰਡਿਆ ਹੋਇਆ ਹੈ, ਜਿਸ ਵਿੱਚ ਸਥਾਨਿਕ ਸਰਕਾਰਾਂ, ਵਿਧਾਨ ਸਭਾ ਅਤੇ ਲੋਕ ਸਭਾ ਸ਼ਾਮਿਲ ਹਨ। ਜੇਕਰ ਇਹ ਤਿੰਨਾਂ ਪੜਾਵਾਂ ਦੇ ਚੁਣੇ ਹੋਏ ਪੰਚ-ਸਰਪੰਚ ਤੇ ਕੌਂਸਲਰ, ਵਿਧਾਇਕ ਅਤੇ ਲੋਕ ਸਭਾ ਮੈਂਬਰ ਆਪਣੀ-ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾਉਂਦੇ ਰਹਿਣ, ਤਾਂ ਹੀ ਦੇਸ਼ ਦਾ ਸਹੀ ਵਿਕਾਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਕੋਈ ਸ਼ਾਹੀ ਠਾਠ-ਬਾਠ ਭੋਗਣ ਲਈ ਨਹੀਂ ਕੀਤੀ ਜਾਣੀ ਚਾਹੀਦੀ, ਬਲਕਿ ਇਹ ਤਾਂ ਰਾਤ-ਦਿਨ ਦੀ ਚੌਕੀਦਾਰੀ ਹੈ ਅਤੇ ਲੋਕਾਂ ਦੇ ਚੁਣੇ ਹੋਏ ਨੁੰਮਾਇਦੇ ਨੂੰ ਆਪਣੇ ਹਲਕੇ ਲਈ ਸਦਾ ਜਾਗਦੇ ਰਹਿਣਾ ਚਾਹੀਦਾ ਹੈ।
ਸ. ਮਜੀਠੀਆ ਨੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੀ ਸੰਸਦੀ ਹਲਕੇ ਅਤੇ ਲੋਕ ਸਭਾ ਵਿੱਚੋਂ ਗੈਰ ਹਾਜ਼ਰੀ ਬਾਰੇ ਬੋਲਦੇ ਕਿਹਾ ਕਿ ਉਨ੍ਹਾਂ ਨੇ ਲਗਾਤਾਰ ਸੰਸਦ ਵਿੱਚੋਂ ਗੈਰ ਹਾਜ਼ਰ ਰਹਿ ਕੇ ਉਨ੍ਹਾਂ ਲੱਖਾਂ ਲੋਕਾਂ ਨਾਲ ਧੋਖਾ ਕੀਤਾ ਹੈ, ਜਿੰਨਾ ਨੇ ਉਨ੍ਹਾਂ ਨੂੰ ਵੋਟ ਪਾ ਕੇ ਸੰਸਦ ਵਿੱਚ ਪੁੱਜਣ ਦਾ ਮੌਕਾ ਦਿੱਤਾ ਸੀ। ਪ੍ਰੈੱਸ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਕਈ ਵੱਡੇ ਮੁੱਦੇ ਜਿਸ ਵਿੱਚ ਸਰਹੱਦੀ ਲੋਕਾਂ ਦੇ ਮਸਲੇ, ਕੰਡਿਆਲੀ ਤਾਰੋਂ ਪਾਰ ਜ਼ਮੀਨਾਂ ਦੇ ਮਸਲੇ ਅਤੇ ਅੰਮ੍ਰਿਤਸਰ ਦੀ ਸਨਅਤ ਨਾਲ ਜੁੜੇ ਅਜਿਹੇ ਮਾਮਲੇ ਸ਼ਾਮਿਲ ਹਨ, ਜੋ ਕੇਂਦਰ ਸਰਕਾਰ ਦੇ ਧਿਆਨ ਦੀ ਮੰਗ ਕਰਦੇ ਹਨ, ਪਰ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਮੁੱਦਿਆਂ ਨੂੰ ਸੰਸਦ ਵਿੱਚ ਜਾ ਕੇ ਉਠਾਉਣਾ ਤਾਂ ਕੀ ਸੰਸਦ ਵਿੱਚ ਜਾਣਾ ਵੀ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਨਵੀਂ ਸੰਸਦ ਚੁਣਨ ਦੇ ਦੋ ਸਾਲ ਦੇ ਕਾਰਜਕਾਲ ਦੌਰਾਨ ਕੈਪਟਨ ਦੀ ਹਾਜ਼ਰੀ ਨਾਂਹ ਦੇ ਬਰਾਬਰ ਰਹੀ ਹੈ। ਸ. ਮਜੀਠੀਆ ਨੇ ਕਿਹਾ ਕਿ ਹੱਦ ਤਾਂ ਇਸ ਗੱਲ ਦੀ ਹੈ ਕਿ ਕੈਪਟਨ ਉਕਤ ਗੈਰਹਾਜ਼ਰੀ ਲਈ ਆਪਣੀ ਜ਼ਿੰਮੇਵਾਰੀ ਵੀ ਨਹੀਂ ਕਬੂਲਦੇ ਅਤੇ ਇਹ ਬਿਆਨ ਦਿੰਦੇ ਹਨ ਕਿ ਉਨ੍ਹਾਂ ਦਾ ਤਾਂ ਲੋਕ ਸਭਾ ਮੈਂਬਰ ਬਣਨ ਦਾ ਹੀ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰੀਆਂ ਨਾਲ ਵੱਡਾ ਧੋਖਾ ਕੀਤਾ ਹੈ, ਜਿਸ ਲਈ ਮਾਝੇ ਦੇ ਜੁਝਾਰੂ ਲੋਕ ਉਸ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।ਅੱਜ ਇਸ ਮੌਕੇ ਮੇਜਰ ਸ਼ਿਵੀ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ,ਸਰਪੰਚ ਸਰਬਜੀਤ ਸਿੰਘ ਸਪਾਰੀਵਿੰਡ, ਹਰਵਿੰਦਰ ਸਿੰਘ ਭੁੱਲਰ, ਪ੍ਰੋ: ਸਰਚਾਂਦ ਸਿੰਘ, ਸਰਪੰਚ ਸੁਰਜੀਤ ਸਿੰਘ, ਐਕਸੀਅਨ ਮਨਿੰਦਰਪਾਲ ਸਿੰਘ, ਬੀਡੀਓ ਜ਼ੀਨਤ ਖਹਿਰਾ, ਸਰਪੰਚ ਅਮਰੀਕ ਸਿੰਘ ਸਪਾਰੀਵਿੰਡ, ਸਰਪੰਚ ਮਲਕੀਅਤ ਸਿੰਘ ਸ਼ਾਮਨਗਰ, ਸਰਪੰਚ ਕਿਰਪਾਲ ਸਿੰਘ ਗੋਸਲ ਜ਼ਿਮੀਂਦਾਰਾ, ਮਾਸਟਰ ਚਰਨ ਸਿੰਘ, ਅਮਨਦੀਪ ਸਿੰਘ ਸਪਾਰੀਵਿੰਡ, ਸੈਮੂਅਲ ਮਸੀਹ, ਸਰਪੰਚ ਬੂਟਾ ਸਿੰਘ ਝੰਡੇ, ਸੰਮਤੀ ਮੈਂਬਰ ਪ੍ਰਕਾਸ਼ ਸਿੰਘ, ਭਗਵਾਨ ਸਿੰਘ, ਸੁਖਵੰਤ ਸਿੰਘ,ਮੇਜਰ ਸਿੰਘ, ਮਨਜਿੰਦਰ ਸਿੰਘ ਅਤੇ ਹੋਰ ਮੁਹਤਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply