ਅੰਮ੍ਰਿਤਸਰ, 31 ਮਾਰਚ (ਜਗਦੀਪ ਸਿੰਘ ਸੱਗੂ) – ਸਕੂਲ ਵਾਹਨਾਂ ਸੰਬਧੀ ਮਾਣਯੋਗ ਹਾਈਕੋਰਟ ਵੱਲੋਂ ਆਈਆਂ ਹਦਾਇਤਾਂ ਨੂੰ ਲਾਗੂ ਕਰਵਾਉਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਜ਼ਿਲ੍ਹੇ ਦੇ ਸਾਰੇ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ ਅਤੇ ਉਨਾਂ ਨੂੰ ਹਾਈਕੋਰਟ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾਉਂਦੇ ਹੋਏ ਇੰਨਾਂ ਨੂੰ ਇੰਨ-ਬਿੰਨ ਲਾਗੂ ਕਰਨ ਦੀ ਹਦਾਇਤ ਕੀਤੀ। ਸ੍ਰੀ ਰੂਜ਼ਮ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਹਾਈਕੋਰਟ ਵੱਲੋਂ ਜੋ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ, ਉਨਾਂ ਨੂੰ ਲਾਗੂ ਕਰਵਾਉਣਾ ਸਕੂਲ ਮੁਖੀਆਂ ਦੀ ਜ਼ਿੰਮੇਵਾਰੀ ਹੈ, ਇਸ ਲਈ ਜ਼ਰੂਰੀ ਹੈ ਕਿ ਸਾਰੇ ਸਕੂਲ ਮੁਖੀ ਇਸ ਕੰਮ ਵਿਚ ਪ੍ਰਸ਼ਾਸਨ ਦੀ ਮਦਦ ਕਰਨ। ਉਨਾਂ ਕਿਹਾ ਕਿ ਇੰਨਾਂ ਫੈਸਲਿਆਂ ਵਿਚ ਪ੍ਰਸ਼ਾਸਨ ਦੀ ਭੂਮਿਕਾ ਕੇਵਲ ਤੇ ਕੇਵਲ ਲਾਗੂ ਕਰਵਾਉਣ ਤੱਕ ਹੈ, ਕੋਈ ਬਦਲਾਅ ਦੀ ਆਸ ਸਕੂਲ ਮੁਖੀ ਪ੍ਰਸ਼ਾਸਨ ਤੋਂ ਨਾ ਕਰਨ। ਉਨਾਂ ਸਾਰੇ ਸਕੂਲਾਂ ਕੋਲੋਂ ਉਨਾਂ ਦੀਆਂ ਸਕੂਲ ਗੱਡੀਆਂ ਬਾਬਤ ਜਾਣਕਾਰੀ ਲਈ ਅਤੇ ਉਨਾਂ ਦੀਆਂ ਇਸ ਬਾਬਤ ਮੁਸ਼ਿਕਲਾਂ ਵੀ ਸੁਣੀਆਂ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਉਹ ਸਕੂਲ ਮੁਖੀਆਂ ਦੀਆਂ ਮੁਸ਼ਿਕਲਾਂ ਬਾਬਤ ਸਰਕਾਰ ਨੂੰ ਜਾਣੂੰ ਕਰਵਾਉਣਗੇ। ਇਸ ਮੌਕੇ ਹਾਜ਼ਰ ਡੀ ਟੀ ਓ ਮੈਡਮ ਲਵਜੀਤ ਕਲਸੀ ਨੇ ਦੱਸਿਆ ਕਿ ਬਹੁਤੇ ਸਕੂਲ ਇੰਨਾਂ ਹਦਾਇਤਾਂ ਨੂੰ ਲਾਗੂ ਕਰ ਚੁੱਕੇ ਹਨ ਅਤੇ ਕੁੱਝ ਇਕ ਇੰਨਾਂ ਹਦਾਇਤਾਂ ਮੁਤਾਬਿਕ ਆਪਣੇ ਸਕੂਲ ਵਾਹਨਾਂ ਨੂੰ ਢਾਲ ਰਹੇ ਹਨ। ਉਨਾਂ ਦੱਸਿਆ ਕਿ ਬੱਸਾਂ ਦਾ ਰੰਗ ਪੀਲਾ ਹੋਵੇ, ਬਸ ਨੂੰ ਹਾਈਡਰੋਲਿਕ ਦਰਵਾਜੇ ਹੋਣ, ਹਰ ਬੱਸ ਵਿਚ ਦੋ ਸੀ ਸੀ ਟੀ ਵੀ ਕੈਮਰੇ, ਜਿੰਨਾਂ ਦੀ ਰਿਕਾਰਡਿੰਗ ਇਕ ਮਹੀਨੇ ਤੱਕ ਹੋਣ ਦੀ ਸਹੂਲਤ ਹੋਵੇ ਲੱਗੇ ਹੋਣ, ਹਰ ਵਾਹਨ ਵਿਚ ਐਮਰਜੈਂਸੀ ਦਰਵਾਜਾ ਹੋਵੇ ਅਤੇ ਇਸ ਬਾਬਤ ਬੱਚਿਆਂ ਨੂੰ ਜਾਣਕਾਰੀ ਦਿੱਤੀ ਹੋਵੇ, ਸਪੀਡ ਗਵਰਨਰ ਲੱਗਾ ਹੋਵੇ, ਡਰਾਈਵਰ ਤੇ ਕਡੰਕਟਰ ਦੋਵਾਂ ਕੋਲ ਲਾਇਸੰਸ ਹੋਣ, ਹਰ ਬੱਸ ਜਿਸ ਵਿਚ ਲੜਕੀਆਂ ਆ-ਜਾ ਰਹੀਆਂ ਹੋਣ ਉਸ ਵਿਚ ਔਰਤ ਸਹਾਇਕ ਵੀ ਹੋਵੇ। ਉਨਾਂ ਦੱਸਿਆ ਕਿ ਇਸ ਸਬੰਧੀ ਸਾਰਾ ਵਿਸਥਾਰ ਟਰਾਂਸਪੋਰਟ ਵਿਭਾਗ ਦੀ ਵੈਬਸਾਈਟ ‘ਤੇ ਵੀ ਮੌਜੂਦ ਹੈ। ਉਨਾਂ ਦੱਸਿਆ ਕਿ ਇਸ ਬਾਬਤ ਜ਼ਿਲ੍ਹਾ ਪੱਧਰੀ ਕਮੇਟੀ ਬਣਾ ਦਿੱਤੀ ਗਈ ਹੈ, ਜੋ ਕਿ ਹਰ ਸਕੂਲ ਬੱਸ ਨੂੰ ਇਕ ਸਾਲ ਵਿਚ ਨਿਰੀਖਣ ਕਰੇਗੀ। ਇਸ ਮੌਕੇ ਐਸ ਡੀ ਐਮ ਰੋਹਿਤ ਗੁਪਤਾ ਨੇ ਦੱਸਿਆ ਕਿ ਇਸ ਸਾਰੇ ਕਾਰਜ ਨੂੰ ਨੇਪਰੇ ਚਾੜਨ ਲਈ ਸਕੂਲ ਮੁਖੀ ਜ਼ਿੰਮੇਵਾਰ ਹਨ ਅਤੇ ਉਹ ਇੰਨਾਂ ਹਦਾਇਤਾਂ ਨੂੰ ਪੜਨ ਅਤੇ ਇਨਾਂ ਨੂੰ ਲਾਗੂ ਕਰਵਾਉਣ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media